ਸੰਗਰੂਰ, 4 ਜੁਲਾਈ, 2023: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਨ੍ਹੀਂ ਦਿਨੀਂ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀ ਹਦੂਦ ਅੰਦਰ ਆਉਂਦੇ ਇਲਾਕਿਆਂ ਵਿੱਚ ਫੋਗਿੰਗ ਪ੍ਰਕਿਰਿਆ ਜਾਰੀ ਹੈ। ਨਿਰਧਾਰਿਤ ਕੀਤੇ ਗਏ ਸ਼ਡਿਊਲ ਅਨੁਸਾਰ ਕਾਰਜਸਾਧਕ ਅਧਿਕਾਰੀਆਂ ਦੀ ਅਗਵਾਈ ਹੇਠ ਗਠਿਤ ਟੀਮਾਂ ਵਾਰਡਾਂ ਵਿੱਚ ਜਾ ਕੇ ਫੋਗਿੰਗ ਦੀ ਕਾਰਵਾਈ ਨੂੰ ਅਮਲ ਵਿੱਚ ਲਿਆ ਰਹੀਆਂ ਹਨ।
ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੀ ਅਗਵਾਈ ਹੇਠ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਹ ਟੀਮਾਂ ਘਰਾਂ, ਦੁਕਾਨਾਂ ਤੇ ਸੰਸਥਾਨਾਂ ਵਿਖੇ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਕਰ ਰਹੀਆਂ ਹਨ ਅਤੇ ਲਾਰਵਾ ਪਾਏ ਜਾਣ ’ਤੇ ਚਲਾਨ ਕੱਟਣ ਦੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਦੌਰਾਨ ਟੀਮਾਂ ਵੱਲੋਂ ਘਰਾਂ ਵਿੱਚ ਰੱਖੇ ਕੂਲਰ, ਫਰਿੱਜ, ਟਰੇਆਂ, ਗਮਲੇ, ਹੋਦੀਆਂ, ਖਾਲੀ ਟਾਇਰਾਂ ਆਦਿ ਦੀ ਜਾਂਚ ਕਰਦਿਆਂ ਖੜ੍ਹੇ ਪਾਣੀ ਨੂੰ ਬਾਹਰ ਕਢਵਾਇਆ ਗਿਆ ਅਤੇ ਲੋਕਾਂ ਨੂੰ ਭਵਿੱਖ ਵਿੱਚ ਅਜਿਹੀਆਂ ਥਾਵਾਂ ’ਤੇ ਪਾਣੀ ਨਾ ਖੜ੍ਹਨ ਦੇਣ ਲਈ ਪ੍ਰੇਰਿਤ ਕੀਤਾ ਗਿਆ।