ਫਗਵਾੜਾ 5 ਜੁਲਾਈ (ਸ਼ਿਵ ਕੋੜਾ)ਕੌਮੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ-2023 ਅੱਜ ਪੂਰੀ ਸ਼ਾਨੋ ਸ਼ੌਕਤ ਨਾਲ ਸੰਪਨ ਹੋਈ। ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਨੇ 24 ਸੋਨ ਤਗ਼ਮੇ ਜਿੱਤਕੇ ਮੁਕਾਬਿਲਆਂ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਓਵਰਆਲ ਟਰਾਫੀ ਜਿੱਤੀ ਜਦਕਿ ਮਹਾਂਰਾਸ਼ਟਰ ਵਲੋਂ 20 ਸੋਨ ਤਗ਼ਮੇ ਜਿੱਤਕੇ ਦੂਜਾ ਸਥਾਨ ਹਾਸਿਲ ਕੀਤਾ ਗਿਆ। ਕੌਮੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਇਨਾਮਾਂ ਦੀ ਵੰਡ ਰਾਜ ਸਭਾ ਮੈਂqਬਰ ਅਸ਼ੋਕ ਮਿੱਤਲ ਅਤੇ ਵਿੱਤ ਸਕੱਤਰ ਪੰਜਾਬ ਸ੍ਰੀਮਤੀ ਗਰਿਮਾ ਸਿੰਘ ਵਲੋਂ ਕੀਤੀ ਗਈ।ਇਸ ਮੌਕੇ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਵਲੋਂ ਦਿਖਾਈ ਗਈ ਖੇਡ ਭਾਵਨਾ ਦੀ ਭਰਪੂਰ ਸ਼ਲਾਘਾ ਕਰਦਿਆਂ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੇ ਕਿਹਾ ਕਿ ਇਹ ਖੇਡ ਚੈਂਪੀਅਨਸ਼ਿਪ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁਲਿੱਤ ਕਰਨ ਵਿੱਚ ਮੀਲ ਦਾ ਪੱਥਰ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਆਪਣੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਹੋਰ ਵੀ ਮਿਹਨਤ ਨਾਲ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸੂਬੇ ਅੰਦਰ ਖੇਡਾਂ ਨੂੰ ਹੋਰ ਪ੍ਰਫੁਲਿੱਤ ਕਰਨ ਲਈ ਖਿਡਾਰੀਆਂ ਨੂੰ ਹਰ ਸਹੂਲਤ ਪ੍ਰਦਾਨ ਕਰਵਾਈ ਜਾ ਰਹੀ ਹੈ। ਇਸ ਮੌਕੇ ਸਕੱਤਰ ਵਿੱਤ ਗਰਿਮਾ ਸਿੰਘ ਨੇ ਦੱਸਿਆ ਕਿ ਇਸ ਕੌਮੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਦੇਸ਼ ਭਰ ਤੋਂ 1200 ਤੋਂ ਵੱਧ ਨਾਮੀ ਖਿਡਾਰੀਆਂ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਪੰਜਾਬ ਲਈ ਕੌਮੀ ਪੱਧਰ ਦੀ ਚੈਂਪੀਅਨਸ਼ਿਪ ਕਰਵਾਉਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਚੈਂਪੀਅਨਸ਼ਿਪ ਨਾ ਸਿਰਫ਼ ਕਿੱਕ ਬਾਕਸਿੰਗ ਸਗੋਂ ਸੂਬੇ ਵਿੱਚ ਹੋਰ ਖੇਡਾਂ ਨੂੰ ਪ੍ਰਫੁਲਿੱਤ ਕਰਨ ਵਿੱਚ ਸਹਾਈ ਹੋਵੇਗੀ।ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਵਲੋਂ 24 ਸੋਨ 13 ਚਾਂਦੀ ਅਤੇ 10 ਕਾਂਸੀ ਤਗ਼ਮੇ ਜਿੱਤਕੇ ਓਵਰਆਲ ਟਰਾਫ਼ੀ ਜਿੱਤੀ ਗਈ ਜਦਕਿ ਮਹਾਂਰਾਸ਼ਟਰ ਵਲੋਂ 20 ਸੋਨ ਤਗ਼ਮੇ , 20 ਚਾਂਦੀ ਤਗ਼ਮੇ ਤੇ 33 ਕਾਂਸੀ ਦੇ ਤਗ਼ਮੇ ਜਿੱਤਕੇ ਚੈਂਪੀਅਨਸ਼ਿਪ ਦੌਰਾਨ ਦੂਜਾ ਸਥਾਨ ਪ੍ਰਾਪਤ ਕੀਤਾ ਗਿਆ। ਇਸੇ ਤਰ੍ਹਾਂ ਤਾਮਿਲਨਾਡੂ ਵਲੋਂ 14 ਸੋਨ , 10 ਚਾਂਦੀ ਤੇ 20 ਕਾਂਸੀ ਤਗ਼ਮੇ ਜਿੱਤਕੇ ਤੀਜਾ ਸਥਾਨ ਹਾਸਿਲ ਕੀਤਾ ਗਿਆ। ਇਸ ਮੌਕੇ ਕੌਮੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ-2023 ਵਿੱਚ ਭਾਗ ਲੈਣ ਵਾਲੇ ਦੂਜੇ ਸੂਬਿਆਂ ਦੇ ਖਿਡਾਰੀਆਂ ਵਲੋਂ ਪੰਜਾਬ ਦੀ ਮੇਜ਼ਬਾਨੀ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਚੈਂਪੀਅਨਸ਼ਿਪ ਦੌਰਾਨ ਪ੍ਰਬੰਧਕਾਂ ਵਲੋਂ ਖਿਡਾਰੀਆਂ ਲਈ ਪੁਖ਼ਤਾ ਤੇ ਸੁਚੱਜੇ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਨੈਸ਼ਨਲ ਕਿੱਕ ਬਾਕਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਸੰਤੋ਼ਸ਼ ਅਗਰਵਾਲ ,ਪੰਜਾਬ ਕਿਕ ਹਾਕਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਜਿੰਦਲ , ਕੁਲਦੀਪ ਸਿੰਘ ਉਪ ਪ੍ਰਧਾਨ ਕਾਰਜਕਾਰੀ ਪ੍ਰਧਾਨ ਕਰਤਾਰ ਸਿੰਘ ਤੇ ਹੋਰ ਹਾਜ਼ਰ ਸਨ