* ਚੰਗੀ ਸਿਹਤ ਸਹੂਲਤ ਦੇਣ ਦੇ ਆਪ ਸਰਕਾਰ ਦੇ ਦਾਅਵੇ ਖੋਖਲੇ ਸਾਬਤ ਹੋਏ
ਹੁਸ਼ਿਆਰਪੁਰ 19 ਅਪ੍ਰੈਲ ( ਤਰਸੇਮ ਦੀਵਾਨਾ )
ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਲਗਾਤਾਰ ਦਾਅਵੇ ਉੱਪਰ ਦਾਅਵੇ ਕੀਤੇ ਜਾ ਰਹੇ ਹਨ ਪਰ ਅਸਲੀਅਤ ਕੀ ਹੈ ਇਹ ਖੁਲਾਸਾ ਸ਼ੁਕਰਵਾਰ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਕੀਤੀ ਗਈ ਅਚਾਨਕ ਹੜਤਾਲ ਦੇ ਸਿੱਟੇ ਵਜੋਂ ਵੱਡੀ ਗਿਣਤੀ ਮਰੀਜ਼ਾਂ ਦੀ ਹੋਈ ਖੱਜਲ ਖੁਆਰੀ ਤੋਂ ਸਾਹਮਣੇ ਆ ਗਿਆ ਹੈ। ਜ਼ਿਕਰ ਯੋਗ ਹੈ ਕਿ ਸ਼ੁਕਰਵਾਰ ਨੂੰ ਹੁਸ਼ਿਆਰਪੁਰ ਦੇ ਇੱਕੋ ਇੱਕ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਇੱਕ ਡਾਕਟਰ ਦੇ ਮਰੀਜ਼ ਨਾਲ ਹੋਏ ਝਗੜੇ ਦੇ ਰੋਸ ਵਜੋਂ ਬਗੈਰ ਅਗਾਓ ਨੋਟਿਸ ਦਿੱਤਿਆਂ ਦੋ ਘੰਟੇ ਦੀ ਹੜਤਾਲ ਕਰ ਦਿੱਤੀ | ਜਿਸ ਦੀ ਜਾਣਕਾਰੀ ਨਾ ਹੋਣ ਕਾਰਨ ਵੱਡੀ ਗਿਣਤੀ ਵਿੱਚ ਆਪਣਾ ਇਲਾਜ ਕਰਵਾਉਣ ਲਈ ਪਹੁੰਚੇ ਮਰੀਜ਼ਾਂ ਨੂੰ ਖੱਜਲ ਖੁਆਰ ਹੋਣਾ ਪਿਆ ਜਿਨਾਂ ਵਿੱਚ ਬਹੁ ਗਿਣਤੀ ਵਿਧਵਾ ਅਤੇ ਬਜ਼ੁਰਗ ਸ਼ਾਮਿਲ ਸਨ ਡਾਕਟਰਾਂ ਵੱਲੋਂ ਕੀਤੀ ਗਈ ਇਸ ਹੜਤਾਲ ਦਾ ਇੱਕ ਪੱਖ ਇਹ ਵੀ ਹੈ ਕਿ ਉਕਤ ਦੱਸੇ ਜਾਂਦੇ ਡਾਕਟਰ ਨਾਲ ਝਗੜੇ ਦੇ ਜਿੰਮੇਵਾਰ ਵਿਅਕਤੀ ਨੂੰ ਪੁਲਿਸ ਨੇ ਆਪਣੀ ਕਾਰਵਾਈ ਕਰਦਿਆਂ ਹਿਰਾਸਤ ਵਿੱਚ ਵੀ ਲੈ ਲਿਆ ਪਰ ਸ਼ਾਇਦ ਸਰਕਾਰੀ ਹਸਪਤਾਲ ਦੇ ਡਾਕਟਰ ਹੜਤਾਲ ਬਹਾਨੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਦਾ ਮੌਕਾ ਹੀ ਲੱਭ ਰਹੇ ਸੀ । ਦੂਜੇ ਪਾਸੇ ਮਨੁੱਖਤਾ ਲਈ ਰੱਬ ਸਮਝੇ ਜਾਂਦੇ ਡਾਕਟਰਾਂ ਦੀ ਗੈਰ ਸੰਵਿਧਾਨਿਕ ਅਤੇ ਅਣਮਨੁੱਖੀ ਕਾਰਵਾਈ ਦੇ ਸਿੱਟੇ ਵੱਜੋਂ ਦਵਾਈ ਲੈਣ ਆਏ ਬਜੁਰਗ ਅਤੇ ਮਹਿਲਾ ਮਰੀਜ਼ ਸਵੇਰ ਤੋਂ ਲਾਈਨ ‘ਚ ਲੱਗ ਕੇ ਪ੍ਰੇਸ਼ਾਨ ਹੋਣ ਉਪਰੰਤ ਅੱਕ ਥੱਕ ਕੇ ਜ਼ਮੀਨ ਤੇ ਹੀ ਬੈਠ ਗਏ । ਇਨ੍ਹਾਂ ਵਿੱਚੋਂ ਬਹੁਤੇ 80-90 ਸਾਲ ਦੇ ਬਜ਼ੁਰਗ ਬਿਮਾਰੀ ਦੀ ਹਾਲਤ ਚ ਕੰਬਦੇ ਹੋਏ ਦੇਖੇ ਨਹੀਂ ਜਾ ਰਹੇ ਸਨ| ਜੋ ਪੱਤਰਕਾਰਾਂ ਨੂੰ ਸਵਾਲ ਕਰ ਰਹੇ ਸਨ ਕਿ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਚ ਕਦੇ ਸੁਧਾਰ ਹੋਵੇਗਾ ਜਾਂ ਫਿਰ ਇਸੇ ਤਰ੍ਹਾਂ ਡਾਕਟਰ ਮਰੀਜਾਂ ਨੂੰ ਹਮੇਸ਼ਾਂ ਦੀ ਤਰਾਂ ਕਿਸੇ ਨਾ ਬਹਾਨੇ ਖੱਜਲ ਖੁਵਾਰ ਹੀ ਕਰਦੇ ਰਹਿਣਗੇ ।