ਫਗਵਾੜਾ 17 ਜੂਨ (ਸ਼ਿਵ ਕੋੜਾ) ਸ਼ਹਿਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰਾਂ ਅਤੇ ਰਿਹਾਇਸ਼ੀ ਕਲੋਨੀਆਂ ਵਿੱਚ ਬਣੇ ਕੂੜੇ ਦੇ ਡੰਪ ਇੱਕ ਵਾਰ ਫਿਰ ਫਗਵਾੜਾ ਵਾਸੀਆਂ ਲਈ ਮੁਸੀਬਤ ਬਣ ਗਏ ਹਨ। ਨਿਗਮ ਦੀਆਂ ਗੱਡੀਆਂ ਕਈ ਦਿਨਾਂ ਤੋਂ ਡੰਪਾਂ ਤੋਂ ਕੂੜਾ ਨਹੀਂ ਚੁੱਕ ਰਹੀਆਂ, ਜਿਸ ਕਾਰਨ ਲੋਕਾਂ ਦਾ ਇਹਨਾਂ ਢੇਰਾਂ ਦੇ ਨਜਦੀਕ ਤੋਂ ਲੰਘਣਾ ਤਾਂ ਦੂਰ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਇਸ ਭਖਦੇ ਮਸਲੇ ’ਤੇ ਸਖ਼ਤ ਟਿੱਪਣੀ ਕਰਦਿਆਂ ਸ਼ਹਿਰ ਦੇ ਸਾਬਕਾ ਮੇਅਰ ਅਤੇ ਭਾਜਪਾ ਦੇ ਸੀਨੀਅਰ ਆਗੂ ਅਰੁਣ ਖੋਸਲਾ ਨੇ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਇਸ ਸਮੱਸਿਆ ਬਾਰੇ ਗੱਲਬਾਤ ਕਰਨ ਲਈ ਨਿਗਮ ਦਫ਼ਤਰ ਗਏ ਸੀ ਪਰ ਦੁਪਹਿਰ ਤੱਕ ਨਿਗਮ ਕਮਿਸ਼ਨਰ ਆਪਣੇ ਦਫ਼ਤਰ ਵਿੱਚ ਮੌਜੂਦ ਨਹੀਂ ਸੀ ਅਤੇ ਅਧਿਕਾਰੀਆਂ ਨੇ ਕਿਹਾ ਕਿ ਗੱਡੀਆਂ ਵਿੱਚ ਤੇਲ ਨਾ ਹੋਣ ਕਾਰਨ ਉਹ ਬੇਵੱਸ ਹਨ। ਖੋਸਲਾ ਨੇ ਦੱਸਿਆ ਕਿ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਦਸ ਮਿੰਟ ਦੀ ਬਰਸਾਤ ਨਾਲ ਹੀ ਪਾਣੀ ਦਾ ਹੜ ਆ ਜਾਂਦਾ ਹੈ। ਜਿਸ ਨਾਲ ਸਾਰਾ ਕੂੜਾ ਸੜਕਾਂ ਤੇ ਫੈਲ ਜਾਂਦਾ ਹੈ ਤੇ ਲੋਕਾਂ ਦੀ ਜ਼ਿੰਦਗੀੰ ਨਰਕ ਬਣ ਜਾਂਦੀ ਹੈ। ਇਸ ਗਿੱਲੇ ਤੇ ਸੜੇ ਹੋਏ ਕੂੜੇ ਤੋਂ ਨਿਕਲਣ ਵਾਲੀ ਬਦਬੂ ਹਵਾ ਨੂੰ ਜ਼ਹਿਰੀਲਾ ਬਣਾ ਦਿੰਦੀ ਹੈ। ਮੱਖੀਆਂ ਅਤੇ ਮੱਛਰ ਮਾਰੂ ਬਿਮਾਰੀਆਂ ਨੂੰ ਸੱਦਾ ਦਿੰਦੇ ਨਜ਼ਰ ਆਉਂਦੇ ਹਨ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਨਿਗਮ ਪ੍ਰਸ਼ਾਸਨ ਨੂੰ ਲੋਕਾਂ ਦੀ ਜਾਨ ਮਾਲ ਦੀ ਬਿਲਕੁਲ ਵੀ ਪ੍ਰਵਾਹ ਨਹੀਂ ਹੈ। ਨਿਗਮ ਕਮਿਸ਼ਨਰ ’ਤੇ ਭਾਰਤ ਸਰਕਾਰ ਦੀ ਸਵੱਛ ਭਾਰਤ ਅਭਿਆਨ ਮੁਹਿੰਮ ਦੀਆਂ ਧੱਜੀਆਂ ਉਡਾਉਣ ਦਾ ਦੋਸ਼ ਲਾਉਂਦਿਆਂ ਖੋਸਲਾ ਨੇ ਕਿਹਾ ਕਿ ਜੇਕਰ ਨਿਗਮ ਕਮਿਸ਼ਨਰ ਦੇ ਦਾਅਵੇ ਅਨੁਸਾਰ ਇਸ ਵਾਰ ਹਾਊਸ ਟੈਕਸ ਦੀ ਰਿਕਾਰਡ ਵਸੂਲੀ ਹੋਈ ਹੈ ਤਾਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਵਿਚ ਤੇਲ ਕਿਉਂ ਨਹੀਂ ਪਾਇਆ ਜਾ ਰਿਹਾ ਅਤੇ ਟੈਕਸ ਦੇਣ ਵਾਲੇ ਨਾਗਰਿਕਾਂ ਦੀ ਜਿੰਦਗੀ ਨੂੰ ਨਰਕ ਕਿਉਂ ਬਣਾਇਆ ਜਾ ਰਿਹਾ ਹੈ।