ਚੰਡੀਗੜ੍ਹ, 2 ਅਗਸਤ, 2023: ਇਨਕਲਾਬੀ ਕੇਂਦਰ ਪੰਜਾਬ ਨੇ ਹਰਿਆਣਾ ਦੇ ਮੁਸਲਿਮ ਬਹੁਲ ਇਲਾਕੇ ਜਿਲਾ ਨੂੰਹ ਵਿਖੇ ਆਰ ਐੱਸ ਐੱਸ ਦੇ ਗੁੰਡਿਆਂ ਵਲੋਂ ਇਕ ਸਾਜਿਸ਼ ਤਹਿਤ ਭੜਕਾਈ ਫਿਰਕੂ ਅੱਗ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਇਸ ਅੱਗ ਨੇ ਹੁਣ ਪੰਜ ਜਿਲਿਆਂ ਸਮੇਤ ਗੁਰੂਗਰਾਮ ਨੂੰ ਅਪਣੀ ਲਪੇਟ ਚ ਲੈ ਲਿਆ ਹੈ। ਮਸਜਿਦ ਦੇ ਨਾਇਬ ਇਮਾਮ ਸਮੇਤ ਪੰਜ ਲੋਕਾਂ ਦੀ ਬਲੀ ਲੈ ਲਈ ਗਈ ਹੈ। ਕੁੱਝ ਅਰਸਾ ਪਹਿਲਾਂ ਮੁਸਲਿਮ ਨੋਜਵਾਨ ਜੂਨੈਦ ਦੇ ਕਤਲ ਦੇ ਦੋਸ਼ੀ ਬਜਰੰਗ ਦਲੀਏ ਮੋਨਾ ਮਾਨੇਸਰ ਨੂੰ ਹਿੰਦੂ ਜਥੇਬੰਦੀਆਂ ਵਲੋਂ ਨੂੰਹ ਚ ਕੱਢੀ ਜਾ ਰਹੀ ਯਾਤਰਾ ਚ ਸ਼ਾਮਲ ਕਰ ਲੈਣ ਦੇ ਵਾਇਰਲ ਵੀਡੀਓ ਨੇ ਇਹ ਫਿਰਕੂ ਭੜਕਾਹਟ ਜਾਣਬੁੱਝ ਕੇ ਪੈਦਾ ਕੀਤੀ ਹੈ। ਉੱਘੇ ਸਮਾਜ ਸ਼ਾਸਤਰੀ ਲੰਮੇ ਸਮੇਂ ਤੋਂ ਇਹ ਖਦਸ਼ਾ ਜਾਹਰ ਕਰ ਰਹੇ ਸਨ ਕਿ 2024 ਦੀਆਂ ਚੋਣਾਂ ਜਿੱਤਣ ਲਈ ਭਾਜਪਾ ਹਕੂਮਤ ਕਿਸੇ ਵੀ ਹੱਦ ਤਕ ਗਿਰ ਸਕਦੀ ਹੈ। ਮਨੀਪੁਰ ‘ਚ ਫਿਰਕੂ ਕਤਲੇਆਮ ਤੇ ਸੁਪਰੀਮ ਕੋਰਟ ਵਲੋਂ ਪਾਈ ਫਟਕਾਰ ਮਨੀਪੁਰ ਦੀ ਭਾਜਪਾ ਸਰਕਾਰ ਦੀ ਮਸ਼ੀਨਰੀ ਦੇ ਬੁਰੀ ਤਰਾਂ ਫੇਲ ਹੋਣ ਦੀ ਟਿੱਪਣੀ ਕਰਕੇ ਸਿਰੇ ਦੀ ਲਾਹਨਤ ਪਾਈ ਹੈ। ਇਹ ਵਿਚਾਰ ਅੱਜ ਇਥੇ ਪੇਸ਼ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਾਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਪੇਸ਼ ਕੀਤੇ।
ਉਨਾਂ ਕਿਹਾ ਕਿ ਮਣੀਪੁਰ ਚ ਘਟਗਿਣਤੀ ਇਸਾਈ ਭਾਈਚਾਰੇ ਦੀਆਂ ਕੂਕੀ ਜੋਮ ਕਬੀਲੇ ਦੀਆਂ ਔਰਤਾਂ ਨਾਲ ਸਮੂਹਿਕ ਬਲਾਤਕਾਰ, ਨਿਰਵਸਤਰ ਕਰ ਕੇ ਹਜੂਮੀ ਹਿੰਸਾ ਦਾ ਸ਼ਿਕਾਰ ਬਨਾਉਣ ਲਈ ਪੁਲਸ ਵਲੋਂ ਮਤੇਈ ਕਬੀਲੇ ਦੇ ਲੋਕਾਂ ਦੇ ਹਵਾਲੇ ਕਰਨਾ ਸਾਬਤ ਕਰਦਾ ਹੈ ਕਿ ਭਾਜਪਾ ਹਰ ਹਰਬਾ ਵਰਤ ਕੇ ਹਿੰਦੂ ਰਾਜ ਬਨਾਉਣ ਲਈ ਵੌਟ ਬੈਂਕ ਪੱਕਾ ਕਰਨਾ ਚਾਹੁੰਦੀ ਹੈ। ਬਿਲਕੁਲ ਉਵੇਂ ਹੀ ਜਿਵੇਂ ਗੁਜਰਾਤ ਚ ਮੋਦੀ ਰਾਜ ਸਮੇਂ 2002 ਚ ਗੁਜਰਾਤ ਪੁਲਸ ਨੇ ਬਜਰੰਗ ਦਲੀਆਂ ਨੂੰ ਮੁਸਲਮਾਨਾਂ ਦੇ ਕਤਲ ਅਤੇ ਔਰਤਾਂ ਦੇ ਬਲਾਤਕਾਰ ਦੀ ਖੁਲੀ ਛੁਟੀ ਦਿੱਤੀ ਸੀ। ਉਹੀ ਕੁਝ ਹੁਣ ਮਨੀਪੁਰ ਤੋਂ ਬਾਅਦ ਹਰਿਆਣੇ ਦੇ ਭਾਜਪਾ ਰਾਜ ਚ ਹੋ ਰਿਹਾ ਹੈ। ਦੁਕਾਨਾਂ, ਢਾਬੇ ਸਾੜੇ ਜਾ ਰਹੇ ਹਨ, ਲੁਟੇ ਜਾਰੀ ਹਨ। ਹਰਿਆਣਾ ਭਰ ਚ ਘਟ ਗਿਣਤੀਆਂ ਲਈ ਭਾਰੀ ਦਹਿਸ਼ਤ ਦਾ ਮਾਹੌਲ ਹੈ।
ਦੋਹਾਂ ਆਗੂਆਂ ਨੇ ਦੇਸ਼ ਭਰ ਦੇ ਇਨਸਾਫਪਸੰਦ ਵਿਸ਼ੇਸ਼ਕਰ ਹਰਿਆਣਾ ਦੇ ਲੋਕਾਂ ਨੂੰ ਭਾਜਪਾ ਦੀਆਂ ਇਨਾਂ ਕੁਚਾਲਾਂ ਤੋਂ ਸੁਚੇਤ ਰਹਿਣ ਤੇ ਇਸ ਫਿਰਕੂ ਲੜਾਈ ਦਾ ਡਟਵਾਂ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ।