Home » ਭਾਜਪਾ ਉਮੀਦਵਾਰ ਰਿੰਕੂ ਵੱਲੋਂ ਕਿਸਾਨਾਂ ਨੂੰ ਗੁੰਡੇ, ਦਲਿਤ ਵਿਰੋਧੀ ਕਹਿਣ ਖਿਲਾਫ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਵਿਰੋਧ ਪ੍ਰਦਰਸ਼ਨ 

ਭਾਜਪਾ ਉਮੀਦਵਾਰ ਰਿੰਕੂ ਵੱਲੋਂ ਕਿਸਾਨਾਂ ਨੂੰ ਗੁੰਡੇ, ਦਲਿਤ ਵਿਰੋਧੀ ਕਹਿਣ ਖਿਲਾਫ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਵਿਰੋਧ ਪ੍ਰਦਰਸ਼ਨ 

ਮੌਜੂਦਾ ਸੰਵਿਧਾਨ ਨੂੰ ਬਦਲ ਕੇ ਮਨੂੰ-ਸਮਰਿਤੀ ਲਾਗੂ ਕਰਨ ਲਈ ਯਤਨਸ਼ੀਲ ਭਾਜਪਾ ਨੂੰ ਅੰਬੇਡਕਰ ਦੀ ਪ੍ਰਤੀਮਾਂ ਉੱਪਰ ਫੁੱਲ ਭੇਂਟ ਕਰਨ ਦਾ ਕੋਈ ਹੱਕ ਨਹੀਂ: ਘੁੱਗਸ਼ੋਰ 

