ਲਹਿਰਾਗਾਗਾ, 2 ਜੁਲਾਈ, 2023: ਅੱਜ ਇੱਥੇ ਪੈਨਸ਼ਨਰਜ਼ ਹੋਮ ਵਿਖੇ ਪੈਨਸ਼ਨਰਜ਼ ਐਸੋਸੀਏਸ਼ਨ, ਲਹਿਰਾਗਾਗਾ ਦੀ ਮਹੀਨਵਾਰ ਮੀਟਿੰਗ ਸ: ਜਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਪੈਨਸ਼ਨਰਾਂ ਦੀਆਂ ਮੰਗਾਂ ਮਸਲੇ ਵਿਚਾਰਣ ਉਪਰੰਤ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਵਿੱਚੋਂ ਹਰ ਮਹੀਨੇ “ਵਿਕਾਸ ਫੰਡ” ਦੇ ਨਾਂ ‘ਤੇ 200 ਰੁਪਏ ਕਟੌਤੀ ਕਰਨ ਦੇ ਫੈਸਲੇ ਦੀ ਸਖ਼ਤ ਨਿਖੇਧੀ ਕੀਤੀ ਗਈ।
ਇੱਕਠੇ ਹੋਏ ਪੈਨਸ਼ਨਰਾਂ ਨੇ ਸਰਕਾਰ ਖਿਲਾਫ਼ ਰੋਸ ਪ੍ਰਗਟ ਕਰਨ ਲਈ ਰੈਲੀ ਕੀਤੀ ਅਤੇ ਨਾਅਰੇਬਾਜ਼ੀ ਕੀਤੀ। ਪੈਨਸ਼ਨਰਾਂ ਨੂੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਜਰਨੈਲ ਸਿੰਘ, ਜਨਰਲ ਸਕੱਤਰ ਸ਼੍ਰੀ ਮਦਨ ਲਾਲ ਤੇ ਕੈਸ਼ੀਅਰ ਭਗਵਾਨ ਦਾਸ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਇਹ ਫੈਸਲਾ ਪੈਨਸ਼ਨਰਾਂ ਨਾਲ ਸਿੱਧਮ-ਸਿੱਧਾ ਧੱਕਾ ਹੈ ਜਿਸਨੂੰ ਪੰਜਾਬ ਦੇ ਪੈਨਸ਼ਨਰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਹ “ਵਿਕਾਸ ਫੰਡ” ਨਹੀਂ “ਜਜੀਆ” ਹੈ, ਜਿਹੜਾ ਪੈਨਸ਼ਨਰਾਂ ‘ਤੇ ਧੱਕੇ ਨਾਲ ਲਾਗੂ ਕੀਤਾ ਗਿਆ ਹੈ। ਆਗੂਆਂ ਨੇ ਹਲਕਾ ਲਹਿਰਾ ਦੇ ਵਧਾਇਕ ਐਡਵੋਕੇਟ ਵਰਿੰਦਰ ਗੋਇਲ ਨੂੂੰ ਅਪੀਲ ਕੀਤੀ ਕਿ ਉਹ ਖੁਦ ਸੀਨੀਅਰ ਸਿਟੀਜ਼ਨ ਹਨ ਅਤੇ ਸੀਨੀਅਰ ਸਿਟੀਜ਼ਨਜ਼ ਤੇ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਜਾਣਦੇ ਹਨ। ਇਸ ਲਈ ਉਨ੍ਹਾਂ ਨੂੂੰ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਹ ਕਟੌਤੀ ਵਾਪਸ ਲੈਣ ਦੀ ਮੰਗ ਕਰਨੀ ਚਾਹੀਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਰਤਨਪਾਲ ਡੂਡੀਆਂ, ਡਾਕਟਰ ਬਿਹਾਰੀ ਮੰਡੇਰ, ਰਣਜੀਤ ਲਹਿਰਾ, ਬਲਦੇਵ ਚੀਮਾ ਅਤੇ ਸੱਤਪਾਲ ਸਿੰਘ ਹਾਜ਼ਰ ਸਨ।