ਅੰਮ੍ਰਿਤਸਰ, 16 ਜੂਨ ( ਰਣਜੀਤ ਸਿੰਘ ਮਸੌਣ )
ਜ਼ਿਲ੍ਹਾਂ ਪ੍ਰਸਾਸ਼ਨ ਵੱਲੋਂ ਸਾਲ 2008 ਵਿੱਚ ਲਾਵਾਰਿਸ ਬੱਚਿਆਂ ਦੀ ਜਾਨ ਬਚਾਉਣ ਲਈ ਰੈੱਡ ਕਰਾਸ ਦੀ ਸਹਾਇਤਾਂ ਨਾਲ ਸ਼ੁਰੂ ਕੀਤੀ ਗਈ ਪੰਘੂੜਾ ਸਕੀਮ ਹੁਣ ਤੱਕ 190 ਬੱਚਿਆਂ ਦੀ ਜਾਨ ਬਚਾਉਣ ਵਿਚ ਕਾਮਯਾਬ ਹੋਈ ਹੈ। 14/5/2023 ਨੂੰ ਦੁਪਹਿਰ 1:30 ਵਜੇ ਦਰਬਾਰ ਸਾਹਿਬ ਦੇ ਕਰਮਚਾਰੀ ਵੱਲੋਂ ਇੱਕ ਛੇ ਮਹੀਨੇ ਦੇ ਬੱਚੇ ਨੂੰ ਪੰਘੂੜੇ ਵਿੱਚ ਰੱਖ ਗਿਆ। ਇਸ ਬੱਚੇ ਦਾ ਮੈਡੀਕਲ ਪਾਰਵਤੀ ਦੇਵੀ ਹਸਪਤਾਲ ਤੋਂ ਕਰਵਾਇਆ ਗਿਆ ਸੀ ਅਤੇ ਇਸ ਵੇਲੇ ਇਹ ਬੱਚਾ ਬਿਲਕੁੱਲ ਤੰਦਰੁਸਤ ਹੈ।
ਮੇਜਰ ਡਾ. ਵਰੂਣ ਕੁਮਾਰ, ਸੀ.ਐਮ.ਐਫ.ਓ. ਅੰਮ੍ਰਿਤਸਰ ਵੱਲੋਂ ਇਸ ਬੱਚੇ ਨੂੰ ਪੰਘੂੜੇ ਵਿੱਚ ਪ੍ਰਾਪਤ ਕੀਤਾ ਗਿਆ ਅਤੇ ਲਾਪਾ ਸਕੀਮ ਅਧੀਨ ਸਵਾਮੀ ਗੰਗਾ ਨੰਦ ਭੂਰੀ ਵਾਲੇ ਫਾਉਂਡੇਸ਼ਨ ਧਾਮ ਭੇਜਣ ਦੀ ਪ੍ਰਕਿਰਿਆ ਪੂਰੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਰੈੱਡ ਕਰਾਸ ਸੁਸਾਇਟੀ ਦੀ ਸਹਾਇਤਾ ਨਾਲ ਸ਼ੁਰੂ ਇਸ ਨਿਵੇਕਲੀ ਪਹਿਲ ਦੀ ਤਾਰੀਫ਼ ਕਰਦੇ ਕਿਹਾ ਕਿ ਇਹ 190 ਮਾਸੂਮ ਜਿੰਦਾ ਨੂੰ ਬਚਾਉਣ ਵਾਲਾ ਪੰਘੂੜਾ ਜਿੱਥੇ ਮੁਬਾਰਕਵਾਦ ਦਾ ਹੱਕਦਾਰ ਹੈ, ਉਥੇ ਪੰਘੂੜੇ ਵਿੱਚ ਹੁਣ ਤੱਕ ਆਏ ਬੱਚਿਆਂ ਵਿੱਚੋਂ ਵੱਡੀ ਗਿਣਤੀ ਲੜਕੀਆਂ ਦੀ ਹੀ ਮਿਲਣਾ ਸਮਾਜ ਲਈ ਇੱਕ ਗੰਭੀਰਤਾ ਦਾ ਮਸਲਾ ਹੈ।
