ਅੰਮਿ੍ਤਸਰ, 9 ਜੁਲਾਈ (ਰਣਜੀਤ ਸਿੰਘ ਮਸੌਣ) ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਅਤੇ ਡਿਪਟੀ ਕਮਿਸ਼ਨਰ ਅਮਿਤ ਤਲਵਾਰ ਨੇ ਅੱਜ ਭਾਰੀ ਮੀਂਹ ਕਾਰਨ ਪੈਂਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਆਪਣੇ ਬਾਕੀ ਦੇ ਸਾਰੇ ਰੁਝੇਵੇਂ ਰੱਦ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੂੰ ਨਾਲ ਲੈ ਕੇ ਜੰਡਿਆਲਾ ਗੁਰੂ ਹਲਕੇ ਦਾ ਨਿਰੀਖਣ ਕੀਤਾ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਹੁਕਮਾਂ ਦੇ ਮੱਦੇਨਜ਼ਰ ਮੰਤਰੀ ਹਰਭਜਨ ਸਿੰਘ ਨੇ ਹਲਕੇ ਦੇ ਪਿੰਡਾਂ, ਜਿੱਥੇ ਕਿ ਅਕਸਰ ਮੀਂਹ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਜਾਂਦਾ ਹੈ, ਉਸ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਐਸਡੀਐਮ ਸਿਮਰਦੀਪ ਸਿੰਘ ਤੇ ਸਿਵਲ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਮੌਜ਼ੂਦ ਸਨ।
ਪਿੰਡ ਮੱਲੋਵਾਲ ਵਿਖੇ ਡਿਪਟੀ ਕਮਿਸ਼ਨਰ ਤਲਵਾੜ ਵੱਲੋਂ ਮੌਕੇ ‘ਤੇ ਦਿੱਤੀਆਂ ਗਈਆਂ ਹਦਾਇਤਾਂ ਮੁਤਾਬਕ ਪ੍ਰਸ਼ਾਸਨ ਦੀਆਂ ਟੀਮਾਂ ਨੇ ਜੇ.ਸੀ.ਬੀ ਮਸ਼ੀਨਾਂ ਨਾਲ ਪਾਣੀ ਦੇ ਵਹਾਅ ਵਿੱਚ ਪੈਂਦਾ ਹੋਈਆਂ ਰੁਕਾਵਟਾਂ ਦੂਰ ਕਰਵਾਈਆਂ ਅਤੇ ਪੰਪਿੰਗ ਮਸ਼ੀਨਾਂ ਲਗਾਕੇ ਨੀਵੇਂ ਥਾਵਾਂ ਵਿੱਚੋਂ ਪਾਣੀ ਦੀ ਨਿਕਾਸੀ ਕਰਵਾਈ, ਜਿਸ ‘ਤੇ ਲੋਕਾਂ ਨੇ ਕਾਫ਼ੀ ਰਾਹਤ ਮਹਿਸੂਸ ਕੀਤੀ।
ਸਥਾਨਕ ਵਸਨੀਕਾਂ ਨੂੰ ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਉਹ ਖ਼ੁਦ ਹਰ ਵੇਲੇ ਚੌਕਸ ਅਤੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ, ਆਮ ਲੋਕਾਂ ਦੀ ਜਾਨ-ਮਾਨ ਦੀ ਰਾਖੀ ਕੀਤੀ ਜਾਵੇਗੀ ਅਤੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।