Home » 419ਵੇਂ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 3 ਦਿਨਾਂ ਵਰਕਸ਼ਾਪ ਸ਼ੁਰੂ

419ਵੇਂ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 3 ਦਿਨਾਂ ਵਰਕਸ਼ਾਪ ਸ਼ੁਰੂ

ਪੁਰਾਤਨ ਹੱਥਲਿਖਤ ਖਰੜਿਆਂ ਬਾਰੇ ਖੋਜਰਥੀਆਂ ਨਾਲ ਪਾਈ ਜਾਵੇਗੀ ਬੌਧਿਕ ਸਾਂਝ: ਡਾ. ਅਮਰਜੀਤ ਸਿੰਘ

by Rakha Prabh
11 views
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ‘ਗੁਰਬਾਣੀ ਦੇ ਹੱਥ ਲਿਖਤ ਖਰੜੇ: ਸ੍ਰੋਤ ਅਤੇ ਅਧਿਐਨ ਵਿਧੀਆਂ ਵਿਸ਼ੇ ਤੇ ਮਿਤੀ 4 ਤੋਂ 6 ਸਤੰਬਰ, 2023 ਤੱਕ ਤਿੰਨ ਰੋਜ਼ਾ ਅਯੋਜਿਤ ਕੀਤੀ ਜਾ ਰਹੀ ਵਰਕਸ਼ਾਪ ਦੀ ਆਰੰਭਤਾ ਕਰਦਿਆਂ ਕੇਂਦਰ ਦੇ ਡਾਇਰੈਕਟਰ ਪ੍ਰੋ. ਅਮਰਜੀਤ ਸਿੰਘ ਨੇ ਵਰਕਸ਼ਾਪ ਦੇ ਕੇਂਦਰੀ ਵਿਸ਼ੇ ਉੱਤੇ ਰੌਸ਼ਨੀ ਪਾਈ ਤੇ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਉਪਰੰਤ ਅੱਜ ਪਹਿਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਪ੍ਰੋਫ਼ੈਸਰ ਅਮਰ ਸਿੰਘ ਵੱਲੋਂ ਨਿੱਜੀ ਤੌਰ ਤੇ ਇੱਕ ਖੋਜ ਪ੍ਰੋਜੈਕਟ ਦੇ ਤਹਿਤ ਦੇਸ਼ ਦੀਆਂ ਵੱਖ-ਵੱਖ ਲਾਇਬ੍ਰੇਰੀਆਂ, ਗੁਰਦੁਆਰਿਆਂ, ਸੰਪਰਦਾਵਾਂ, ਡੇਰਿਆਂ, ਮੰਦਿਰਾਂ ਅਤੇ ਨਿੱਜੀ ਤੌਰ ਤੇ ਘਰਾਂ ਵਿੱਚੋਂ ਡਿਜੀਟਾਈਜ਼ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪਾਂ ਦੇ ਦਰਸ਼ਨ, ਇਤਿਹਾਸਕ ਮਹੱਤਵ, ਇਹਨਾਂ ਵਿੱਚ ਦਿੱਤੀ ਗਈ ਅਦਭੁੱਤ ਕਿਸਮ ਦੀ ਚਿੱਤਰਕਾਰੀ, ਲਿਖਾਰੀਆਂ ਦੇ ਮਨੋਭਾਵ ਤੇ ਦਰਪੇਸ਼ ਸਮੱਸਿਆਵਾਂ, ਗੁਰਮੁਖੀ ਲਿੱਪੀ ਦੇ ਅੱਖਰਾਂ ਦੀ ਬਣਤਰ ਦੇ ਵੱਖ ਵੱਖ ਪੜਾਅ, ਹੱਥ ਨਾਲ ਬਣੇ ਕਾਗ਼ਜ ਅਤੇ ਸਿਆਹੀ ਬਣਾਉਣ ਦੀਆਂ ਵਿਧੀਆਂ, ਵਿਸੇਸ਼ਤਾਵਾਂ ਅਤੇ ਅਧਿਐਨ ਪਾਸਾਰਾਂ ਬਾਰੇ ਇਸ ਵਰਕਸ਼ਾਪ ਵਿਚ ਵੱਖ-ਵੱਖ ਵਿਭਾਗਾਂ ਤੋਂ ਹਿੱਸਾ ਲੈ ਰਹੇ ਰੀਸਰਚ ਸਕਾਲਰਜ਼ ਨਾਲ ਸੰਵਾਦੀ ਰੂਪ ਵਿਚਾਰ ਸਾਂਝੇ ਕੀਤੇ ਗਏ। ਵਰਕਸ਼ਾਪ ਦੇ ਦੂਸਰੇ ਸ਼ੈਸ਼ਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ ਨੇ ਪੁਰਾਤਨ ਹੱਥ ਲਿਖਤ ਸਰੂਪਾਂ ਦੇ ਦਰਸ਼ਨ ਅਤੇ ਵੱਖ-ਵੱਖ ਲਿਖਾਰੀਆਂ ਵੱਲੋਂ ਹੱਥ ਲਿਖਤ ਸਰੂਪਾਂ ਵਿੱਚ ਮੌਜ਼ੂਦ ਉਣਤਾਈਆਂ ਬਾਰੇ ਰੀਸਰਚ ਸਕਾਲਰਜ਼ ਨਾਲ ਸਾਂਝ ਪਾਈ ਗਈ। ਇਸ ਤੋਂ ਇਲਾਵਾ ਉਹਨਾਂ ਨੇ,ਐਮ. ਐਸ 1245 ਵਣਜਾਰਾ ਪੋਥੀ, ਬਾਹੋਵਾਲ ਵਾਲੀ ਪੋਥੀ ਨੂੰ ਆਧਾਰ ਬਣਾ ਕੇ ਪੱਛਮੀ ਵਿਦਵਾਨਾਂ ਵੱਲੋਂ ਕੱਢੇ ਗਏ ਨਿਰਣਿਆਂ ਦੀ ਅਸਲੀਅਤ ਨੂੰ ਉਜਾਗਰ ਕੀਤਾ। ਉਨ੍ਹਾਂ ਦੱਸਿਆ ਕਿ ਪੱਛਮੀ ਵਿਦਵਾਨਾਂ ਵੱਲੋਂ ਖੋਜ ਨਿਯਮਾਂ ਦੀ ਉਲੰਘਣਾ ਕਰਦਿਆਂ ਗੁੰਮਨਾਮ ਖਰੜਿਆਂ ਨੂੰ ਆਧਾਰ ਬਣਾ ਕੇ ਗਲਤ ਧਾਰਨਾਵਾਂ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰੰਤੂ ਇਨ੍ਹਾਂ ਪੋਥੀਆਂ ਦੀਆਂ ਅੰਦਰੂਨੀ ਗਵਾਹੀਆਂ ਤੋਂ ਸਚਾਈ ਸਾਹਮਣੇ ਆ ਜਾਂਦੀ ਹੈ। ਉਹਨਾਂ ਨੇ ਬਾਹੋਵਾਲ ਪੋਥੀ ਤੇ ਵਣਜਾਰਾ ਪੋਥੀ ਅਤੇ ਇਨ੍ਹਾਂ ਪੋਥੀਆਂ ਵਿੱਚ ਲਿਖਾਰੀਆਂ ਵੱਲੋਂ ਕੀਤੀਆਂ ਗਈਆਂ ਗਲਤੀਆਂ ਬਾਰੇ ਵੀ ਖੋਜਾਰਥੀਆਂ ਨਾਲ ਸਾਂਝ ਪਾਈ। ਵਰਕਸ਼ਾਪ ਦੇ ਪਹਿਲੇ ਦਿਨ ਇਸ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿਚੋਂ ਖੋਜਾਰਥੀਆਂ ਅਤੇ ਵਿਦਵਾਨਾਂ ਨੇ ਹਿੱਸਾ ਲਿਆ। ਖੋਜਾਰਥੀਆਂ ਵੱਲੋਂ ਇਸ ਵਰਕਸ਼ਾਪ ਨੂੰ ਲੈ ਕੇ ਬਹੁਤ ਉਤਸੁਕਤਾ ਦੇਖਣ ਨੂੰ ਮਿਲੀ, ਉਹਨਾਂ ਦੁਆਰਾ ਪ੍ਰੋਫ਼ੈਸਰ ਸਾਹਿਬਾਨਾਂ ਨੂੰ ਬਹੁਤ ਸਾਰੇ ਪ੍ਰਸ਼ਨ ਕੀਤੇ ਗਏ ਅਤੇ ਉਹਨਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਵੀ ਮਿਲਿਆ। ਇਸ ਤਿੰਨ ਰੋਜਾ ਵਰਕਸ਼ਾਪ ਦਾ ਮੁੱਖ ਮਕਸਦ ਖੋਜਾਰਥੀਆਂ ਨੂੰ ਇਹਨਾਂ ਅਣਗੋਲੇ ਵਿਸ਼ਿਆਂ ਉੱਪਰ ਖੋਜ ਕਾਰਜ ਕਰਨ ਲਈ ਸੁਚੇਤ ਕਰਨਾ ਅਤੇ ਜ਼ਿਮੇਵਾਰ ਸੰਸਥਾਵਾਂ ਦਾ ਇਸ ਨਾਜ਼ੁਕ ਮਸਲੇ ਪ੍ਰਤੀ ਧਿਆਨ ਦਿਵਾਉਣਾ ਰਹੇਗਾ।

Related Articles

Leave a Comment