ਸੰਗਰੂਰ, 15 ਜੂਨ, 2023: ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਅੱਜ ਕਿਸਾਨਾਂ ਨੇ ਨਹਿਰੀ ਵਿਭਾਗ ਦੇ ਐਕਸੀਅਨ ਸੰਗਰੂਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਨਹਿਰੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਐਕਸੀਅਨ ਦੇ ਨਾਂ ਐੱਸ਼.ਡੀ. ਓ. ਕਰਨ ਬਾਂਸਲ ਨੂੰ ਮੰਗ ਪੱਤਰ ਦੇ ਕੇ ਮਾਈਨਰ ਨੰਬਰ-8 ਸ਼ੇਰੋਂ ਰਜਵਾਹੇ ਦੀ ਸਫ਼ਾਈ ਕਰਵਾ ਕੇ ਤੁਰੰਤ ਪਾਣੀ ਛੱਡਣ ਲੌਂਗੋਵਾਲ ਮਾਇਨਰ ਵਿੱਚ ਪਾਣੀ ਵਧਾਉਣ ਦੀ ਮੰਗ ਕੀਤੀ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸਰਕਾਰ ਇਸ਼ਤਿਹਾਰਬਾਜ਼ੀ ਕਰ ਰਹੀ ਹੈ ਕਿ ਅਸੀਂ ਸੂਏ ਕੱਸੀਆਂ ਦੀ ਸਫਾਈ ਕਰਵਾ ਕੇ ਝੋਨੇ ਦੇ ਸੀਜ਼ਨ ਲਈ ਸਮੇਂ ਤੇ ਪਾਣੀ ਛੱਡਾਂਗੇ, ਪਰ ਧੂਰੀ ਸ਼ਹਿਰ ਵਿੱਚੋਂ ਦੀ ਲੰਘਦੇ ਰਜਵਾਹੇ ਦੀ ਹਾਲਤ ਦੇਖ ਕੇ ਇਹ ਦਾਅਵੇ ਹਵਾਈ ਲੱਗਦੇ ਹਨ। ਧੂਰੀ ਵਿੱਚੋਂ ਰੇਲਵੇ ਲਾਈਨਾਂ ਦੇ ਥੱਲੇ ਬਹੁਤ ਪੁਰਾਣਾ ਸਾਇਫਨ ਬਣਿਆ ਹੈ ਜੋ ਲੱਗਭੱਗ ਬੰਦ ਪਿਆ ਹੈ। ਇਸੇ ਤਰ੍ਹਾਂ ਸੰਗਰੂਰ ਅਤੇ ਧੂਰੀ ਸ਼ਹਿਰ ਦੀ ਗੰਦਗੀ ਨਾਲ ਭਰਿਆ ਪਿਆ ਹੈ। ਇਸੇ ਤਰਾਂ ਇਹ ਰਜਵਾਹਾ ਲੱਡੇ ਤੋਂ ਮੁੱਢ ਤੱਕ ਅਜੇ ਵੀ ਕੱਚਾ ਹੈ ਜਿਸ ਕਾਰਨ ਪੂਰੀ ਸਮਰੱਥਾ ਵਿੱਚ ਪਾਣੀ ਨਹੀਂ ਛੱਡਿਆ ਜਾਂਦਾ, ਇਸੇ ਤਰ੍ਹਾਂ ਲੌਂਗੋਵਾਲ ਮਾਇਨਰ ਤੇ ਵੀ ਦਰਜਨਾਂ ਮੋਘਿਆਂ ਵਿੱਚ ਪਾਣੀ ਨਹੀਂ ਪੈ ਰਿਹਾ ਕਿਉਂਕਿ ਪੂਰੀ ਸਮਰੱਥਾ ਵਿੱਚ ਪਾਣੀ ਨਹੀਂ ਛੱਡਿਆ ਜਾਂਦਾ।
ਇਸ ਮੌਕੇ ਆਗੂਆਂ ਨੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜੇਕਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਕੇ ਕਿਸਾਨਾਂ ਨੂੰ ਜਲਦੀ ਨਹਿਰੀ ਪਾਣੀ ਨਾ ਦਿੱਤਾ ਗਿਆ ਤਾਂ ਨਹਿਰੀ ਵਿਭਾਗ ਖਿਲਾਫ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ‘ਤੇ ਵਿਭਾਗ ਦੇ ਐੱਸ.ਡੀ.ਓ. ਕਰਨ ਬਾਂਸਲ ਨੇ ਭਰੋਸਾ ਦਿਵਾਇਆ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਸਮੇਂ ਸਿਰ ਪਾਣੀ ਦਿੱਤਾ ਜਾਵੇਗਾ ਅਤੇ ਸ਼ੇਰੋ ਰਜਵਾਹੇ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ।
ਅੱਜ ਦੇ ਰੋਸ ਪ੍ਰਦਰਸ਼ਨ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ, ਬਲਾਕ ਪ੍ਰਧਾਨ ਸੁਖਦੇਵ ਸਿੰਘ ਉਭਾਵਾਲ, ਲਖਵਿੰਦਰ ਸਿੰਘ ਉਭਾਵਾਲ, ਹਰਦੇਵ ਸਿੰਘ ਦੁਲੱਟ, ਭੋਲਾ ਸਿੰਘ, ਬੀਕੇਯੂ ਡਕੌਂਦਾ ਦੇ ਆਗੂ ਪਰਗਟ ਸਿੰਘ ਨੇ ਵੀ ਸੰਬੋਧਨ ਕੀਤਾ।