ਫਗਵਾੜਾ 27 ਜੁਲਾਈ (ਸ਼ਿਵ ਕੋੜਾ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਰਾਜੂ ਅਤੇ ਯੂਥ ਆਪ ਆਗੂ ਹਰਨੂਰ ਮਾਨ ਨੇ ਮਣੀਪੁਰ ਵਿੱਚ ਦੋ ਔਰਤਾਂ ਨਾਲ ਵਾਪਰੀ ਘਟਨਾ ਨੂੰ ਅਣਮਨੁੱਖੀ ਜ਼ੁਲਮ ਕਰਾਰ ਦਿੰਦਿਆਂ ਕਿਹਾ ਕਿ ਮਣੀਪੁਰ ਅੰਦਰ ਪਿਛਲੇ ਕੁਝ ਮਹੀਨਿਆਂ ਤੋਂ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਅਤੇ ਕੇਂਦਰ ਸਰਕਾਰ ਖਾਸ ਕਰਕੇ ਪ੍ਰਧਾਨ ਮੰਤਰੀ ਇਸ ਸਬੰਧੀ ਸੰਸਦ ਵਿੱਚ ਬਿਆਨ ਦੇਣ ਤੋਂ ਗੁਰੇਜ਼ ਕਰ ਰਹੇ ਹਨ ਉਹ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਦੋ ਆਦੀਵਾਸੀ ਔਰਤਾਂ ਨਾਲ ਬੇਰਹਿਮੀ ਅਤੇ ਸੂਬੇ ‘ਚ ਲਗਾਤਾਰ ਹਿੰਸਾ ਲਈ ਮਨੀਪੁਰ ਸਰਕਾਰ ਅਤੇ ਕੇਂਦਰ ਸਰਕਾਰ ਦੋਵੇਂ ਜ਼ਿੰਮੇਵਾਰ ਹਨ। ਦਲਜੀਤ ਸਿੰਘ ਰਾਜੂ ਨੇ ਕਿਹਾ ਕਿ ਜਿਸ ਤਰੀਕੇ ਨਾਲ ਦੋਹਾਂ ਔਰਤਾਂ ਨੂੰ ਨੰਗਿਆਂ ਕਰਕੇ ਪਰੇਡ ਕਰਵਾਈ ਗਈ ਅਤੇ ਉਨ੍ਹਾਂ ਨਾਲ ਸ਼ਰਮਨਾਕ ਬਦਸਲੂਕੀ ਕੀਤੀ ਗਈ ਉਸ ਨੇ ਹਰ ਸੱਭਿਅਕ ਇਨਸਾਨ ਨੂੰ ਸ਼ਰਮਸਾਰ ਕਰ ਦਿੱਤਾ ਹੈ। ਢਾਈ ਮਹੀਨੇ ਪਹਿਲਾਂ ਦੀ ਉਸ ਘਟਨਾ ’ਤੇ ਕੋਈ ਕਾਰਵਾਈ ਉਦੋਂ ਤੱਕ ਨਹੀਂ ਕੀਤੀ ਗਈ ਜਦੋਂ ਤੱਕ ਇਹ ਰਾਸ਼ਟਰੀ ਮੁੱਦਾ ਨਹੀਂ ਬਣ ਗਿਆ, ਇਹ ਕੇਂਦਰ ਦੀ ਮੋਦੀ ਸਰਕਾਰ ਅਤੇ ਮਣੀਪੁਰ ਦੀ ਸਥਾਨਕ ਸਰਕਾਰ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਦੂਜੇ ਪਾਸੇ ਹਰਨੂਰ ਮਾਨ ਨੇ ਕਿਹਾ ਕਿ ਦੇਸ਼ ਵਿੱਚ ਜਦੋਂ ਵੀ ਕੋਈ ਗੰਭੀਰ ਘਟਨਾ ਵਾਪਰਦੀ ਹੈ ਤਾਂ ਪ੍ਰਧਾਨ ਮੰਤਰੀ ਚੁੱਪ ਧਾਰ ਲੈਂਦੇ ਹਨ। ਇਹ ਕਮਜ਼ੋਰ ਨੇਤਾ ਦੀ ਨਿਸ਼ਾਨੀ ਹੈ। ਦਲੇਰ ਨੇਤਾ ਹਮੇਸ਼ਾ ਸਾਹਮਣੇ ਆ ਕੇ ਹਾਲਾਤ ਨਾਲ ਨਜਿੱਠਦਾ ਹੈ ਤੇ ਮੀਡੀਆ ਦੇ ਸਵਾਲਾਂ ਤੋਂ ਬਚਣ ਦੀ ਕੋਸ਼ਿਸ਼ ਨਹੀਂ ਕਰਦਾ। ‘ਆਪ’ ਆਗੂਆਂ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਔਰਤਾਂ ਨਾਲ ਛੇੜਛਾੜ ਕਰਨ ਵਾਲੇ ਕਈ ਮੁਲਜ਼ਮ ਅਜੇ ਵੀ ਪੁਲੀਸ ਦੀ ਗਿਰਫ਼ਤ ਤੋਂ ਦੂਰ ਹਨ, ਜਦੋਂਕਿ ਵਾਇਰਲ ਹੋਈ ਵੀਡੀਓ ਵਿੱਚ ਸਾਰਿਆਂ ਦੇ ਚਿਹਰੇ ਸਾਫ਼ ਨਜ਼ਰ ਆ ਰਹੇ ਹਨ। ਐਫ.ਆਈ.ਆਰ ਵੀ ਅਣਪਛਾਤੇ ਲੋਕਾਂ ਖਿਲਾਫ ਦਰਜ ਕੀਤੀ ਗਈ ਹੈ। ਉਨ੍ਹਾਂ ਮੋਦੀ ਸਰਕਾਰ ਤੋਂ ਪੀੜ੍ਹਤ ਔਰਤਾਂ ਲਈ ਇਨਸਾਫ ਅਤੇ ਮਣੀਪੁਰ ਵਿੱਚ ਸ਼ਾਂਤੀ ਬਹਾਲ ਕਰਨ ਦੀ ਮੰਗ ਵੀ ਕੀਤੀ।