ਚੰਡੀਗੜ੍ਹ, 31 ਮਾਰਚ, (ਯੂ.ਐਨ.ਆਈ.)- ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ਵਿੱਚੋਂ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਏ ਹਨ, ਜਿਥੇ ਗੁਰਦੁਆਰਾ ਸ੍ਰੀ ਅਜੀਤਸਰ ਸਾਹਿਬ ਵਿਖੇ ਸ਼ਾਰਟ ਸਰਕਟ ਹੋਣ ਕਾਰਨ 5 ਸਰੂਪ ਅਗਨ ਭੇਂਟ ਹੋ ਗਏ। ਘਟਨਾ ਦੇਰ ਰਾਤ 12 ਵਜੇ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਸੱਚਖੰਡ ਸਾਹਿਬ ‘ਚ ਲੱਗੇ ਪੱਖੇ ‘ਚੋਂ ਸ਼ਾਰਟ ਸਰਕਟ ਹੋਣ ਕਾਰਨ ਭਿਆਨਕ ਅੱਗ ਲੱਗ ਗਈ, ਜਿਸ ਨਾਲ ਸੱਚਖੰਡ ਸਾਹਿਬ ਚ ਬਿਰਾਜਮਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਅਗਨੀ ਭੇਂਟ ਹੋ ਗਏ। ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਰਾਤ ਕਰੀਬ 12 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਉੱਠ ਕੇ ਦੇਖਿਆ ਕਿ ਸ੍ਰੀ ਦਰਬਾਰ ਸਾਹਿਬ ਵਿਚੋਂ ਧੂੰਆਂ ਨਿਕਲ ਰਿਹਾ ਸੀ, ਜਿਸ ਦੀ ਜਾਣਕਾਰੀ ਉਨ੍ਹਾਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਡਾ: ਅਮਰੀਕ ਸਿੰਘ ਗਿੱਲ ਨੂੰ ਫ਼ੋਨ ‘ਤੇ ਦਿੱਤੀ ਪ੍ਰਧਾਨ ਅਮਰੀਕ ਸਿੰਘ ਗਿੱਲ ਅਤੇ ਇਲਾਕੇ ਦੀ ਸੰਗਤ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਸੱਚਖੰਡ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਸਮੇਤ ਪੱਖਾ, ਏ.ਸੀ ਅਤੇ ਹੋਰ ਸਾਮਾਨ ਬੁਰੀ ਅਗਨੀ ਭੇਂਟ ਹੋ ਚੁੱਕਾ ਸੀ। ਐਸ. ਐਚ. ਓ ਹੀਰਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈਕ ਕੀਤੀ ਗਈ। ਜਿਸ ‘ਚ ਅੱਗ ਲੱਗਣ ਦੀ ਘਟਨਾ ਸਾਫ ਦਿਖਾਈ ਦੇ ਰਹੀ ਸੀ, 10 ਮਿੰਟ ਦੀ ਵੀਡੀਓ ‘ਚ ਪੱਖੇ ਤੋਂ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗਣ ਦੀ ਪੂਰੀ ਘਟਨਾ ਸਾਹਮਣੇ ਆ ਰਹੀ ਸੀ।ਜਿਸ ਲਈ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ। ਇਸ ਮੌਕੇ ਪਛਚਾਤਾਪ ਦੀ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਗੁਰੂ ਮਰਿਯਾਦਾ ਅਨੁਸਾਰ ਗੋਇੰਦਵਾਲ ਸਾਹਿਬ ਵਿਖੇ ਪਹੁੰਚਾਏ।