ਅਰਜੁਨ ਤੇਂਦੁਲਕਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਤੋਂ ਸਿੱਖ ਰਹੇ ਕ੍ਰਿਕਟ ਦੇ ਗੁਰ
ਨਵੀਂ ਦਿੱਲੀ, 24 ਸਤੰਬਰ : ਅਰਜੁਨ ਤੇਂਦੁਲਕਰ ਨੇ 2022/23 ਦੇ ਘਰੇਲੂ ਸੀਜਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਯੋਗਰਾਜ ਸਿੰਘ ਦੀ ਨਿਗਰਾਨੀ ਹੇਠ ਸਿਖਲਾਈ ਲੈ ਰਹੇ ਹਨ।
ਸੋਸਲ ਮੀਡੀਆ ’ਤੇ ਯੋਗਰਾਜ ਸਿੰਘ ਦੀਆਂ ਅਰਜੁਨ ਤੇਂਦੁਲਕਰ ਨੂੰ ਕ੍ਰਿਕਟ ਦੇ ਗੁਰ ਸਿਖਾਉਂਦੇ ਹੋਏ ਤਸਵੀਰਾਂ ਸਾਹਮਣੇ ਆਈਆਂ ਹਨ। ਵਾਇਰਲ ਹੋਈਆਂ ਤਸਵੀਰਾਂ ’ਚੋਂ ਇਕ ’ਚ ਅਰਜੁਨ ਨੈਟ ਸੈਸਨ ਦੌਰਾਨ ਭਾਰਤ ਦੇ ਸਾਬਕਾ ਤੇਜ ਗੇਂਦਬਾਜ ਯੋਗਰਾਜ ਸਿੰਘ ਤੋਂ ਟਿਪਸ ਲੈ ਰਹੇ ਹਨ, ਜਦਕਿ ਦੂਜੀ ਤਸਵੀਰ ’ਚ ਉਹ ਯੋਗਾ ਕਰਦੇ ਨਜਰ ਆ ਰਹੇ ਹਨ।
ਯੋਗਰਾਜ ਸਿੰਘ ਭਾਰਤ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਦੇ ਪਿਤਾ ਹਨ। ਯੋਗਰਾਜ 1980 ’ਚ ਟੀਮ ਇੰਡੀਆ ਲਈ ਖੇਡੇ ਸਨ। ਉਨ੍ਹਾਂ ਨੇ ਵੈਲਿੰਗਟਨ ’ਚ ਨਿਊਜੀਲੈਂਡ ਦੇ ਖਿਲਾਫ ਆਪਣਾ ਟੈਸਟ ਡੈਬਿਊ ਕੀਤਾ ਸੀ, ਜਦਕਿ ਉਨ੍ਹਾਂ ਦਾ ਵਨਡੇ ਡੈਬਿਊ ਵੀ ਬਿ੍ਰਸਬੇਨ ’ਚ ਬਲੈਕ ਕੈਪਸ ਦੇ ਖਿਲਾਫ਼ ਹੋਇਆ ਸੀ।
ਅਰਜੁਨ ਤੇਂਦੁਲਕਰ ਅਗਲੇ ਸੀਜਨ ਦੀ ਤਿਆਰੀ ਕਰ ਰਹੇ ਹਨ ਅਤੇ ਇਸ ਵਾਰ ਉਹ ਗੋਆ ਦੀ ਨੁਮਾਇੰਦਗੀ ਕਰਨਗੇ। ਅਰਜੁਨ ਤੇਂਦੁਲਕਰ ਨੇ ਸੀਨੀਅਰ ਡੈਬਿਊ ਕਰਨ ਦੇ ਇਕ ਸਾਲ ਬਾਅਦ ਮੁੰਬਈ ਟੀਮ ਛੱਡ ਦਿੱਤੀ। ਇਸ ਦੇ ਨਾਲ ਹੀ ਅਰਜੁਨ ਨੇ ਸਾਲ 2021-22 ’ਚ ਮੁੰਬਈ ਲਈ ਦੋ ਟੀ-20 ਮੈਚ ਵੀ ਖੇਡੇ। ਅਰਜੁਨ ਇਸ ਸਾਲ ਮੁੰਬਈ ਰਣਜੀ ਟੀਮ ਦਾ ਹਿੱਸਾ ਸਨ, ਪਰ ਉਨ੍ਹਾਂ ਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ। ਇਸ ਤੋਂ ਬਾਅਦ ਅਰਜੁਨ ਨੇ ਗੋਆ ਲਈ ਖੇਡਣ ਦਾ ਫੈਸਲਾ ਕੀਤਾ।
ਅਰਜੁਨ ਦੇ ਮੁੰਬਈ ਛੱਡਣ ਸਬੰਧੀ ਸਚਿਨ ਤੇਂਦੁਲਕਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਆਪਣੇ ਕਰੀਅਰ ਦੇ ਇਸ ਮੋੜ ’ਤੇ ਵੱਧ ਤੋਂ ਵੱਧ ਮੈਚ ਖੇਡਣ ਦੀ ਲੋੜ ਹੈ। ਸਾਡਾ ਮੰਨਣਾ ਹੈ ਕਿ ਇਹ ਬਦਲਾਅ ਅਰਜੁਨ ਦੇ ਹੋਰ ਮੁਕਾਬਲੇ ਵਾਲੇ ਮੈਚਾਂ ਵਿੱਚ ਖੇਡਣ ਦੀਆਂ ਸੰਭਾਵਨਾਵਾਂ ’ਚ ਸੁਧਾਰ ਕਰੇਗਾ। ਉਹ ਆਪਣੇ ਕਿ੍ਰਕਟ ਕਰੀਅਰ ਦਾ ਨਵਾਂ ਦੌਰ ਸੁਰੂ ਕਰ ਰਿਹਾ ਹੈ। ਜੇਕਰ ਅਰਜੁਨ ਨੂੰ ਗੋਆ ਦੀ ਟੀਮ ’ਚ ਜਗ੍ਹਾ ਮਿਲਦੀ ਹੈ ਤਾਂ ਉਹ ਅਗਲੇ ਮਹੀਨੇ ਸ਼ੁਰੂ ਹੋਣ ਵਾਲੀ ਸਈਅਦ ਮੁਸਤਾਕ ਅਲੀ ਟਰਾਫੀ ’ਚ ਉਨ੍ਹਾਂ ਲਈ ਡੈਬਿਊ ਕਰੇਗਾ।