ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ) ਸਿੱਖ ਕੌਮ ਤੇ ਸਿੱਖ ਪੰਥ ਦੇ ਮਹਾਨਾਇਕ ਅਨੌਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਜੀਵਨ ਗਾਥਾ ਨੂੰ ਅਨਮੋਲ ਅੱਖਰਾਂ ਵਿੱਚ ਪਿਰੌਣ ਵਾਲੇ ਲੇਖਕ ਕਰਨਲ ਹਰੀਸਿਮਰਨ ਸਿੰਘ (ਰਿਟਾ.) ਦੇ ਵੱਲੋਂ ਰਚਿਤ ਪੁਸਤਕ ਬਾਬਾ ਦੀਪ ਸਿੰਘ ਜੀ ਸ਼ਹੀਦ ਮਹਾਨਾਇਕ ਦੀ ਜੀਵਨ ਗਾਥਾ ਦਾ ਲੋਕ ਅਰਪਣ ਜੀਐਨਡੀਯੂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ ਸਥਿਤ ਕਾਨਫਰੰਸ ਹਾਲ ਵਿਖੇ ਕੀਤਾ ਗਿਆ। ਲੋਕ ਅਰਪਣ ਦੀ ਰਸਮ ਪ੍ਰੋ. ਸਰਬਜੋਤ ਸਿੰਘ ਬਹਿਲ ਡੀਨ ਅਕੈਡਮਿਕ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪ੍ਰੋ. ਹਰਜੀਤ ਸਿੰਘ ਗਿੱਲ, ਪ੍ਰੋ. ਐਸ.ਐਸ. ਸੋਹਲ, ਕਰਨਲ ਐਚ.ਐਸ. ਸੰਧੂ, ਭਾਈ ਗੁਰਇਕਬਾਲ ਸਿੰਘ ਪ੍ਰੋ. ਅਮਰਜੀਤ ਸਿੰਘ ਨੇ ਸਾਂਝੇ ਤੌਰ ਤੇ ਨਿਭਾਈ। ਇਸ ਮੌਕੇ ਕੇਂਦਰ ਦੇ ਡਾਇਰੈਕਟਰ ਪ੍ਰੋ. ਅਮਰਜੀਤ ਸਿੰਘ ਵੱਲੋਂ ਪੁਸਤਕ ਅਤੇ ਉਸ ਦੇ ਲੇਖਕ ਬਾਰੇ ਸੰਖਿਪਤ ਜਾਣਕਾਰੀ ਦਿੰਦੇ ਹੋਏ ਸਿੱਖ ਇਤਿਹਾਸ ਉਪਰ ਤੇ ਸਿੱਖ ਵਿਚਾਰਧਾਰਾ ਤੋਂ ਹਵਾਲੇ ਦੇ ਕੇ ਦੱਸਿਆ ਕਿ ਸਿੱਖ ਦੀ ਸ਼ਖਸੀਅਤ ਸੰਤ-ਸਿਪਾਹੀ ਦੇ ਰੂਪ ਵਿੱਚ ਸਿਰਜੀ ਗਈ। ਜਿਸ ਨੇ ਜੰਗ ਦੇ ਮੈਦਾਨ ਵਿੱਚ ਵੀ ਬੇਮਿਸਾਲ ਬਹਾਦਰੀ ਦੇ ਨਾਲ ਨਾਲ ਉੱਚ ਕਿਰਦਾਰ ਦਾ ਸਬੂਤ ਦਿੱਤਾ। ਜਿਸ ਦੀ ਪ੍ਰਸੰਸਾ ਸਿੱਖਾਂ ਦੇ ਵਿਰੋਧੀ ਲਿਖਾਰੀ ਕਾਜੀ ਨੂਰ ਮੁਹਮੰਦ ਵਰਗਿਆਂ ਨੇ ਵੀ ਕੀਤੀ ਹੈ। ਲੇਖਕ ਨੇ ਸੰਬੰਧਿਤ ਪੁਸਤਕ ਬਾਰੇ ਅਤੇ ਉਸ ਵਿੱਚ ਵਰਤੇ ਗਏ ਮਹੱਤਵਪੂਰਨ ਸ੍ਰੋਤਾਂ ਬਾਰੇ ਜਾਣਕਾਰੀ ਦਿੱਤੀ। ਇਤਿਹਾਸ ਵਿਭਾਗ ਦੇ ਸਾਬਕਾ ਮੁੱਖੀ ਐਸ.ਐਸ. ਸੋਹਲ ਨੇ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੇ ਵਿਅਕਤਿਤਵ ਬਾਰੇ ਇਤਿਹਾਸਕ ਨਜ਼ਰੀਏ ਤੋਂ ਜਾਣਕਾਰੀ ਸਾਂਝੀ ਕਰਦਿਆਂ ਇਸ ਪੁਸਤਕ ਨੂੰ ਸੈਨਿਕ ਦ੍ਰਿਸ਼ਟੀਕੋਨ ਤੋਂ ਇੱਕ ਮਹੱਤਵਪੂਰਨ ਰਚਨਾ ਦੱਸਿਆ। ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਲ ਹੋਏ ਡਾ. ਹਰਜੀਤ ਸਿੰਘ ਗਿੱਲ, ਪ੍ਰੋ. ਐਮੀਰੇਟਸ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਨੇ ਬਾਬਾ ਦੀਪ ਸਿੰਘ ਦੁਆਰਾ ਲਿਖਿਤ “ਸ਼੍ਰੀ ਗੁਰੂ ਗ੍ਰੰਥ ਸਾਹਿਬ” ਬੀੜ ਨੂੰ ਧਿਆਨ ਨਾਲ ਵਾਚਣ ਅਤੇ ਸਮਝਣ ਉੱਪਰ ਵਧੇਰੇ ਜ਼ੋਰ ਦਿੰਦੇ ਹੋਏ ਇਸ ਨੂੰ ਮਹਾਨ ਸ਼ਹੀਦ ਪ੍ਰਤੀ ਅਸਲੀ ਸ਼ਰਧਾਂਜਲੀ ਦਾ ਦਰਜਾ ਦਿੱਤਾ। ਅਖੀਰ ਵਿੱਚ ਮਾਤਾ ਕੌਲਾਂ ਭਲਾਈ ਟਰੱਸਟ ਤੇ ਮੁੱਖੀ ਭਾਈ ਗੁਰਇਕਬਾਲ ਸਿੰਘ ਜੀ ਨੇ ਇਸ ਮੌਕੇ ਹਾਜ਼ਰ ਵਿਦਵਾਨਾਂ ਨੂੰ ਪਹੁਵਿੰਡ ਸੁਸਾਇਟੀ ਦੇ ਸਨਮਾਨ ਚਿੰਨ੍ਹ ਪ੍ਰਦਾਨ ਕੀਤੇ।