ਲਹਿਰਾਗਾਗਾ, 16 ਜੂਨ, 2023: ਗਰਮੀਆਂ ਦੀਆਂ ਛੁੱਟੀਆਂ ਸਿਰਜਣਾਤਮਕ ਤਰੀਕੇ ਨਾਲ ਗੁਜਾਰਨ ਅਤੇ ਬੱਚਿਆਂ ਵਿੱਚ ਕਲਾ ਦੀ ਚੇਟਕ ਲਾਉਣ ਲਈ 26ਵਾਂ ਦਸ ਰੋਜ਼ਾ ਬਾਲ ਸਖ਼ਸ਼ੀਅਤ ਉਸਾਰੀ ਕੈਂਪ ‘ਸਿਰਜਣਾ-2023’ ਲਗਾਇਆ ਗਿਆ। ਪਦਮ ਸ਼੍ਰੀ, ਗਾਂਧੀਵਾਦੀ ਸਮਾਜ ਸੁਧਾਰਕ ਅਤੇ ਆਜ਼ਾਦੀ ਘੁਲਾਟੀਏ ਸਵ: ਡਾ. ਐਸ. ਐਨ. ਸੂਬਾ ਰਾਓ ਨੂੰ ਸਮਰਪਿਤ ਇਸ ਕੈਂਪ ਦਾ ਮੁੱਖ ਵਿਸ਼ਾ ਸ਼ਾਂਤੀ ਅਤੇ ਸਦਭਾਵਨਾ ਸੀ।ਕੈਂਪ ਦੌਰਾਨ 700 ਤੋਂ ਵੱਧ ਬੱਚਿਆਂ ਨੇ 16 ਵੱਖ-ਵੱਖ ਕਲਾਵਾਂ, ਜਿਨ੍ਹਾਂ ਵਿੱਚ ਰੰਗ-ਮੰਚ, ਡਾਂਸ, ਸੰਗੀਤ, ਮਿੱਟੀ ਦੇ ਭਾਂਡੇ ਅਤੇ ਖਿਡੌਣੇ ਬਣਾਉਣਾ, ਚਿੱਤਰਕਾਰੀ, ਮਾਰਸ਼ਲ ਆਰਟ, ਘੋੜ-ਸਵਾਰੀ, ਪੱਤਰਕਾਰੀ, ਨਿਸ਼ਾਨੇਬਾਜ਼ੀ, ਗੁੱਡੀਆਂ ਬਣਾਉਣਾ, ਫ਼ੋਟੋਗ੍ਰਾਫੀ, ਡਿਜ਼ਾਇਨ ਵਰਕਸ਼ਾਪ ਅਤੇ ਮੰਚ ਸੰਚਾਲਨ ਕਲਾ ਦੇ ਮੁੱਢਲੇ ਸਬਕ ਗ੍ਰਹਿਣ ਕੀਤੇ। ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਰੋਜ਼ਾਨਾ ਸਵੇਰ ਦੀ ਸਭਾ ਦੌਰਾਨ ਮੈਡੀਟੇਸ਼ਨ, ਧਿਆਨ ਅਤੇ ਪ੍ਰੇਰਨਾਤਮਕ ਵਿਚਾਰਾਂ ਦਾ ਅਭਿਆਸ ਕਰਵਾਇਆ। ਮਕੈਨਿਕ ਤਰਸੇਮ ਸਿੰਘ, ਨਿਰਭੈ ਛਾਜਲੀ ਅਤੇ ਕਾਲਾ ਸਿੰਘ ਨੇ ਵਰਕਸ਼ਾਪ ਵਿੱਚ ਬੱਚਿਆਂ ਨੂੰ ਮਾਰੂਤੀ ਕਾਰ ਦੇ ਇੰਜਣ, ਗੇਅਰ, ਬਰੇਕ ਅਤੇ ਸਟੇਅਰਿੰਗ ਨੂੰ ਆਪਣੇ ਹੱਥੀਂ ਪੂਰਾ ਖੋਲ੍ਹ ਕੇ ਪੂਰੀ ਤਕਨੀਕੀ ਜਾਣਕਾਰੀ ਲਈ ਔਜ਼ਾਰਾਂ ਦੀ ਵਰਤੋਂ ਕਰਨੀ ਸਿਖਾਈ। ਬਲਕਾਰ ਤਾਰੀ ਦੀ ਨਿਗਰਾਨੀ ’ਚ ਬੱਚਿਆਂ ਨੇ ਲੱਕੜੀ ਦੇ ਖਿਡੌਣੇ ਬਣਾਏ। ਗੁਰਪ੍ਰੀਤ ਧੂਰੀ ਅਤੇ ਗੁਰਿੰਦਰ ਹਸਨ ਨੇ ਬੱਚਿਆਂ ਨੂੰ ਮਿੱਟੀ ਦੀਆਂ ਮੂਰਤਾਂ ਅਤੇ ਚਿਹਰੇ ਬਣਾਉਣਾ ਸਿਖਾਇਆ।
ਕਮਲਜੀਤ ਸਿੰਘ ਅਤੇ ਕਸ਼ਮੀਰ ਸਿੰਘ ਨੇ ਬੱਚਿਆਂ ਨੂੰ ਰੰਗਾਂ ਦੀ ਵਰਤੋਂ ਅਤੇ ਚਿੱਤਰਕਾਰੀ ਬਾਰੇ ਜਾਣਕਾਰੀ ਦਿੱਤੀ। ਯਸ਼ ਸੰਗਰੂਰ ਨੇ ਬੱਚਿਆਂ ਨੂੰ ਰੰਗ-ਮੰਚ ਨਾਲ ਜੋੜਦਿਆਂ ਨਾਟਕ ਕਲਾ ਸਿਖਾਈ। ਪਰਮ ਢਿੱਲੋਂ ਨੇ ਬੱਚਿਆਂ ਨਾਲ ਮਿੱਟੀ ਦੀ ਮਹਿਕ ਆਰਗੈਨਿਕ ਫਾਰਮ ਛਾਜਲਾ, ਭਾਂਡੇ ਕਲੀ ਕਰਨ ਸਬੰਧੀ ਸੁਨੀਲ ਕੁਮਾਰ ਦੀ ਦੁਕਾਨ, ਵੇਰਕਾ ਮਿਲਕ ਪਲਾਂਟ ਅਤੇ ਡੇਰਾ ਸਮਾਧ ਗਾਗਾ ਵਿਖੇ ਜਾ ਕੇ ਦਸਤਾਵੇਜ਼ੀ ਫਿਲਮਾਂਕਣ ਕੀਤਾ। ਕਰਨ ਬਾਵਾ ਨੇ ਬੱਚਿਆਂ ਦੀਆਂ ਡਾਂਸ ਕਲਾਸਾਂ ਲਾਈਆਂ। ਰੁਲਦੂ ਖਾਨ ਨੇ ਬੱਚਿਆਂ ਨੂੰ ਘੋੜ-ਸਵਾਰੀ ਕਰਵਾਈ। ਮੱਡ-ਗੇਮ ਪੂਰੇ ਕੈਂਪ ਦੌਰਾਨ ਖਿੱਚ ਦਾ ਕੇਂਦਰ ਬਣੀ ਰਹੀ। ਕੈਂਪ ਦੌਰਾਨ ਰੋਜ਼ਾਨਾ ਅਖ਼ਬਾਰ ਸੀਬਾ-ਨਿਊਜ਼ ਪ੍ਰਕਾਸ਼ਿਤ ਕੀਤਾ ਗਿਆ। ਬੱਚਿਆਂ ਲਈ ਹਰ ਰੋਜ਼ ਠੰਢੇ-ਮਿੱਠੇ ਪਾਣੀ ਦੀ ਛਬੀਲ ਲਗਦੀ ਸੀ।ਅੰਤਲੇ ਦਿਨ ਬੱਚਿਆਂ ਨੂੰ ਸਰਟੀਫਿਕੇਟ ਵੰਡੇ ਗਏ। ਮੈਡਮ ਅਮਨ ਢੀਂਡਸਾ ਨੇ ਕਿਹਾ ਕਿ ਭਾਵੇਂ ਦਸ ਦਿਨਾਂ ’ਚ ਬੱਚੇ ਕਿਸੇ ਕਲਾ ’ਚ ਸੰਪੂਰਨ ਨਹੀਂ ਹੋ ਸਕਦੇ, ਪਰੰਤੂ ਉਹ ਜ਼ਿੰਦਗੀ ਪਹਿਲੀ ਪੌੜੀ ਉੱਪਰ ਹੀ ਸਖ਼ਸ਼ੀਅਤ ਨੂੰ ਨਿਖਾਰਨਾ ਸਿੱਖ ਲੈਂਦੇ ਹਨ। ਕੈਂਪ ਕੋਆਰਡੀਨੇਟਰ ਰਣਦੀਪ ਸੰਗਤਪੁਰਾ ਨੇ ਦੱਸਿਆ ਕਿ ਸੀਬਾ ਤੋਂ ਇਲਾਵਾ ਹੋਰਨਾਂ ਸਕੂਲਾਂ ਦੇ ਬੱਚਿਆਂ ਨੇ ਵੀ ਬੜੇ ਚਾਵਾਂ ਨਾਲ ਇਸ ਕੈਂਪ ’ਚ ਸ਼ਮੂਲੀਅਤ ਕੀਤੀ।