ਅੰਮ੍ਰਿਤਸਰ 26 ਅਗਸਤ 2023-( ਰਣਜੀਤ ਸਿੰਘ ਮਸੌਣ) ਜਨਮਦਿਨ ਤੇ ਪੁਲਿਸ ਪਾਰਟੀ ਕਾਰਨ ਸੁਰਖੀਆਂ ਵਿੱਚ ਆਏ ਬਦਨਾਮ ਧੱੜੇ ਸੱਟੇ ਦੇ ਕਾਰੋਬਾਰੀ ਕਮਲ ਕੁਮਾਰ ਉਰਫ਼ ਬੋਰੀ ਨੂੰ ਸੂਤਰਾਂ ਦੇ ਹਵਾਲੇ ਤੋਂ ਪਤਾ ਚੱਲਿਆ ਹੈ ਕਿ ਪੁਲਿਸ ਨੇ ਗਵਾਲ ਮੰਡੀ, ਰਾਮ ਤੀਰਥ ਰੋਡ ਤੇ ਸਥਿਤ ਉਸ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਹੈ।
ਥਾਣਾ ਕੰਨਟੋਨਮੈਂਟ ਦੀ ਪੁਲਿਸ ਵੱਲੋਂ ਇਹ ਕਾਰਵਾਈ ਵਿਨੋਦ ਕੁਮਾਰ ਸਮਰਾ ਵਾਸੀ #13, ਜੋਸ਼ੀ ਕਲੋਨੀ, ਅੰਮ੍ਰਿਤਸਰ ਦੇ ਬਿਆਨਾਂ ਤੇ ਪਰਚਾ ਦਰਜ ਕਰਕੇ ਅਮਲ ਵਿੱਚ ਲਿਆਂਦੀ ਗਈ ਹੈ। ਵਿਨੋਦ ਕੁਮਾਰ ਸਮਰਾ ਨੇ ਆਪਣੇ ਬਿਆਨਾਂ ਵਿੱਚ ਪੁਲਿਸ ਨੂੰ ਦੱਸਿਆ ਕਿ ਉਸਦਾ 4000 ਵਰਗ ਗਜ਼ ਦਾ ਪਲਾਟ ਜੋ ਚਾਰ ਥੰਮਿਆ ਰੋਡ (ਥਾਣਾ ਕੰਨਟੋਨਮੈਂਟ) ਤੇ ਸਥਿੱਤ ਹੈ। ਇਸ ਉੱਪਰ ਕੁੱਝ ਲੋਕਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਤੇ ਇਸ ਪਲਾਂਟ ਦੇ ਕੀਤੇ ਹੋਏ ਨਜਾਇਜ਼ ਕਬਜ਼ਿਆਂ ਦੇ ਤਿੰਨ ਵੱਖ-ਵੱਖ ਕੇਸ ਅਦਾਲਤਾਂ ਵਿੱਚ ਵੀ ਚੱਲ ਰਹੇ ਹਨ। ਵਿਨੋਦ ਕੁਮਾਰ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਜਦੋਂ ਉਹ ਮਿਤੀ 9/8/23 ਨੂੰ ਸ਼ਾਮ 5.30 ਵਜੇ ਆਪਣਾ ਪਲਾਟ ਵੇਖਣ ਗਿਆ ਤਾਂ ਉੱਥੇ ਮੇਰੇ ਪਲਾਟ ਉੱਪਰ ਕਬਜ਼ਾ ਕੀਤੇ ਵਿਅਕਤੀਆਂ ਵੱਲੋਂ ਅਗ਼ਵਾ ਕਰਕੇ ਇੱਕ ਘਰ ਵਿੱਚ ਲਿਜਾਇਆ ਗਿਆ, ਜਿੱਥੇ ਉੱਥੇ ਉਸ ਨੂੰ ਗਾਲੀ ਗਲੋਚ, ਧਮਕੀਆਂ ਅਤੇ ਕੁੱਟਮਾਰ ਕੀਤੀ ਗਈ।
ਥੋੜੇ ਸਮੇਂ ਬਾਅਦ ਕਮਲ ਬੋਰੀ ਆਪਣੇ ਨਾਲ 8-9 ਅਣਪਛਾਤੇ ਵਿਅਕਤੀਆਂ ਨਾਲ ਉੱਥੇ ਆ ਗਿਆ ਤੇ ਮੈਨੂੰ ਆਣ ਕੇ ਗਾਲੀ ਗਲੋਚ, ਕੁੱਟਮਾਰ, ਪਰਿਵਾਰ ਸਮੇਤ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਸਿਰ ਵਿੱਚ ਪਿਸਤੌਲ ਦਾ ਬੱਟ ਮਾਰਿਆ ਤੇ ਧਮਕੀ ਦਿੱਤੀ ਕਿ ਤੇਰੇ ਤੇ ਐਸ.