ਫਗਵਾੜਾ 25 ਜੁਲਾਈ (ਸ਼ਿਵ ਕੋੜਾ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਿਸ਼ਨ ਸਾਂਝ ਜਲ ਤਲਾਬ ਤਹਿਤ ਪਿੰਡ ਚਹੇੜੂ ਵਿਖੇ ਬਣਾਏ ਸਾਂਝੇ ਜਲ ਤਲਾਬ ਦਾ ਉਦਘਾਟਨ ਸਾਬਕਾ ਕੈਬਿਨੇਟ ਮੰਤਰੀ ਅਤੇ ਹਲਕਾ ਆਪ ਇੰਚਾਰਜ ਜੋਗਿੰਦਰ ਸਿੰਘ ਮਾਨ ਦੇ ਪੁੱਤਰ ਹਰਨੂਰ ਮਾਨ ਵਲੋਂ ਕੀਤਾ ਗਿਆ। ਇਸ ਦੌਰਾਨ ਉਹਨਾਂ ਤਲਾਬ ਦੇ ਕੰਡੇ ਵਾਤਾਵਰਣ ਸੁਰੱਖਿਆ ਦੇ ਲਿਹਾਜ ਨਾਲ 500 ਬੂਟੇ ਲਗਾਉਣ ਦੇ ਮਿਸ਼ਨ ਦੀ ਅਰੰਭਤਾ ਵੀ ਕਰਵਾਈ। ਹਰਨੂਰ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ। ਇਸ ਨਾਲ ਜਿੱਥੇ ਪਾਣੀ ਨੂੰ ਸੁਰੱਖਿਅਤ ਰੱਖਣ ‘ਚ ਮੱਦਦ ਮਿਲੇਗੀ ਉੱਥੇ ਹੀ ਵਾਤਾਵਰਣ ‘ਚ ਕਾਫੀ ਸੁਧਾਰ ਹੋਵੇਗਾ। ਇਸ ਦੌਰਾਨ ਬੀਡੀਪੀਓ ਰਾਮਪਾਲ ਸਿੰਘ ਰਾਣਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਮਨਰੇਗਾ ਸਕੀਮ ਰਾਹੀਂ ਪੁਰਾਣੇ ਪਾਣੀ ਦੇ ਛੱਪੜਾਂ ਦੀ ਮੁਰੰਮਤ ਵੀ ਕਰਵਾਈ ਜਾ ਰਹੀ ਹੈ। ਬਲਾਕ ਫਗਵਾੜਾ ਵਿਚ ਜਿਹਨਾਂ ਛੱਪੜਾਂ ਦੀ ਸ਼ਨਾਖਤ ਕੀਤੀ ਗਈ ਹੈ, ਉਹਨਾਂ ਛੱਪੜਾਂ ’ਤੇ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ। ਸਰਕਾਰ ਵਲੋਂ ਮਿਸ਼ਨ ਸਾਂਝਾਂ ਜਲ ਤਾਲਾਬ ਦੀ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ। ਇਸ ਮੌਕੇ ਸਰਵਣ ਸਿੰਘ ਸਰਪੰਚ ਚਹੇੜੂ, ਸੀਮਾ ਰਾਣੀ ਬਲਾਕ ਸੰਮਤੀ ਮੈਂਬਰ, ਹਰਮੇਸ਼ ਪਾਠਕ, ਮਲਕੀਤ ਚੰਦ ਪੰਚਾਇਤ ਸਕੱਤਰ, ਸੁਰਿੰਦਰ ਪਾਲ ਏ.ਪੀ.ਓ. ਤਲਵਿੰਦਰ ਰਾਮ ਗ੍ਰਾਮ ਸੇਵਕ, ਅਮਨ ਜੇ.ਈ, ਰਾਮ ਲੁਭਾਇਆ ਆਦਿ ਹਾਜਰ ਸਨ।