ਚੰਡੀਗੜ੍ਹ, 29 ਮਾਰਚ
ਕਾਂਗਰਸ ਦੀ ਪੰਜਾਬ ਇਕਾਈ ਦੇ ਲਗਪਗ 20 ਆਗੂਆਂ ਨੇ ਮੰਗਲਵਾਰ ਨੂੰ ਲੁਧਿਆਣਾ ਵਿੱਚ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਨਵਜੋਤ ਸਿੰਘ ਸਿੱਧੂ ਸਣੇ ਭੁੱਲਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ, ਅਸ਼ਵਨੀ ਸੇਖਰੀ ਤੇ ਸਾਬਕਾ ਵਿਧਾਇਕ ਸੁਰਿੰਦਰ ਡਾਵਰ ਤੇ ਹੋਰ ਆਗੂ ਸ਼ਾਮਲ ਸਨ। ਪਾਰਟੀ ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਹਾਰ ਮਗਰੋਂ ਸੂਬੇ ਵਿੱਚ ਕਾਂਗਰਸ ਦੀ ਸਥਿਤੀ ਨੂੰ ਮਜਬੂਤ ਕਰਨ ਅਤੇ ਚੰਡੀਗੜ੍ਹ ਦੇ ਮੁਲਾਜ਼ਮਾਂ ’ਤੇ ਕੇਂਦਰ ਸਰਕਾਰ ਦੇ ਨਿਯਮ ਲਾਗੂ ਹੋਣ ਬਾਰੇ ਚਰਚਾ ਕਰਨ ਲਈ ਇਹ ਮੀਟਿੰਗ ਸੱਦੀ ਗਈ। ਸ੍ਰੀ ਖਹਿਰਾ ਨੇ ਕਿਹਾ ਕਿ ਚੰਡੀਗੜ੍ਹ ਦੇ ਮੁਲਾਜ਼ਮਾਂ ’ਤੇ ਕੇਂਦਰ ਸਰਕਾਰ ਦੇ ਨਿਯਮ ਲਾਗੂ ਹੋਣ ਬਾਰੇ ਪਾਰਟੀ ਆਗੂਆਂ ਨੇ ਸਖ਼ਤ ਰੁੱਖ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਅਜਿਹਾ ਕਰ ਕੇ ਦੇਸ਼ ਦੇ ਸੰਘੀ ਢਾਂਚੇ ਨੂੰ ਢਾਹ ਲਗਾਈ ਹੈ। ਇਹ ਪੁੱਛੇ ਜਾਣ ’ਤੇ ਕਿ ਸੂਬੇ ਵਿੱਚ ਪਾਰਟੀ ਮੁਖੀ ਦੇ ਅਹੁਦੇ ਲਈ ਉਹ ਸ੍ਰੀ ਸਿੱਧੂ ਦਾ ਸਮਰਥਨ ਕਰਨਗੇ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਜੋ ਵੀ ਫੈਸਲਾ ਲਏਗੀ ਉਹ ਸਭ ਨੂੰ ਸਵੀਕਾਰ ਹੋਵੇਗਾ। ਇਸੇ ਦੌਰਾਨ ਉਨ੍ਹਾਂ ਨੇ ਪਾਰਟੀ ਵਿੱਚ ਗੁੱਟਬਾਜ਼ੀ ਤੋਂ ਇਨਕਾਰ ਦਿੱਤਾ। ਇਸੇ ਦੌਰਾਨ ਅਸ਼ਵਨੀ ਸੇਖਰੀ ਨੇ ਕਿਹਾ ਕਿ ਮੰਗਲਵਾਰ ਦੀ ਮੀਟਿੰਗ ਦਾ ਮੰਤਵ ਪੰਜਾਬ ਦੇ ਮੁੱਦਿਆਂ ’ਤੇ ਚਰਚਾ ਕਰਨਾ ਸੀ।