ਸੀ ਐਕਟ ਦਾ ਪਰਚਾ ਕਰਵਾਉਣਾਂ ਹੈ, ਤੇ ਤੈਨੂੰ ਸਾਰੀ ਉਮਰ ਜੇਲ੍ਹ ਵਿੱਚੋਂ ਬਾਹਰ ਨਹੀਂ ਨਿਕਲਣ ਦੇਣਾ, ਆਪਣੇ ਕੇਸ ਕੀਤੇ ਵਾਪਸ ਲੈ ਲਾ। ਉੱਥੇ ਇਹਨਾਂ ਦੀਆਂ ਔਰਤਾਂ ਵੀ ਆ ਗਈਆਂ। ਮੇਰੇ ਵੱਲੋਂ ਤਰਲੇ ਮਿੰਨਤਾਂ ਕਰਨ ਤੇ ਬਾਅਦ ਮੈਨੂੰ ਛੱਡ ਦਿੱਤਾ ਗਿਆ, ਮੇਰੇ ਸਿਰ ਵਿੱਚ ਰਾਤ ਜ਼ਿਆਦਾ ਦਰਦ ਹੋਣ ਤੇ ਮੈਨੂੰ ਮੇਰੇ ਬੇਟੇ ਵੱਲੋਂ ਇਲਾਜ਼ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਮੇਰੇ ਸਿਰ ਦੀ ਐਮਆਰਆਈ ਕਰਵਾਈ ਗਈ, ਐਮਆਰਆਈ ਵਿੱਚ ਆਇਆ ਕਿ ਪਿਸਤੋਲ ਦਾ ਬੱਟ ਵੱਜਣ ਨਾਲ ਮੇਰੇ ਸਿਰ ਵਿੱਚ ਉੱਥੇ ਖ਼ੂਨ ਜੰਮ ਗਿਆ। ਡਾਕਟਰਾਂ ਵੱਲੋਂ ਮੈਨੂੰ ਘਰ ਵਿੱਚ ਰਹਿਕੇ ਅਰਾਮ ਕਰਨ ਦੀ ਸਲਾਹ ਦਿੱਤੀ ਗਈ। ਮੇਰੇ ਵੱਲੋਂ ਸ਼ਿਕਾਇਤ ਆਨਲਾਈਨ ਘਰ ਤੋਂ ਕੀਤੀ ਗਈ ਤੇ ਮੇਰੇ ਵੱਲੋਂ ਆਪਣੇ ਬਿਆਨ ਡਾਕ ਰਾਹੀਂ ਘਰੋਂ ਲਿਖ ਕੇ ਭੇਜੇ ਗਏ।
ਥਾਣਾ ਕੰਨਟੋਨਮੈਂਟ ਪੁਲਿਸ ਵੱਲੋਂ ਕਮਲ ਕੁਮਾਰ ਉਰਫ਼ ਬੋਰੀ ਅਤੇ ਇਸਦੇ ਸਾਥੀਆਂ ਦੇ ਖਿਲਾਫ਼ ਧਾਰਾ 342, 506,149,149 ਆਰਮਜ਼ ਐਕਟ 25 ਅਧੀਨ ਪਰਚਾ ਦਰਜ ਕਰ ਲਿਆ ਗਿਆ ਹੈ।
ਫ਼ਿਲਹਾਲ ਪੁਲਿਸ ਇਸ ਬਾਰੇ ਕੁੱਝ ਨਹੀਂ ਦੱਸ ਰਹੀ ਕਿ ਬੋਰੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਾਂ ਨਹੀਂ। ਦੱਸ ਦੇਈਏ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਕਾਰਵਾਈ ਕਰਦੇ ਹੋਏ 5 ਪੁਲਿਸ ਇੰਸਪੈਕਟਰਾਂ ਅਤੇ ਦੋ ਡੀਐਸਪੀ ਦਾ ਤਬਾਦਲਾ ਮਲੇਰਕੋਟਲਾ, ਮਾਨਸਾ ਅਤੇ ਬਠਿੰਡਾ ਵਿਖੇ ਕਰ ਦਿੱਤਾ ਗਿਆ ਹੈ, ਕਿਉਂਕਿ ਇਹ ਪੁਲਿਸ ਇੰਸਪੈਕਟਰ ਅਤੇ ਡੀਐਸਪੀ ਕਮਲ ਬੋਰੀ ਦੀ ਪਾਰਟੀ ‘ਚ ਗਾਣੇ ਗਾਉਦੇ ਤੇ ਠੁਮਕੇ ਲਗਾਉਂਦੇ ਵੀਡੀਓ ਵਿੱਚ ਦਿਖਾਈ ਦਿੱਤੇ ਸਨ। ਇਹ ਵਾਇਰਲ ਵੀਡੀਓ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਗੈਂਗਸਟਰਾਂ ਤੇ ਪੁਲਿਸ ਅਧਿਕਾਰੀਆਂ ਦੇ ਗਠਜੋੜ ਨੂੰ ਲੈ ਕੇ ਮੰਥਨ ਕਰ ਰਹੇ ਹਨ।
ਕਮਲ ਕੁਮਾਰ ਉਰਫ਼ ਬੋਰੀ ਖਿਲਾਫ਼ ਪਹਿਲਾਂ ਵੀ ਕਤਲ, ਇਰਾਦਾ ਕਤਲ, ਨਸ਼ਾ ਤਸਕਰੀ, ਧੜਾ ਸੱਟਾ,ਬੁੱਕੀ ਲਗਵਾਉਣਾ ਦੇ ਦੋਸ਼ਾਂ ਅਧੀਨ ਅੱਧੀ ਦਰਜ਼ਨ ਤੋਂ ਵੱਧ ਮਾਮਲੇ ਦਰਜ ਹਨ, ਇੰਨਾਂ ਹੀ ਨਹੀਂ ਬੋਰੀ ਖਿਲਾਫ਼ ਨਾਜਾਇਜ਼ ਅਸਲਾ ਰੱਖਣ ਦਾ ਵੀ ਮਾਮਲਾ ਦਰਜ ਹੈ, ਇਹ ਸਾਰੇ ਮਾਮਲੇ ਅਦਾਲਤ ‘ਚ ਵਿਚਾਰ ਅਧੀਨ ਹਨ।