ਜਲੰਧਰ, 9 ਅਕਤੂਬਰ ( ਰਾਖਾ ਪ੍ਰਭ ਬਿਉਰੋ / ਸਿਮਰਨ ਸਿੰਘ ਮਾਨ )
ਸੂਬੇ ਦੇ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਜੱਥੇਬੰਦੀ “ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ” ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਕਿਹਾ ਹੈ ਕਿ ਸੂਬੇ ਅੰਦਰ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੇਵਲ ਆਪਣੇ ਪ੍ਰਚਾਰ ਤੋਂ ਬਿਨਾਂ ਸੂਬੇ ਦੇ ਲੋਕਾਂ ਲਈ ਕੋਈ ਵੀ ਕੰਮ ਨਹੀਂ ਕੀਤਾ ਜਾ ਰਿਹਾ ਹੈ ਅਤੇ ਮੁਲਾਜ਼ਮ, ਪੈਨਸ਼ਨਰ ਤੇ ਕਿਰਤੀ ਵਰਗ ਨੂੰ ਮਿਲ ਰਹੀਆਂ ਸਹੂਲਤਾਂ ਨੂੰ ਵੀ ਬੰਦ ਕਰਕੇ ਨਿੱਜੀਕਰਣ ਨੂੰ ਬੜਾਵਾ ਦੇਣ ਦੇ ਨਾਲ ਹੀ ਸਰਮਾਏਦਾਰੀ ਜਮਾਤ ਦੀ ਸੇਵਾ ਕੀਤੀ ਜਾ ਰਹੀ ਹੈ। ਜੱਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਇੰਦਰਜੀਤ ਵਿਰਦੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾ ਰਿਹਾ ਹੈ ਅਤੇ ਸੂਬੇ ਅੰਦਰ ਚਾਰ ਕੈਬਨਿਟ ਮੰਤਰੀਆਂ ਦੀਆਂ ਰਿਹਾਇਸ਼ਾ ਦਾ ਘਿਰਾਓ ਕਰਨ ਉਪਰੰਤ ਸੰਘਰਸ਼ ਦੇ ਅਗਲੇ ਪੜਾਅ ਵਜੋਂ “ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ” ਦੇ ਬੈਨਰ ਹੇਠ ਮਿਤੀ 14 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਇੱਕ ਵਿਸ਼ਾਲ ਸੂਬਾ ਪੱਧਰੀ ਰੈਲੀ ਕਰਕੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾ ਰਿਹਾ ਹੈ। ਜੱਥੇਬੰਦੀ ਦੇ ਆਗੂਆਂ ਕਰਮਜੀਤ ਸਿੰਘ ਬੀਹਲਾ, ਸੁਖਵਿੰਦਰ ਚਾਹਲ, ਮੱਖਣ ਸਿੰਘ ਵਾਹਿਦਪੁਰੀ, ਹਰਮਨਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਇਸ ਸਾਂਝੇ ਫਰੰਟ ਵਲੋਂ ਇਸ ਬਦਲਾਅ ਵਾਲੀ ਸਰਕਾਰ ਵਿਰੁੱਧ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਵਿੱਚ ਪੰਜਾਬ ਭਰ ਤੋਂ ਪ.ਸ.ਸ.ਫ. ਵਲੋਂ ਮੁਲਾਜ਼ਮ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਮੂਲੀਅਤ ਕਰ ਰਹੇ ਹਨ। ਰੈਲੀ ਵਿੱਚ ਸ਼ਮੂਲੀਅਤ ਲਈ ਜ਼ਿਲਿਆਂ ਨੂੰ ਕੋਟਾ ਲਗਾਇਆ ਗਿਆ ਹੈ ਅਤੇ ਜ਼ਿਲਿਆਂ ਤੋਂ ਪ੍ਰਾਪਤ ਕੀਤੀਆਂ ਰਿਪੋਰਟਾਂ ਅਨੁਸਾਰ ਮੁਲਾਜ਼ਮ ਵਰਗ ਅੰਦਰ ਇਸ ਰੈਲੀ ਪ੍ਰਤੀ ਉਤਸ਼ਾਹ ਅਤੇ ਸਰਕਾਰ ਪ੍ਰਤੀ ਰੋਹ ਸਾਫ ਝਲਕ ਰਿਹਾ ਹੈ। ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਪੰਜਾਬ ਦੇ ਲੋਕਾਂ ਲਈ ਨਹੀਂ ਬਲਕਿ ਆਪਣੇ ਪ੍ਰਚਾਰ ਲਈ ਪੰਜਾਬ ਦੇ ਲੋਕਾਂ ਦਾ ਕਰੋੜਾਂ ਰੁਪਈਆ ਉਡਾ ਰਹੀ ਹੈ। ਪੂਰੇ ਪੰਜਾਬ ਅੰਦਰ ਕੋਈ ਵੀ ਖੰਭਾ, ਦੀਵਾਰ ਜਾਂ ਕੋਈ ਕੋਈ ਹੋਰ ਸਥਾਨ ਅਜਿਹਾ ਨਹੀਂ ਹੈ ਜਿੱਥੇ ਝੂਠੇ ਪ੍ਰਚਾਰ ਨਾਲ ਭਗਵੰਤ ਮਾਨ ਦੀ ਫੋਟੋ ਨਾ ਦਿਸਦੀ ਹੋਵੇ। ਸ਼ਹੀਦ ਭਗਤ ਸਿੰਘ ਦਾ ਨਾ ਬਦਨਾਮ ਕਰਨ ਵਾਲੀ ਇਸ ਸਰਕਾਰ ਨੂੰ ਇਸਦਾ ਖਮਿਆਜਾ ਭੁਗਤਣਾ ਪਵੇਗਾ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਵੱਖ-ਵੱਖ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ, ਸੁਸਾਇਟੀਆਂ, ਕੇਂਦਰੀ ਸਕੀਮਾਂ ਅਤੇ ਲੋਕਲ ਬਾਡੀਜ਼ ਵਿੱਚ ਕੰਮ ਕਰਦੇ ਹਰ ਪ੍ਰਕਾਰ ਦੇ ਠੇਕਾ ਅਧਾਰਿਤ, ਕੰਟਰੈਕਟ, ਡੇਲੀ ਵੇਜ਼, ਆਊਟਸੋਰਸ ਅਤੇ ਇਨਲਿਸਟਮੈਂਟ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਪੂਰੇ ਗ੍ਰੇਡਾਂ ਅਤੇ ਭੱਤਿਆ ਸਹਿਤ ਰੈਗੂਲਰ ਕੀਤਾ ਜਾਵੇ, ਪੰਜਾਬ ਅੰਦਰ ਕੰਮ ਕਰਦੀਆਂ ਮਿਡ ਡੇ ਮੀਲ, ਆਂਗਣਵਾੜੀ, ਆਸ਼ਾ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਅੰਦਰ ਲਿਆ ਕੇ 18,000/- ਰੁਪਏ ਮਹੀਨਾ ਦਿੱਤਾ ਜਾਵੇ, 1-1-2004 ਤੋਂ ਭਰਤੀ ਮੁਲਾਜ਼ਮਾਂ ਤੇ ਕੰਟਰੀਬਿਊਟਰੀ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ, ਪੰਜਾਬ ਅੰਦਰ ਲਾਗੂ ਹੋਏ ਛੇਵੇਂ ਤਨਖਾਹ ਕਮਿਸ਼ਨ ਦੀਆਂ ਤਰੁਟੀਆਂ ਨੂੰ ਦੂਰ ਕੀਤਾ ਜਾਵੇ, ਮੰਹਿਗਾਈ ਭੱਤੇ ਦੀ ਬਕਾਇਆ ਜੁਲਾਈ 2022 ਦੀ 4% ਅਤੇ ਜਨਵਰੀ 2023 ਦੀ 4% ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਅਤੇ ਪਿਛਲੇ ਰਹਿੰਦੇ ਬਕਾਇਆ ਦੀ ਅਦਾਇਗੀ ਯਕ-ਮੁਸ਼ਤ ਕੀਤੀ ਜਾਵੇ, ਵਿਭਾਗਾਂ ਵਿੱਚ ਪ੍ਰਬੰਧਕੀ ਸੁਧਾਰ ਦੇ ਨਾਂ ਤੇ ਹਰ ਤਰ੍ਹਾਂ ਦੇ ਆਊਰ ਸੋਰਸਿੰਗ ਅਤੇ ਨਿੱਜੀਕਰਣ ਬੰਦ ਕੀਤਾ ਜਾਵੇ, ਪਰਖ ਕਾਲ ਸਮੇਂ ਅਧੀਨ 15-01-2015 ਅਤੇ 05-09-2016 ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ ਅਤੇ ਇਸ ਨੋਟੀਫਿਕੇਸ਼ਨ ਅਧੀਨ ਭਰਤੀ ਹੋਏ ਮੁਲਾਜ਼ਮਾਂ ਨੂੰ ਪਰਖ-ਕਾਲ ਸਮੇਂ ਦੌਰਾਨ ਬਣਦੀ ਪੂਰੀ ਤਨਖਾਹ ਭੱਤਿਆਂ ਸਹਿਤ ਦਿੱਤੀ ਜਾਵੇ, ਮੁਲਾਜ਼ਮਾਂ ਦੀ ਡਿਊਟੀ ਵਿੱਚ ਨਿਪੁਨਤਾ ਲਿਆਉਣ ਵਾਲੇ ਬੰਦ ਕੀਤੇ 37 ਭੱਤਿਆਂ ਨੂੰ ਮੁੜ ਚਾਲੂ ਕੀਤਾ ਜਾਵੇ।ਆਗੂਆਂ ਵਲੋਂ ਸਮੁਹ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਨੂੰ ਇਸ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਕਿਸ਼ੋਰ ਚੰਦ ਗਾਜ, ਅਨਿਲ ਕੁਮਾਰ, ਅਮਰੀਕ ਸਿੰਘ, ਜਸਵਿੰਦਰ ਸੋਜਾ, ਬੋਬਿੰਦਰ ਸਿੰਘ, ਜਸਪ੍ਰੀਤ ਗਗਨ, ਗੁਰਦੇਵ ਸਿੰਘ ਸਿੰਘ ਸਿੱਧੂ, ਗੁਰਵਿਦਰ ਸਿੰਘ, ਮਨੋਹਰ ਲਾਲ ਸ਼ਰਮਾ, ਕਰਮ ਸਿੰਘ, ਮੋਹਣ ਸਿੰਘ ਪੂਨੀਆ, ਰਜਿੰਦਰ ਸਿੰਘ ਰਿਆੜ, ਨਿਰਭੈ ਸਿੰਘ, ਤੇਜਿੰਦਰ ਸਿੰਘ, ਬੀਰਇੰਦਰਜੀਤ ਪੁਰੀ, ਜਰਨੈਲ ਸਿੰਘ, ਨਿਰਮੋਲਕ ਸਿੰਘ ਹੀਰਾ,ਰਜੇਸ਼ ਕੁਮਾਰ ਅਮਲੋਹ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਕੁਲਦੀਪ ਪੂਰੋਵਾਲ, ਪੁਸ਼ਪਿੰਦਰ ਕੁਮਾਰ ਵਿਰਦੀ,ਸੁਭਾਸ਼ ਚੰਦਰ, ਕਰਮਾਪੁਰੀ, ਸੁਖਦੇਵ ਚੰਗਾਲੀਵਾਲਾ, ਗੁਰਪ੍ਰੀਤ ਸਿੰਘ ਮਕੀਮਪੁਰ, ਪੂਰਨ ਸਿੰਘ ਸੰਧੂ, ਦਰਸ਼ਣ ਚੀਮਾ, ਜੱਗਾ ਸਿੰਘ ਅਲੀਸ਼ੇਰ, ਕੁਲਦੀਪ ਵਾਲੀਆ, ਤਰਸੇਮ ਮਾਧੋਪੁਰੀ,ਬਿਮਲਾ ਰਾਣੀ, ਰਾਣੋ ਖੇੜੀ ਗਿੱਲਾਂ, ਸ਼ਰਮੀਲਾ ਦੇਵੀ, ਗੁਰਪ੍ਰੀਤ ਕੌਰ ਆਦਿ ਵੀ ਹਾਜਰ ਸਨ।