ਸੰਗਰੂਰ, 28 ਜੁਲਾਈ, 2023: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਟੀ ਡਾ ਵਿਨੀਤ ਕੁਮਾਰ ਵੱਲੋਂ ਬੀਤੀ ਰਾਤ ਵਾਹਨਾਂ ਦੀ ਚੈਕਿੰਗ ਲਈ ਵਿਸ਼ੇਸ਼ ਅਭਿਆਨ ਚਲਾਇਆ ਗਿਆ। ਇਸ ਦੌਰਾਨ ਉਨ੍ਹਾਂ ਨੇ ਵਾਹਨਾਂ ਦੇ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਅਤੇ ਕਮੀਆਂ ਸਾਹਮਣੇ ਆਉਣ ਤੇ 4 ਵਾਹਨ ਇੰਪਾਊਡ ਕੀਤੇ ਗਏ ਜਦਕਿ 33 ਵਾਹਨਾਂ ਦੇ ਚਲਾਨ ਕੱਟੇ ਗਏ।
ਇਸ ਸਬੰਧੀ ਸਕੱਤਰ ਵਿਨੀਤ ਕੁਮਾਰ ਨੇ ਦੱਸਿਆ ਕਿ ਆਵਾਜਾਈ ਨਿਯਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਦਿਨ ਅਤੇ ਰਾਤ ਵਿਚ ਸਮੇਂ-ਸਮੇਂ ’ਤੇ ਵਾਹਨਾਂ ਦੇ ਦਸਤਾਵੇਜ਼ਾਂ, ਡਰਾਈਵਰ ਅਤੇ ਕੰਡਕਟਰ ਦੇ ਲਾਇੰਸਸ ਦੀ ਅਚਨਚੇਤ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਸਮੂਹ ਵਾਹਨ ਚਾਲਕਾਂ ਨੂੰ ਹਦਾਇਤ ਕੀਤੀ ਕਿ ਸੜਕੀ ਆਵਾਜਾਈ ਦੇ ਸਾਰੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਬੱਸਾਂ, ਕਾਰਾਂ ਟਰੱਕ ਉਪਰੇਟਰਾਂ ਦੇ ਮਾਲਕਾਂ ਨੂੰ ਆਪਣੇ ਵਾਹਨਾਂ ਦੇ ਦਸਤਾਵੇਜ਼ ਪੂਰੇ ਰੱਖਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਹਰੇਕ ਵਾਹਨ ਚਾਲਕ ਆਪਣੀ ਗੱਡੀ ਦੇ ਅੱਗੇ ਤੇ ਪਿੱਛੇ ਰਿਫਲੈਕਟਰ ਲਾਜ਼ਮੀ ਤੌਰ ਤੇ ਲਗਾਉਣ।
ਸਕੱਤਰ ਨੇ ਕਿਹਾ ਕਿ ਵਾਹਨਾਂ ਦੀ ਚੈਕਿੰਗ ਪ੍ਰਕਿਰਿਆ ਲਗਾਤਾਰ ਜਾਰੀ ਰੱਖੀ ਜਾਵੇਗੀ ਅਤੇ ਜ਼ਿਲ੍ਹਾ ਸੰਗਰੂਰ ਵਿਖੇ ਆਵਾਜਾਈ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ।