ਹੁਸ਼ਿਆਰਪੁਰ 3 ਸਤੰਬਰ (ਤਰਸੇਮ ਦੀਵਾਨਾ )-ਸ੍ਰੀ ਗੁਰੂ ਰਵਿਦਾਸ ਚਰਨਛੋਹ ਪ੍ਰਾਪਤ ਇਤਿਹਾਸਕ ਅਸਥਾਨ ਸ੍ਰੀ ਚਰਨਛੋਹ ਗੰਗਾ ਸੱਚਖੰਡ ਖੁਰਾਲਗੜ ਸਾਹਿਬ ਸਾਰੇ ਸੰਸਾਰ ਲਈ ਆਸਥਾ ਦਾ ਕੇਂਦਰ ਹੈ ਗੁਰੂ ਘਰ ਦੇ ਦਰਵਾਜ਼ੇ 24 ਘੰਟੇ ਸੰਗਤਾਂ ਲਈ ਖੁੱਲੇ ਰਹਿੰਦੇ ਹਨ ਅਤੇ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਠਹਿਰਣ,ਲੰਗਰ, ਪਾਰਕਿੰਗ ਹਰ ਪ੍ਰਕਾਰ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ “ਧਰਮ ਗੁਰੂ”ਸੰਤ ਸਰਵਣ ਦਾਸ ਜੀ ਡੇਰਾ ਸੰਤ ਟਹਿਲ ਦਾਸ ਜੀ ਸਲੇਮਟਾਵਰੀ ਲੁਧਿਆਣਾ ਨੇ ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.)ਭਾਰਤ ਦੇ ਗ੍ਰਹਿ ਵਿਖੇ ਉਨਾਂ ਹਾਲ ਜਾਨਣ ਸਮੇਂ ਕੀਤਾ ਅਤੇ ਸਤਿਗੁਰੂ ਦੇ ਚਰਨਾਂ ਵਿਚ ਸੰਤ ਹੀਰਾ ਦੀ ਤੰਦਰੁਸਤੀ ਤੇ ਚੜਦੀਕਲਾ ਲਈ ਅਰਦਾਸ ਕੀਤੀ। ਇਸ ਮੌਕੇ ਉਨਾਂ ਨਾਲ ਕੌਮੀ ਕੈਸ਼ੀਅਰ ਅਮਿਤ ਕੁਮਾਰ ਪਾਲ, ਸੰਤ ਬਲਵੀਰ ਧਾਂਦਰਾ ਜਨਰਲ ਸਕੱਤਰ ਚਰਨਛੋਹ ਗੰਗਾ ਖੁਰਾਲਗੜ ਸਾਹਿਬ, ਪੱਤਰਕਾਰ ਓ ਪੀ ਰਾਣਾ ਹੁਸ਼ਿਆਰਪੁਰ ਵੀ ਮੌਜੂਦ ਸਨ।
ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਧਰਮ ਗੁਰੂ ਨੇ ਕਿਹਾ ਕਿ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਿੱਚ ਬਹੁਤ ਪੜੇ ਲਿਖੇ, ਬੁਧੀਜੀਵੀ,ਚੰਗੀਆਂ ਪੋਸਟਾਂ ਤੋਂ ਸੇਵਾ ਮੁਕਤ ਅਫਸਰ ਸਹਿਬਾਨ ਲੋਕ ਸ਼ਾਮਿਲ ਹਨ,ਜੋ ਕਿ ਹਰ ਮਹੀਨੇ ਮੀਟਿੰਗ ਕਰਕੇ ਗੁਰੂ ਘਰ ਦੇ ਉਸਾਰੂ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹਨ। ਇਕ ਸਵਾਲ ਦੇ ਜਬਾਬ ਵਿਚ ਧਰਮ ਗੁਰੂ ਸੰਤ ਸਰਵਣ ਦਾਸ ਨੇ ਕਿਹਾ ਕਿ ਅਗਰ ਕਿਸੇ ਸੇਵਾਦਾਰ ਨੂੰ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਪ੍ਰਬੰਧਕ ਕਮੇਟੀ ਕੋਲ ਲਿਖਤੀ ਸ਼ਿਕਾਇਤ ਅਤੇ ਸੁਝਾਅ ਦੇ ਸਕਦਾ ਹੈ , ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.)