ਸੰਗਰੂਰ, 26 ਜੂਨ, 2023: ਪਿੰਡ ਬਿਗੜਵਾਲ ਵਿਖੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਸਾਂਝੇ ਤੌਰ ਤੇ ਲੈਣ ਲਈ ਚੱਲ ਰਹੇ ਸੰਘਰਸ਼ ਸਬੰਧੀ ਦੋਵੇਂ ਧਿਰਾਂ ਦਰਮਿਆਨ ਹੋਈ ਲੜਾਈ ਵਿੱਚ ਐਸ.ਐਚ.ਓ. ਸੁਨਾਮ ਦੇ ਪੱਖਪਾਤੀ ਰਵੀਈਏ ਖਿਲਾਫ਼ ਅਤੇ ਦੂਜੀ ਧਿਰ (ਸਾਂਝੀ ਜ਼ਮੀਨ ਲੈਣ ਲਈ ਸੰਘਰਸ਼ ਕਰ ਰਹੀ) ਦੇ ਬਿਆਨ ਦਰਜ ਹੋਣ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਾ ਕਰਨ ਖਿਲਾਫ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਐੱਸ.ਐੱਸ.ਪੀ. ਸੰਗਰੂਰ ਨੂੰ ਬਤੌਰ ਡੈਪੂਟੇਸ਼ਨ ਮਿਲਿਆ ਗਿਆ। ਡੈਪੂਟੇਸ਼ਨ ਨੇ ਐੱਸ.ਐੱਚ.ਓ. ਦੇ ਨਾਲ-ਨਾਲ ਡੀਐਸਪੀ ਸੁਨਾਮ ਦੇ ਰੋਲ ਤੇ ਵੀ ਗੈਰ-ਤਸੱਲੀ ਪ੍ਰਗਟਾਈ। ਡੈਪੂਟੇਸ਼ਨ ਮਿਲਣ ਗਏ ਆਗੂਆਂ ਨੂੰ ਐਸ.ਐਸ.ਪੀ ਨੇ ਭਰੋਸਾ ਦੁਆਇਆ ਕਿ ਕਿਸੇ ਵੀ ਕੀਮਤ ਤੇ ਪੱਖਪਾਤੀ ਰਵੀਈਆ ਨਹੀਂ ਅਪਣਾਇਆ ਜਾਵੇਗਾ ਅਤੇ ਇਸ ਮਾਮਲੇ ਨੂੰ ਦੇਖਣ ਦੀ ਜ਼ਿੰਮੇਵਾਰੀ ਐਸ.ਪੀ.(ਡੀ) ਸੰਗਰੂਰ ਪਲਵਿੰਦਰ ਸਿੰਘ ਚੀਮਾ ਨੂੰ ਸੌਂਪ ਦਿੱਤੀ ਗਈ ਹੈ।
ਅੱਜ ਮਿਲੇ ਡੈਪੂਟੇਸ਼ਨ ਦੀ ਜਾਣਕਾਰੀ ਪ੍ਰੈੱਸ ਨਾਲ ਸਾਂਝੀ ਕਰਦਿਆਂ ਯੂਨੀਅਨ ਦੇ ਸੂਬਾ ਸਕੱਤਰ ਧਰਮਪਾਲ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਬਿਗੜਵਾਲ ਵਿਖੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਸਾਂਝੇ ਤੌਰ ਤੇ ਲੈਣ ਲਈ ਚੱਲ ਰਹੇ ਸੰਘਰਸ਼ ਤਹਿਤ ਪਿਛਲੇ ਦਿਨਾਂ ਵਿੱਚ ਤਹਿਸੀਲਦਾਰ ਸੁਨਾਮ ਨੇ ਦੋਹਾਂ ਧਿਰਾਂ ਨੂੰ ਦੋ ਦਿਨ ਦਾ ਸਮਾਂ ਦਿੱਤਾ ਸੀ ਅਤੇ ਸਖਤੀ ਨਾਲ ਕਿਹਾ ਸੀ ਕਿ ਕੋਈ ਵੀ ਧਿਰ ਇਸ ਦੀ ਉਲੰਘਣਾ ਨਾ ਕਰੇ, ਪਰ ਇਕ ਧਿਰ ਨੇ ਦੋ ਦਿਨਾਂ ਦੀ ਉਡੀਕ ਕਰਨ ਦੀ ਬਜਾਏ ਜ਼ਮੀਨ ਵਿੱਚ ਹੋਰਨਾਂ ਨੂੰ ਨਾਲ ਲੈਕੇ ਵਾਹੀ ਕਰਨੀ ਸ਼ੁਰੂ ਕਰ ਦਿੱਤੀ। ਦੂਜੀ ਧਿਰ (ਸਾਂਝੀ ਜ਼ਮੀਨ ਲਈ ਸੰਘਰਸ਼ ਕਰਨ ਵਾਲੀ) ਦੀ ਔਰਤਾਂ ਵੱਲੋਂ ਤਹਿਸੀਲਦਾਰ ਸੁਨਾਮ ਵੱਲੋਂ ਦਿੱਤੇ ਦੋ ਦਿਨ ਦੇ ਸਮੇਂ ਦਾ ਹਵਾਲਾ ਦਿੰਦੀਆਂ ਕਿਹਾ ਕਿ ਸਾਨੂੰ ਦੋ ਦਿਨ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ, ਉਸਨੇ ਗੱਲ ਸੁਣਨ ਦੀ ਬਜਾਏ ਔਰਤਾਂ ਨਾਲ ਝਗੜਨਾ ਸ਼ੁਰੂ ਕਰ ਦਿੱਤਾ, ਔਰਤਾਂ ਦੀ ਕੁੱਟਮਾਰ ਕੀਤੀ, ਕਪੜੇ ਤੱਕ ਪਾੜੇ, ਪਰ ਸਿਤਮਜ਼ਰੀਫੀ ਦੀ ਹੱਦ ਦੇਖੋ ਕਿ ਜੋ ਵਿਅਕਤੀ ਤਹਿਸੀਲਦਾਰ ਦੇ ਦਿੱਤੇ ਸਮੇਂ ਨੂੰ ਟਿੱਚ ਜਾਣਦਾ ਹੈ, ਲੜਾਈ ਲਈ ਆਧਾਰ ਤਿਆਰ ਕਰਦਾ ਹੈ, ਪਿੰਡ ਦਾ ਮਹੌਲ ਖਰਾਬ ਕਰਦਾ ਹੈ, ਐੱਸ.ਐੱਚ.ਓ. ਉਲੰਘਣਾ ਕਰਨ ਵਾਲੇ ਦੇ ਬਿਆਨਾਂ ਦੇ ਆਧਾਰ ‘ਤੇ ਸਾਂਝੀ ਜ਼ਮੀਨ ਦੀ ਮੰਗ ਕਰਨ ਵਾਲਿਆਂ 22 ਵਿਅਕਤੀਆਂ ‘ਤੇ ਪਰਚਾ ਦਰਜ ਕਰ ਦਿੰਦਾ ਹੈ। ਜ਼ਿਕਰਯੋਗ ਹੈ ਕਿ ਦੂਜੀ ਧਿਰ ਦੇ ਬਿਆਨਾਂ ਦੇ ਆਧਾਰ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈ, ਜਦਕਿ ਪੀੜਤ ਔਰਤਾਂ ਅਜੇ ਵੀ ਜਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਸੁਨਾਮ ਵਿਖੇ ਦਾਖਲ ਹਨ। ਆਗੂਆਂ ਨੇ ਆਖਿਆ ਕਿ ਜੋ ਪਿੰਡ ਬਿਗੜਵਾਲ ਵਿਖੇ ਮਾਮਲਾ ਵਾਪਰਿਆ ਹੈ, ਉਸ ਬਾਰੇ ਐੱਸ.ਐੱਚ.ਓ. ਨੇ ਪੱਖਪਾਤੀ ਰਵੀਈਆ ਅਖਤਿਆਰ ਕੀਤਾ ਹੀ ਹੈ ਪਰ ਨਾਲ ਦੀ ਨਾਲ ਡੀਐੱਸਪੀ ਸੁਨਾਮ ਦੀ ਵੀ ਇਸ ਮਾਮਲੇ ਨੂੰ ਹੱਲ ਕਰਨ ਸਬੰਧੀ ਕਾਰਵਾਈ ਤਸੱਲੀਬਖ਼ਸ਼ ਨਹੀਂ ਰਹੀ।
ਆਗੂਆਂ ਨੇ ਅਖੀਰ ਤੇ ਦੱਸਿਆ ਕਿ ਇਸ ਮਾਮਲੇ ਨੂੰ ਦੇਖਣ ਦੀ ਜ਼ਿੰਮੇਵਾਰੀ ਐਸ.ਪੀ.(ਡੀ) ਦੀ ਲੱਗ ਗਈ ਹੈ। ਇਸ ਲਈ 27 ਜੂਨ ਨੂੰ ਉਨ੍ਹਾਂ ਨੂੰ ਡੈਪੂਟੇਸ਼ਨ ਮਿਲ ਕੇ ਇਹ ਮੰਗ ਕੀਤੀ ਜਾਵੇਗੀ ਕਿ ਝੂਠਾ ਪਰਚਾ ਰੱਦ ਕੀਤਾ ਜਾਵੇ, ਦੂਜੀ ਧਿਰ ਵੱਲੋਂ ਦਾਖਲ ਔਰਤਾਂ ਦੇ ਹੋ ਚੁੱਕੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਜਥੇਬੰਦੀ ਦੀ ਜਿਲ੍ਹਾ ਆਗੂ ਕਰਮਜੀਤ ਕੌਰ, ਡੀ ਟੀ ਐੱਫ ਦੇ ਆਗੂ ਬਲਵੀਰ ਚੰਦ ਲੌਂਗੋਵਾਲ, ਜਸਵੀਰ ਸਿੰਘ ਨਮੋਲ, ਜਗਸੀਰ ਸਿੰਘ ਬਿਗੜਵਾਲ, ਗੁਰਮੀਤ ਸਿੰਘ, ਬਲਵੀਰ ਸਿੰਘ ਅਤੇ ਜਰਨੈਲ ਸਿੰਘ ਸਾਮਿਲ ਸਨ।