ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਜੰਡਿਆਲਾ ਗੁਰੂ ਸ਼ਹਿਰ ਵਿੱਚ ਬੀਤੇ ਦਿਨ ਅੱਗ ਲੱਗਣ ਨਾਲ ਬੁਰੀ ਤਰ੍ਹਾਂ ਨੁਕਸਾਨੀ ਗਈ ਠਠਿਆਰ ਦੀ ਦੁਕਾਨ ਦਾ ਮੌਕਾ ਵੇਖਣ ਅਤੇ ਪੀੜਤ ਦੁਕਾਨਦਾਰ ਨਾਲ ਹਮਦਰਦੀ ਜਤਾਉਣ ਲਈ ਮੌਕੇ ਉੱਤੇ ਪੁੱਜੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਕੁਦਰਤ ਦੀ ਮਾਰ ਹੈ ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਅਜਿਹੀ ਕਿਸੇ ਵੀ ਸੰਕਟ ਵਿੱਚ ਆਪਣੇ ਭਾਈਚਾਰੇ ਦੀ ਮਦਦ ਕਰੀਏ। ਉਨ੍ਹਾਂ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੂੰ ਹਦਾਇਤ ਕੀਤੀ ਕਿ ਉਹ ਉਕਤ ਦੁਕਾਨਦਾਰ ਨੂੰ ਸਹਾਇਤਾ ਦੇਣ ਲਈ ਇਹ ਕੇਸ ਮੁੱਖ ਮੰਤਰੀ ਦਫ਼ਤਰ ਨੂੰ ਤਰੁੰਤ ਭੇਜਣ।
ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਕੈਬਨਿਟ ਮੰਤਰੀ ਹਰਭਜਨ ਸਿੰਘ ਦੇ ਨਿਰਦੇਸ਼ਾਂ ਉੱਤੇ ਅਮਲ ਕਰਦੇ ਜਿਲਾ ਪ੍ਰਸ਼ਾਸਨ ਵੱਲੋਂ 25 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਸਹਾਇਤਾ ਕੋਸ਼ ਵਿੱਚੋਂ ਸਹਾਇਤਾ ਦੇਣ ਲਈ ਇਹ ਕੇਸ ਮੁੱਖ ਮੰਤਰੀ ਦਫ਼ਤਰ ਭੇਜਿਆ ਜਾਵੇਗਾ।