ਦੱਸਣਯੋਗ ਹੈ ਕਿ ਪੰਘੂੜੇ ਵਿੱਚ ਆਏ ਬੱਚੇ ਦੀ ਜਾਣਕਾਰੀ ਪੰਘੂੜੇ ਹੇਠ ਲੱਗੀ ਘੰਟੀ ਤੋਂ ਰੈੱਡ ਕਰਾਸ ਕਰਮਚਾਰੀਆਂ ਨੂੰ ਮਿਲ ਜਾਂਦੀ ਹੈ ਅਤੇ ਉਹ ਤਰੁੰਤ ਬੱਚੇ ਨੂੰ ਨੇੜੇ ਸਥਿਤ ਪਾਰਵਤੀ ਦੇਵੀ ਹਸਪਤਾਲ ਤੋਂ ਮੈਡੀਕਲ ਸਹਾਇਤਾ ਦਿਵਾ ਦਿੰਦੇ ਹਨ। ਦੱਸਣਯੋਗ ਹੈ ਕਿ ਪੰਘੂੜੇ ਵਿੱਚ ਆਏ ਬੱਚਿਆਂ ਦੀ ਮੈਡੀਕਲ ਜਾਂਚ ਪਾਰਵਤੀ ਦੇਵੀ ਹਸਪਤਾਲ ਵਿਖੇ ਕਰਵਾਈ ਜਾਂਦੀ ਹੈ ਅਤੇ ਹਸਪਤਾਲ ਵੱਲੋਂ ਕੋਈ ਵੀ ਫ਼ੀਸ ਨਹੀਂ ਲਈ ਜਾਂਦੀ ਅਤੇ ਬੱਚਿਆਂ ਦਾ ਸਾਰਾ ਇਲਾਜ ਮੁਫ਼ਤ ਵਿੱਚ ਕੀਤਾ ਜਾਂਦਾ ਹੈ। ਇਸ ਮਗਰੋਂ ਸੁਰੱਖਿਅਤ ਪਾਲਣ ਪੋਸ਼ਣ ਅਤੇ ਚੰਗੇ ਭਵਿੱਖ ਦੀ ਆਸ ਵਿੱਚ ਸਰਕਾਰ ਵੱਲੋਂ ਘੋਸ਼ਿਤ ਕੀਤੀਆਂ ਸੰਸਥਾਵਾਂ ਲੀਗਲ ਅਡਾਪਸ਼ਨ ਐਂਡ ਪਲੇਸਮੈਂਟ ਏਜੰਸੀ ਵਿੱਚ ਬੱਚੇ ਦੀ ਪ੍ਰਵਰਿਸ਼ ਕਰਕੇ ਤਬਦੀਲ ਕਰ ਦਿੱਤਾ ਜਾਂਦਾ ਹੈ, ਜਿਥੋਂ ਲੋੜਵੰਦ ਪਰਿਵਾਰ ਬੱਚੇ ਨੂੰ ਗੋਦ ਲੈ ਲੈਂਦੇ ਹਨ। ਹੁਣ ਤੱਕ ਪੰਘੂੜਾ ਸਕੀਮ ਤਹਿਤ ਇਨ੍ਹਾਂ ਬੱਚਿਆਂ ਦੇ ਆਉਣ ਨਾਲ ਬੱਚਿਆਂ ਦੀ ਗਿਣਤੀ 190 ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਬੱਚਾ ਗੋਦ ਲੈਣਾ ਚਾਹੁੰਦਾ ਹੋਵੇ ਤਾਂ ਉਹ ਆਨ ਲਾਈਨ ਵੈਬਸਾਈਟ www.care.nic.in ਰਾਹੀਂ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।