ਭਾਰਤ ਦੇ ਚੇਅਰਪ੍ਰਸਨ ਬੀਬੀ ਕਮਲੇਸ਼ ਕੌਰ ਘੇੜਾ, ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਉਸ ਸ਼ਿਕਾਇਤ ਨੂੰ ਸੁਣ ਕੇ ਹੱਲ ਕਰਨਗੇ। ਸੰਤ ਸਰਵਣ ਦਾਸ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਕ੍ਰਾਂਤੀਕਾਰੀ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ , ਬਾਬੂ ਮੰਗੂ ਰਾਮ ਮੁਗੋਵਾਲੀਆ , ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ , ਬਾਬੂ ਕਾਂਸ਼ੀ ਰਾਮ,ਬਾਬਾ ਬੰਤਾ ਰਾਮ ਘੇੜਾ ਦੇ ਚਲਾਏ ਧਾਰਮਿਕ, ਸਮਾਜਿਕ ਤੇ ਰਾਜਨੀਤਕ ਪਰਿਵਰਤਨ ਦੇ ਮਿਸ਼ਨ ਨੂੰ ਆਲ ਇੰਡੀਆ ਆਦਿ ਧਰਮ ਮਿਸ਼ਨ ਜਨ ਜਨ ਤੱਕ ਪਹੁੰਚਾਉਣ ਲਈ ਦਿਨ ਰਾਤ ਸ਼ੰਘਰਸ਼ ਕਰ ਰਿਹਾ ਹੈ।
ਇਸ ਮੌਕੇ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਆਦਿ ਧਰਮ ਮਿਸ਼ਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਕੌਮ ਦੇ ਮਹਾਨ ਰਹਿਬਰਾਂ ਵਲੋਂ ਸਦੀਆਂ ਤੋਂ ਚਲਾਇਆ ਧਾਰਮਿਕ, ਸਮਾਜਿਕ ਪਰਿਵਰਤਨ ਦਾ ਅੰਦੋਲਨ ਹੈ ਜਿਸ ਵਿਚੋਂ ਰਾਜਨੀਤਕ ਪਰਿਵਰਤਨ ਦੇ ਦਰਵਾਜ਼ੇ ਖੁਲਦੇ ਹਨ। ਉਨ੍ਹਾਂ ਕਿਹਾ ਆਦਿ ਧਰਮ ਅੰਦੋਲਨ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਸਮਾਜ ਦੇ ਬੁਧੀਜੀਵੀ ਪ੍ਰਚਾਰਕਾਂ ਦਾ ਅਹਿਮ ਸਥਾਨ ਹੈ।ਉਨਾਂ ਕਿਹਾ ਕਿ ਆਦਿ ਧਰਮ ਮਿਸ਼ਨ ਦੇ ਪਲੇਟਫਾਰਮ ਤੋਂ ਪੰਜਾਬ ਅਤੇ ਦੂਜਿਆਂ ਸੂਬਿਆਂ ਤੋਂ ਉਨਾਂ ਨੇ ਬੜੀ ਮਿਹਨਤ ਮੁਸ਼ੱਕਤ ਨਾਲ ਬੁਧੀਜੀਵੀ, ਪੜੇ ਲਿਖੇ ਨੌਜਬਾਨ ਪ੍ਰਚਾਰਕ ਤਿਆਰ ਕੀਤੇ ਹਨ। ਉਨਾਂ ਕਿਹਾ ਕਿ ਉਹ ਜੀਵਨ ਦੇ ਆਖਰੀ ਸਵਾਸ਼ਾਂ ਤੱਕ ਆਦਿ ਧਰਮ ਮਿਸ਼ਨ ਨੂੰ ਲੈ ਕੇ ਅੱਗੇ ਵਧਦੇ ਰਹਿਣਗੇ ਇਸ ਲਈ ਉਨਾਂ ਨੂੰ ਭਾਵੇਂ ਕੋਈ ਵੀ ਮਸੀਬਤ ਝੱਲਣੀ ਪਵੇ ਜਾਂ ਕੋਈ ਵੀ ਕੁਰਬਾਨੀ ਕਰਨੀ ਪਵੇ।