ਹੁਸ਼ਿਆਰਪੁਰ 25 ਸਤੰਬਰ (ਤਰਸੇਮ ਦੀਵਾਨਾ ) ਬੀ.ਐੱਡ. ਅਧਿਆਪਕ ਫਰੰਟ ਹੁਸ਼ਿਆਰਪੁਰ ਇਕਾਈ ਦੀ ਇੱਕ ਅਹਿਮ ਮੀਟਿੰਗ ਸੂਬਾ ਜਨਰਲ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਰਾਜਾ, ਬਲਾਕ ਪ੍ਰਧਾਨ ਹਰਬਿਲਾਸ, ਤਰਸੇਮ ਜੀਵਨ ਅਤੇ ਅਸ਼ੋਕ ਕੁਮਾਰ ਦੀ ਪ੍ਰਧਾਨਗੀ ਹੇਠ ਸ਼ਹੀਦ ਊਧਮ ਸਿੰਘ ਪਾਰਕ ਹੁਸ਼ਿਆਰਪੁਰ ਵਿਖੇ ਹੋਈ | ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਪੇਂਡੂ ਭੱਤੇ ਦੇ ਨਾਲ-ਨਾਲ 36 ਤਰ੍ਹਾਂ ਦੇ ਹੋਰ ਭੱਤਿਆਂ ਵਿੱਚ ਕੀਤੀ ਕਟੌਤੀ ਨੂੰ ਲੈ ਕੇ 26 ਸਤੰਬਰ ਨੂੰ ਮਿੰਨੀ ਸਕੱਤਰੇਤ ਦੇ ਸਾਹਮਣੇ ਧਰਨਾ ਦਿੱਤਾ ਜਾਵੇਗਾ ਅਤੇ ਇਸ ਸਬੰਧੀ ਡੀ.ਸੀ. ਨੂੰ ਮੰਗ ਪੱਤਰ ਵੀ ਸੌਂਪਿਆ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਅਤੇ ਦੀਪਕ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰਨ ਵਿੱਚ ਜਾਣਬੁੱਝ ਕੇ ਦੇਰੀ ਕਰ ਰਹੀ ਹੈ। ਇਸ ਦੇਰੀ ਕਾਰਨ ਮੁਲਾਜ਼ਮਾਂ ਵਿੱਚ ਨਿਰਾਸ਼ਾ ਵੱਧ ਰਹੀ ਹੈ ਅਤੇ ਮੁਲਾਜ਼ਮਾਂ ਵਿੱਚ ਸਰਕਾਰ ਖ਼ਿਲਾਫ਼ ਗੁੱਸਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਪੁਰਾਣੀ ਪੈਨਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ, ਆਉਣ ਵਾਲੇ ਦਿਨਾਂ ਵਿੱਚ ਬੀ.ਐੱਡ. ਅਧਿਆਪਕ ਫਰੰਟ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਰਾਮਧਨ, ਰਵਿੰਦਰ ਰਵੀ, ਮਨਜੀਤ ਅਤੇ ਪਰਮਿੰਦਰ ਨੇ ਸਾਂਝੇ ਤੌਰ ’ਤੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ 2008 ਤੋਂ 2011 ਤੱਕ ਠੇਕੇ ’ਤੇ ਰੱਖੇ ਅਧਿਆਪਕਾਂ ਦੀ ਸੇਵਾ ਕਾਲ ਵਿੱਚ ਵਾਧਾ ਕੀਤਾ ਜਾਵੇ। ਇਸ ਸਬੰਧੀ ਬੀ.ਐੱਡ. ਅਧਿਆਪਕ ਫਰੰਟ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਫਰੰਟ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਅਧਿਆਪਕ ਫਰੰਟ ਸੰਘਰਸ਼ ਨੂੰ ਹੋਰ ਤੇਜ਼ ਕਰੇਗਾ। ਮੀਟਿੰਗ ਵਿੱਚ ਮਾਨਯੋਗ ਸ. ਨੀਰਜ, ਦੀਪਕ, ਅਭਿਸ਼ੇਕ, ਰਵੀ, ਨਵਦੀਪ, ਅਸ਼ੋਕ, ਪਰਮਿੰਦਰ, ਤਰਸੇਮ, ਮਨਜੀਤ ਆਦਿ ਹਾਜ਼ਰ ਸਨ।