ਦਲਜੀਤ ਕੌਰ
ਸੰਗਰੂਰ/ਭਵਾਨੀਗੜ੍ਹ, 8 ਸਤੰਬਰ, 2023: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਸੰਗਰੂਰ ਜਿਲ੍ਹਾ ਕਮੇਟੀ ਵੱਲੋਂ ਆਉਣ ਵਾਲੀ 20 ਸਤੰਬਰ ਨੂੰ ਨੇੜਲੇ ਪਿੰਡ ਘਰਾਚੋਂ ਵਿਖੇ ਵਿਸ਼ਾਲ ਸਿਆਸੀ ਕਾਨਫਰੰਸ ਸੱਦੀ ਜਾਵੇਗੀ, ਜਿਸ ਨੂੰ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਸੰਬੋਧਨ ਕਰਨਗੇ। ਇਹ ਫੈਸਲਾ ਸਾਥੀ ਜਗਸੀਰ ਸਿੰਘ ਜੱਗਾ ਦੀ ਪ੍ਰਧਾਨਗੀ ਹੇਠ ਘਰਾਚੋਂ ਵਿਖੇ ਹੋਈ ਪਾਰਟੀ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਵਿੱਚ ਕੀਤਾ ਗਿਆ।
ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਜਿਲ੍ਹਾ ਸਕੱਤਰ ਸਾਥੀ ਊਧਮ ਸਿੰਘ ਸੰਤੋਖਪੁਰਾ ਨੇ ਦੱਸਿਆ ਕਿ “ਕਾਰਪੋਰੇਟ ਭਜਾਓ- ਮੋਦੀ ਹਰਾਓ” ਮੁਹਿੰਮ ਤਹਿਤ ਸੱਦੀ ਜਾ ਰਹੀ ਉਕਤ ਕਾਨਫਰੰਸ ਦੀ ਤਿਆਰੀ ਲਈ ਪਿੰਡ-ਕਸਬਿਆਂ ਅੰਦਰ ਜਨ ਸੰਪਰਕ ਮੁਹਿੰਮ ਚਲਾਈ ਜਾਵੇਗੀ ਅਤੇ ਪ੍ਰਭਾਵਸ਼ਾਲੀ ਝੰਡਾ ਮਾਰਚ ਵੀ ਕੀਤਾ ਜਾਵੇਗਾ। ਸ੍ਰੀ ਸੰਤੋਖਪੁਰਾ ਨੇ ਦੱਸਿਆ ਕਿ ਉਕਤ ਕਾਨਫਰੰਸ, 2024 ‘ਚ ਹੋਣ ਜਾ ਰਹੀਆਂ ਆਮ ਚੋਣਾਂ ‘ਚ ਫਿਰਕੂ-ਫਾਸ਼ੀ ਕਾਰਪੋਰੇਟ ਪੱਖੀ ਮੋਦੀ-ਸ਼ਾਹ ਸਰਕਾਰ ਨੂੰ ਕੇਂਦਰੀ ਸੱਤਾ ਤੋਂ ਚਲਦਾ ਕਰਨ ਦਾ ਸੱਦਾ ਦੇਣ ਲਈ ਸੱਦੀ ਜਾ ਰਹੀ ਹੈ। ਭਾਰਤ ਨੂੰ ਧਰਮ ਆਧਾਰਿਤ ਕੱਟੜ ਰਾਸ਼ਟਰ ‘ਚ ਤਬਦੀਲ ਕਰਨ ਦੇ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਤਬਾਹਕੁੰਨ ਇਰਾਦਿਆਂ ਤੋਂ ਵੀ ਲੋਕਾਈ ਨੂੰ ਜਾਣੂੰ ਕਰਵਾਇਆ ਜਾਵੇਗਾ। ਨਾਲ ਹੀ ਦੇਸ਼ ਵਾਸੀਆਂ, ਖਾਸ ਕਰਕੇ ਕਿਰਤੀ-ਕਿਸਾਨਾਂ ਤੇ ਹੋਰ ਮਿਹਨਤੀ ਵਰਗਾਂ ਨੂੰ ਕੰਗਾਲ ਕਰਕੇ ਅਡਾਨੀ-ਅੰਬਾਨੀ ਦੇ ਖਜ਼ਾਨੇ ਭਰਪੂਰ ਕਰਨ ਵਾਲੀਆਂ ਮੋਦੀ ਸਰਕਾਰ ਦੀਆਂ ਲੋਕ ਦੋਖੀ, ਦੇਸ਼ ਵਿਰੋਧੀ ਨੀਤੀਆਂ ਨੂੰ ਭਾਂਜ ਦੇਣ ਲਈ ਘੋਲ ਮਘਾਉਣ ਦੀ ਅਪੀਲ ਕੀਤੀ ਜਾਵੇਗੀ।
ਉਕਤ ਤੋਂ ਇਲਾਵਾ ਹਰ ਮੁਹਾਜ਼ ‘ਤੇ ਫੇਲ੍ਹ ਸਿੱਧ ਹੋਈ ਸੂਬੇ ਦੀ ਭਗਵੰਤ ਮਾਨ ਸਰਕਾਰ ਦੀ ਰੱਦੀ ਕਾਰਗੁਜਾਰੀ ਦਾ ਕੱਚਾ ਚਿੱਠਾ ਵੀ ਫਰੋਲਿਆ ਜਾਵੇਗਾ। ਖਤਰਨਾਕ ਬੇਰੁਜ਼ਗਾਰੀ, ਜਾਨਲੇਵਾ ਮਹਿੰਗਾਈ, ਮਿਆਰੀ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਲੋਕਾਈ ਦੀ ਪਹੁੰਚ ਤੋਂ ਬਾਹਰ ਕਰਨ, ਜਨਤਕ ਵੰਡ ਪ੍ਰਣਾਲੀ ਅਤੇ ਸਮਾਜਿਕ ਸੁਰੱਖਿਆ ਦੇ ਖਾਤਮੇ ਵਿਰੁੱਧ ਪ੍ਰਚੰਡ ਲੋਕ ਪ੍ਰਤੀਰੋਧ ਜੱਥੇਬੰਦ ਕਰਨਾ ਵੀ ਉਕਤ ਮੁਹਿੰਮ ਦਾ ਵਡੇਰਾ ਮਕਸਦ ਹੈ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਪਾਰਟੀ ਦੀ ਰਾਜ ਕਮੇਟੀ ਵੱਲੋਂ ਸਾਰੇ ਜਿਲ੍ਹਿਆਂ ਅੰਦਰ 10 ਤੋਂ 27 ਸਤੰਬਰ ਤੱਕ 60 ਤੋਂ ਵਧੇਰੇ ਰਾਜਨੀਤਕ ਕਾਨਫਰੰਸਾਂ ਕਰਨ ਅਤੇ ਜੱਥਾ ਮਾਰਚਾਂ, ਰੈਲੀਆਂ, ਮੀਟਿੰਗਾਂ ਆਦਿ ਰਾਹੀਂ ਸੰਘਣੀ ਜਨ ਸੰਪਰਕ ਮੁਹਿੰਮ ਚਲਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।