ਚੰਡੀਗੜ੍ਹ, 23 ਜੂਨ, 2023: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਵੱਲੋਂ ‘ਪਾਵਰ ਆਫ ਅਟਾਰਨੀ’ (ਮੁਖਤਿਆਰਨਾਮਾ) ਦੇਣ ਲਈ ਜਾਇਦਾਦ ਦੀ ਕੀਮਤ ਦਾ ਦੋ ਪ੍ਰਤੀਸ਼ਤ ਅਸ਼ਟਾਮ ਫੀਸ ਲਾਉਣ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।
ਉਹਨਾਂ ਕਿਹਾ ਕਿ ਪਹਿਲਾਂ ਪਾਵਰ ਆਫ਼ ਅਟਾਰਨੀ ਦਾ ਰੇਟ ਫਿਕਸ ਸੀ, ਚਾਹੇ ਪ੍ਰਾਪਟੀ ਦੀ ਕੀਮਤ ਕੁੱਝ ਵੀ ਹੋਵੇ। ਬਹੁਤ ਸਾਰੇ ਸੌਦੇ ਬਿਆਨੇ ਤੋਂ ਬਾਅਦ ਮੁਖਤਿਆਰਨਾਮੇ ਦੇ ਅਧਾਰ ਤੇ ਅੱਗੇ ਤੋਂ ਅੱਗੇ, ਥਰਡ ਪਾਰਟੀ ਨੂੰ ਹੋ ਜਾਂਦੇ ਸਨ। ਹੁਣ ਖ਼ੂਨ ਦੇ ਰਿਸ਼ਤੇ ਵਿੱਚ ਪਾਵਰ ਆਫ਼ ਅਟਾਰਨੀ ਮੁਫ਼ਤ ਕਰ ਦਿੱਤੀ ਹੈ, ਵੈਸੇ ਖੂਨ ਦੇ ਰਿਸ਼ਤੇ ਵਿੱਚ ਪਹਿਲਾਂ ਵੀ ਰਜਿਸਟਰੀ ਮੁਫ਼ਤ ਹੀ ਹੈ। ਪਰ ਖੂਨ ਦੇ ਰਿਸ਼ਤੇ ਤੋਂ ਬਿਨ੍ਹਾਂ ਹੋਰ ਕਿਸੇ ਨੂੰ ਪਾਵਰ ਆਫ਼ ਅਟਾਰਨੀ ਦੇਣ ਲਈ ਹੁਣ ਜਾਇਦਾਦ ਦੀ ਕੁੱਲ ਕੀਮਤ ਤੇ 2 ਪ੍ਰਤੀਸ਼ਤ ਅਸ਼ਟਾਮ ਫੀਸ ਲੱਗੇਗੀ। ਜੇ ਕਿਸੇ ਨੇ ਇਕ ਕਰੋੜ ਰੁਪਏ ਦੇ ਮੁੱਲ ਦੇ ਪੰਜ ਕਿੱਲਿਆਂ ਦੀ ਪਾਵਰ ਆਫ਼ ਅਟਾਰਨੀ ਲੈਣੀ ਹੈ ਤਾਂ ਦੋ ਲੱਖ ਰੁਪਏ ਦੇ ਅਸਟਾਮ ਲਾਉਣੇ ਪੈਣਗੇ। ਪਹਿਲਾਂ ਇਹ ਕੰਮ ਦੋ ਚਾਰ ਹਜ਼ਾਰ ਨਾਲ ਹੋ ਜਾਂਦਾ ਸੀ। ਇਸ ਤੋਂ ਅੱਗੇ ਰਜਿਸਟਰੀ ਕਰਵਾਉਣ ਵੇਲੇ ਇੰਤਕਾਲ ਕਰਾਉਣ ਲਈ, ਮਾਲਕ ਤੋਂ ਪਾਵਰ ਆਫ਼ ਅਟਾਰਨੀ ਲੈਂਦੇ ਹਾਂ, ਇਸ ਤੇ ਵੀ ਰਜਿਸਟਰੀ ਦਾ ਦੋ ਪ੍ਰਤੀਸ਼ਤ ਹੋਰ ਵਾਧੂ ਖਰਚਾ ਲੱਗੇਗਾ।
ਇਸੇ ਤਰਾਂ ਜਾਇਦਾਦ ਬੈੰਕ ਕੋਲ ਗਿਰਵੀ ਕਰਕੇ ਕਰਜ਼ਾ ਲੈਣਾ ਹੋਵੇ ਤਾਂ ਬੇੈੰਕ ਪਾਵਰ ਆਫ਼ ਅਟਾਰਨੀ ਦੀ ਜਗ੍ਹਾ 1000 ਰੁਪਏ ਦੇ ਖਾਲੀ ਅਸ਼ਟਾਮ ਲ਼ੈ ਲੈਂਦੀ ਸੀ, ਹੁਣ ਜੇਕਰ ਤੁਸੀਂ ਇਕ ਕਰੋੜ ਰੁਪਏ ਦੇ ਮੁੱਲ ਦੀ ਜਾਇਦਾਦ ਤੇ ਵੀਹ ਲੱਖ ਲੋਨ ਲੈਣਾ ਹੈ ਤਾਂ ਬੇੈਂਕ ਦੋ ਲੱਖ ਦੇ ਅਸ਼ਟਾਮ ਮੰਗੇਗਾ, ਮਤਲਬ ਵੀਹ ਲੱਖ ਦੇ ਕਰਜ਼ੇ ਵਿੱਚੋਂ ਕਿਸਾਨ ਦੇ ਪੱਲੇ ਅਠਾਰਾਂ ਲੱਖ ਵੀ ਨਹੀਂ ਪਵੇਗਾ। ਇਹ ਪਹਿਲਾਂ ਹੀ ਕਰਜ਼ੇ ਦੀ ਭੰਨੀ ਕਿਸਾਨੀ ਲਈ ਮਾਰੂ ਸਾਬਤ ਹੋਵੇਗਾ।
ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਡੀਜ਼ਲ ਅਤੇ ਪੈਟਰੋਲ ਤੇ ਇੱਕ ਰੁਪਏ ਪ੍ਰਤੀ ਲੀਟਰ ਸੈੱਸ ਲਾ ਕੇ ਲੋਕਾਂ ਤੇ ਕਰੋੜਾਂ ਰੁਪਏ ਦਾ ਬੋਝ ਪਾ ਚੁੱਕੀ ਹੈ। ਪੈਨਸ਼ਨ ਲੈਣ ਵਾਲਿਆਂ ਤੇ ਦੋ ਸੌ ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਲਾ ਦਿੱਤਾ ਹੈ।
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਲੋਕਾਂ ਨੂੰ ਇਸ ਤਰ੍ਹਾਂ ਦੇ ਬਦਲਾਅ ਦੀ ਕੋਈ ਲੋੜ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਦੋ ਦੋ ਸਫਿਆਂ ਦੇ ਇਸ਼ਤਿਹਾਰ ਆਪਣੇ ਮਸ਼ਹੂਰੀ ਪ੍ਰਚਾਰ ਲਈ ਦੇ ਕੇ ਕਰੋੜਾਂ ਰੁਪਏ ਦੀ ਫ਼ਜ਼ੂਲਖਰਚੀ ਕਰ ਰਹੀ ਹੈ, ਦੂਜੇ ਪਾਸੇ ਲੋਕਾਂ ਤੇ ਨਜਾਇਜ਼ ਬੋਝ ਪਾਇਆ ਜਾ ਰਿਹਾ ਹੈ। ਆਗੂਆਂ ਨੇ ਇਹ ਟੈਕਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।