by Rakha Prabh
30 views

ਭਾਜਪਾ ਹਰਾਓ ਤੇ ਭਜਾਓ ਭਜਾਓ ਦਾ ਸੱਦਾ ਦਿੰਦੇ ਫਲੈਕਸ ਕੰਧਾਂ ਉੱਪਰ ਲਗਾਉਣ ਦੀ ਕੀਤੀ ਸ਼ੁਰੂਆਤ 

ਦਲਜੀਤ ਕੌਰ
ਕਰਤਾਰਪੁਰ/ਜਲੰਧਰ/ਚੰਡੀਗੜ੍ਹ, 26 ਅਪ੍ਰੈਲ, : ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਵਲੋਂ ਕਿਸਾਨਾਂ ਨੂੰ ਗੁੰਡੇ ਦਲਿਤ ਵਿਰੋਧੀ ਕਹਿਣ ਦਾ ਗੰਭੀਰ ਨੋਟਿਸ ਲੈਂਦਿਆਂ ਅੱਜ ਰਿੰਕੂ ਦੀ ਕਰਤਾਰਪੁਰ ਆਮਦ ਮੌਕੇ ਮੁੱਖ ਚੌਂਕ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਦੇਸ਼ ਦੇ ਮੌਜੂਦਾ ਸੰਵਿਧਾਨ ਨੂੰ ਬਦਲ ਕੇ ਮਨੂੰ-ਸਮਰਿਤੀ ਲਾਗੂ ਕਰਨ ਲਈ ਯਤਨਸ਼ੀਲ ਭਾਜਪਾ ਹਰਾਓ, ਭਾਜਪਾ ਭਜਾਓ ਦਾ ਸੱਦਾ ਦਿੰਦੇ ਕੰਧ ਉੱਪਰ ਫਲੈਕਸ ਬੋਰਡ ਲਗਾ ਕੇ ਵਿਰੋਧਤਾ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਚੋਣ ਮੁਹਿੰਮ ਦੌਰਾਨ ਭਾਜਪਾ ਆਪਣੇ ਫ਼ਿਰਕੂ ਏਜੰਡੇ ਤਹਿਤ ਸਮਾਜ ਵਿੱਚ ਸਿੱਖ ਬਨਾਮ ਦਲਿਤ ਮਸਲਾ ਬਣਾਉਣ ਲਈ ਬਾਬਾ ਸਾਹਿਬ ਅੰਬੇਡਕਰ ਦੀ ਬੁੱਤਾਂ ਉੱਪਰ ਹਾਰ ਪਾ ਕੇ ਮਾਹੌਲ ਨੂੰ ਲਾਂਬੂ ਲਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸੰਵਿਧਾਨ ਇੱਕ ਹੱਦ ਤੱਕ ਬੇਜ਼ਮੀਨੇ ਦਲਿਤਾਂ ਨੂੰ ਜ਼ਮੀਨ, ਪਲਾਟ,ਰੋਟੀ ਰੋਜ਼ੀ ਸਮੇਤ ਇਕੱਠੇ ਹੋਣ, ਆਪਣੀ ਗੱਲ ਕਹਿਣ ਅਤੇ ਵਿਰੋਧ ਪ੍ਰਗਟ ਕਰਨ ਦਾ ਅਧਿਕਾਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਆਰ ਐੱਸ ਐੱਸ ਭਾਜਪਾ ਦੇ ਆਗੂ ਚੋਣਾਂ ਜਿੱਤਣ ਉਪਰੰਤ ਮੌਜੂਦਾ ਸੰਵਿਧਾਨ ਨੂੰ ਬਦਲ ਕੇ ਮਨੂੰ-ਸਮਰਿਤੀ ਲਾਗੂ ਕਰਨ ਦੇ ਬਿਆਨ ਦਾਗ ਰਹੇ ਤਾਂ ਸੰਵਿਧਾਨ ਬਣਾਉਣ ਵਾਲੀ ਕਮੇਟੀ ਦੇ ਆਗੂ ਡਾਕਟਰ ਅੰਬੇਡਕਰ ਦੀ ਬੁੱਤਾਂ ਉੱਪਰ ਫੁੱਲ ਭੇਂਟ ਕਰਨ ਦਾ ਭਾਜਪਾ ਉਮੀਦਵਾਰਾਂ, ਭਾਜਪਾ ਆਗੂਆਂ ਨੂੰ ਢੌਂਗ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਲੋਕ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਅੰਦੋਲਨ ਸਮੇਂ ਵੀ ਕਿਸਾਨਾਂ ਮਜ਼ਦੂਰਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਭਾਜਪਾਈ ਆਗੂ ਸ਼ੈਤਾਨੀ ਦਿਮਾਗ ਵਰਤਦੇ ਹੋਏ ਦਲਿਤ ਬਨਾਮ ਜੱਟ ਮਸਲਾ ਬਣਾਉਣ ਲਈ ਡਾਕਟਰ ਅੰਬੇਡਕਰ ਦੀ ਪ੍ਰਤੀਮਾਂ ਉੱਪਰ ਫੁੱਲ ਚੜ੍ਹਾਉਂਣ ਦਾ ਢੌਂਗ ਕਰ ਚੁੱਕੇ ਹਨ। ਉਸ ਵਕਤ ਵੀ ਭਾਜਪਾ ਆਗੂਆਂ ਨੂੰ ਨਵਾਂਸ਼ਹਿਰ ਅਤੇ ਕਰਤਾਰਪੁਰ ਦੇ ਮੁੱਖ ਚੌਂਕ ਆਦਿ ਵਿਖੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਸਮੇਤ ਹੋਰ ਜਥੇਬੰਦੀਆਂ ਦੀ ਅਗਵਾਈ ਹੇਠ ਬੇਜ਼ਮੀਨੇ ਦਲਿਤਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਕਰਤਾਰਪੁਰ ਵਿਖੇ ਤਾਂ ਇੱਕ ਭਾਜਪਾ ਆਗੂ ਨੂੰ ਆਪਣੀ ਜੁੱਤੀ ਉੱਥੇ ਛੱਡ ਕੇ ਨੰਗੇ ਪੈਰੀਂ ਮੌਕੇ ਤੋਂ ਖਿਸਕਣਾ ਪਿਆ ਸੀ। ਉਨ੍ਹਾਂ ਕਿਹਾ ਕਿ ਰਿੰਕੂ ਵਲੋਂ ਭਾਜਪਾ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਗੁੰਡੇ,ਦਲਿਤ ਵਿਰੋਧੀ ਕਹਿਣ ਤੋਂ ਆਪਣੀ ਭਾਸ਼ਾ ਉੱਪਰ ਝਾਤ ਮਾਰਨੀ ਚਾਹੀਦੀ ਹੈ, ਉਸਦੀ ਆਪਣੀ ਭਾਸ਼ਾ ਸਿੱਧ ਕਰਦੀ ਹੈ ਕਿ ਉਹ ਖ਼ੁਦ ਆਪ ਗੁੰਡਾ ਨਜ਼ਰ ਆ ਰਿਹਾ। ਉਨ੍ਹਾਂ ਕਿਹਾ ਕਿ ਭਾਜਪਾ ਦਾ ਇਕੱਲੇ ਕਿਸਾਨ ਨਹੀਂ ਉਹਨਾਂ ਨਾਲ ਦਲਿਤ ਮਜ਼ਦੂਰ ਵੀ ਵਿਰੋਧ ਕਰ ਰਹੇ ਹਨ।ਆਉਣ ਵਾਲੇ ਦਿਨਾਂ ਵਿੱਚ ਰਿੰਕੂ, ਹੰਸ ਰਾਜ ਹੰਸ ਸਮੇਤ ਪੰਜਾਬ ਭਰ ਵਿੱਚ ਭਾਜਪਾ ਆਗੂਆਂ, ਉਮੀਦਵਾਰਾਂ ਦੀ ਟਾਪ ਲੱਗੇਗੀ।
ਉਨ੍ਹਾਂ ਕਿਹਾ ਕਿ ਭਾਜਪਾ ਦੇ ਫ਼ਿਰਕੂ ਫਾਸ਼ੀਵਾਦੀ ਏਜੰਡੇ ਤਹਿਤ ਸਮਾਜ ਵਿੱਚ ਵੰਡੀਆਂ ਪਾਉਣ ਦੇ ਕੋਝੇ ਯਤਨਾਂ ਤੋਂ ਦਲਿਤਾਂ, ਮਜ਼ਦੂਰਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 51 ਸਾਲ ਪਹਿਲਾਂ ਬਣੇ ਕਾਨੂੰਨ ਲੈਂਡ ਸੀਲਿੰਗ ਐਕਟ ਤੋਂ ਵਾਧੂ ਜ਼ਮੀਨਾਂ ਬੇਜ਼ਮੀਨੇ ਦਲਿਤਾਂ/ਮਜ਼ਦੂਰਾਂ-ਕਿਸਾਨਾਂ ਨੂੰ ਵੰਡਣ, ਦਲਿਤਾਂ ਨੂੰ ਅਲਾਟ ਨਜ਼ੂਲ ਲੈਂਡ ਤੇ ਪਰੋਵੈਨਸ਼ਲ ਗੌਰਮਿੰਟ ਦੀਆਂ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾ ਕੇ ਮਾਲਕੀ ਦੇ ਹੱਕ ਦੇਣ, ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਦੇ ਹੱਕ ਦੇਣ, ਲੋੜਵੰਦਾਂ ਨੂੰ ਰਿਹਾਇਸ਼ੀ ਪਲਾਟ ਤੇ ਮਕਾਨ ਉਸਾਰੀ ਲਈ ਗ੍ਰਾਂਟਾਂ ਦੇਣ, ਅਮਰਵੇਲ ਵਾਂਗ ਵਧ ਰਹੀ ਮਹਿੰਗਾਈ ਦੇ ਯੁੱਗ ਵਿੱਚ ਦਿਹਾੜੀ ਵਧਾਉਣ, ਮਗਨਰੇਗਾ ਤਹਿਤ ਸਾਰਾ ਸਾਲ ਕੰਮ ਦੇਣ, ਦਲਿਤ ਮਜ਼ਦੂਰਾਂ ਦੇ ਮਾਈਕਰੋ ਫਾਇਨਾਂਸ ਕੰਪਨੀਆਂ ਸਮੇਤ ਸਰਕਾਰੀ, ਸਹਿਕਾਰੀ ਅਤੇ ਪ੍ਰਾਈਵੇਟ ਕਰਜ਼ੇ ਮੁਆਫ਼ ਕਰਨ ਅਤੇ ਦਲਿਤਾਂ ਨਾਲ ਵਿਤਕਰਾ ਬੰਦ ਕਰਨ ਵਰਗੇ ਬੁਨਿਆਦੀ ਮੁੱਦੇ ਆਰ ਐੱਸ ਐੱਸ – ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੀ ਆਪਣੇ ਕਾਰਜਕਾਲ ਦੌਰਾਨ ਹੱਲ ਨਹੀਂ ਕਰ ਸਕੀ।
ਉਨ੍ਹਾਂ ਪੰਜਾਬ ਵਾਸੀਆਂ ਸਮੇਤ ਦਲਿਤ ਮਜ਼ਦੂਰਾਂ ਨੂੰ ਆਰ ਐੱਸ ਐੱਸ,ਭਾਜਪਾ ਦੇ ਫ਼ਿਰਕੂ ਏਜੰਡੇ ਤੋਂ ਖ਼ਬਰਦਾਰ ਕਰਦਿਆਂ ਸੱਦਾ ਦਿੱਤਾ ਕਿ ਆਰ ਐੱਸ ਐੱਸ – ਭਾਜਪਾ ਵਲੋਂ ਮੌਜੂਦਾ ਸੰਵਿਧਾਨ ਨੂੰ ਬਦਲ ਕੇ ਮਨੂੰ-ਸਮਰਿਤੀ ਨੂੰ ਲਾਗੂ ਕਰਨ ਦੇ ਯਤਨਾਂ ਅਤੇ ਫ਼ਿਰਕੂ ਫਾਸ਼ੀਵਾਦ ਦੇ ਏਜੰਡੇ ਨੂੰ ਮਲੀਆਮੇਟ ਕਰਨ ਲਈ ਭਾਜਪਾ ਹਰਾਓ, ਭਾਜਪਾ ਭਜਾਓ, ਹਾਕਮ ਜਮਾਤਾਂ ਦੀਆਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ, ਆਗੂਆਂ ਨੂੰ ਕੀਤੇ ਵਾਅਦਿਆਂ, ਦਿੱਤੀਆਂ ਗਾਰੰਟੀਆਂ ਨੂੰ ਕਿਉਂ ਨਹੀਂ ਲਾਗੂ ਕੀਤਾ ਸੰਬੰਧੀ ਸਵਾਲ ਕਰੋ ਅਤੇ ਮੌਜੂਦਾ ਆਰਥਿਕ-ਸਿਆਸੀ ਪ੍ਰਬੰਧ ਤੋਂ ਭਲੇ ਦੀ ਆਸ ਕਰਨ ਦੀ ਥਾਂ ਆਪਣੇ ਏਕੇ ਨੂੰ ਮਜ਼ਬੂਤ ਕਰਦੇ ਹੋਏ ਜਥੇਬੰਦਕ ਸੰਘਰਸ਼ਾਂ ਉੱਪਰ ਟੇਕ ਰੱਖੋ।

Related Articles

Leave a Comment