ਫਗਵਾੜਾ 8 ਅਗਸਤ (ਸ਼ਿਵ ਕੋੜਾ)
ਸੀਨੀਅਰ ਕਾਂਗਰਸੀ ਆਗੂ ਅਤੇ ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ ਵਲੋਂ ਬਲਾਕ ਫਗਵਾੜਾ ਦੇ ਪਿੰਡਾਂ ਨੂੰ ਬਲਾਕ ਸੰਮਤੀ ਮੈਂਬਰਾਂ ਦੀ ਸਹਿਮਤੀ ਨਾਲ 15ਵੇਂ ਵਿੱਤ ਕਮਿਸ਼ਨ ਅਧੀਨ ਮਤਾ ਪਾ ਕੇ ਜਾਰੀ ਕੀਤੀ ਜਾ ਰਹੀ 1 ਕਰੋੜ 27 ਲੱਖ ਰੁਪਏ ਦੀ ਗਰਾਂਟ ਸਬੰਧੀ ਬਿਆਨ ਬਾਰੇ ਟਿੱਪਣੀ ਕਰਦਿਆਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਰੁਣ ਬੰਗੜ ਚੱਕ ਹਕੀਮ ਨੇ ਕਿਹਾ ਕਿ ਅਜਿਹੇ ਬਿਆਨ ਫੋਕੀ ਸ਼ੋਹਰਤ ਹਾਸਲ ਕਰਨ ਦੀ ਬੇਤੁਕੀ ਕੋਸ਼ਿਸ਼ ਤੋਂ ਜਿਆਦਾ ਨਹੀਂ ਹਨ। ਉਹਨਾਂ ਕਿਹਾ ਕਿ ਫਗਵਾੜਾ ਵਿਧਾਨਸਭਾ ਹਲਕੇ ਦੇ ਪਿੰਡਾਂ ਨੂੰ 15ਵੇਂ ਵਿੱਤ ਕਮਿਸ਼ਨ 1.27 ਕਰੋੜ ਰੁਪਏ ਪੰਜਾਬ ਦੀ ਹਰਮਨ ਪਿਆਰੀ ਭਗਵੰਤ ਮਾਨ ਸਰਕਾਰ ਵਲੋਂ ਵਿਕਾਸ ਅਧੂਰੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਜਾਰੀ ਕੀਤੇ ਗਏ ਹਨ। ਇਸ ਰਕਮ ਨੂੰ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਦੀ ਨਿਗਰਾਨੀ ਅਤੇ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਹਦਾਇਤ ਅਨੁਸਾਰ ਪੂਰੀ ਪਾਰਦਰਸ਼ਿਤਾ ਨਾਲ ਖਰਚ ਕੀਤਾ ਜਾਵੇਗਾ। ਉਹਨਾਂ ਬਲਾਕ ਸੰਮਤੀ ਚੇਅਰਮੈਨ ਵਲੋਂ ਸਰਪੰਚਾਂ ਨੂੰ ਗਰਾਂਟ ਖਰਚ ਕਰਨ ਦੀ ਅਪੀਲ ਬਾਰੇ ਕਿਹਾ ਕਿ ਪੰਚਾਇਤਾਂ ਤਾਂ ਪਹਿਲਾਂ ਹੀ ਭੰਗ ਹੋ ਚੁੱਕੀਆਂ ਹਨ ਅਤੇ ਸਾਰੇ ਸਰਪੰਚ ਸਾਬਕਾ ਹੋ ਚੁੱਕੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਿਛਲੇ ਦਿਨੀਂ ਹੀ ਸਤੰਬਰ ਮਹੀਨੇ ਵਿਚ ਪੰਚਾਇਤੀ ਚੋਣਾਂ ਕਰਵਾਉਣ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਇਸ ਲਈ ਬਲਾਕ ਸੰਮਤੀ ਚੇਅਰਮੈਨ ਦਾ ਬਿਆਨ ਆਉਂਦੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਸੁਰਖੀਆਂ ਵਿਚ ਆਉਣ ਦਾ ਉਪਰਾਲਾ ਹੈ। ਪਰ ਸਿਰਫ ਸੁਰਖੀਆਂ ਵਿਚ ਬਣੇ ਰਹਿਣ ਲਈ ਪੰਜਾਬ ਸਰਕਾਰ ਦਾ ਸਿਹਰਾ ਆਪਣੇ ਸਿਰ ਸਜਾਉਣਾ ਚੰਗੀ ਗੱਲ ਨਹੀਂ ਹੈ। ਇਸ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਬੇਸ਼ਕ ਵਿੱਤ ਕਮਿਸ਼ਨ ਦੀ ਗਰਾਂਟ ਕੇਂਦਰ ਵਲੋਂ ਸਟੇਟ ਨੂੰ ਮਿਲਦੀ ਹੈ ਪਰ ਇਹ ਪੈਸਾ ਪੰਜਾਬ ਦੇ ਲੋਕਾਂ ਵਲੋਂ ਹੀ ਕੇਂਦਰ ਨੂੰ ਟੈਕਸ ਦੇ ਰੂਪ ਵਿਚ ਅਦਾ ਕੀਤਾ ਜਾਂਦਾ ਹੈ। ਜਿਸ ਨੂੰ ਸਟੇਟ ਵਲੋਂ ਕੇਂਦਰ ਤੋਂ ਵਸੂਲ ਕੇ ਲੋਕ ਭਲਾਈ ਅਤੇ ਵਿਕਾਸ ਕਾਰਜਾਂ ਤੇ ਖਰਚ ਕੀਤਾ ਜਾਂਦਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਸਰਕਾਰ ਇਸ ਡਿਊਟੀ ਨੂੰ ਬਖੂਬੀ ਨਿਭਾ ਰਹੀ ਹੈ।