ਫਗਵਾੜਾ 8 ਜੂਨ (ਸ਼ਿਵ ਕੋੜਾ) ਨਜਦੀਕੀ ਪਿੰਡ ਮੌਲੀ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਮੌਲੀ ਵਲੋਂ ਐਨ.ਆਰ.ਆਈ. ਸੁਖਦੀਪ ਸਿੰਘ ਦੇ ਵਿਸ਼ੇਸ਼ ਸਹਿਯੋਗ ਨਾਲ ਮੱਲ ਅਖਾੜੇ ਦਾ ਸ਼ੁੱਭ ਆਰੰਭ ਸਰਪੰਚ ਸੁਲੱਖਣ ਸਿੰਘ ਮੌਲੀ ਅਤੇ ਕਿਸਾਨ ਆਗੂ ਗੁਰਪਾਲ ਸਿੰਘ ਪਾਲਾ ਮੌਲੀ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਅਖਾੜੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਰੋਜਾਨਾ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਬਾਈ ਪਹਿਲਵਾਨ ਫਿਲੌਰ ਅਖਾੜੇ ਵਿਚ ਪਹਿਲਵਾਨਾਂ ਨੂੰ ਟ੍ਰੇਨਿੰਗ ਦੇਣਗੇ। ਉਹਨਾਂ ਇਲਾਕੇ ਭਰ ਦੇ ਸਮੂਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਪੂਰੀ ਤਰ੍ਹਾਂ ਤਿਆਗ ਕਰਨ ਅਤੇ ਇਸ ਅਖਾੜੇ ਦਾ ਲਾਭ ਲੈਂਦੇ ਹੋਏ ਕੁਸ਼ਤੀ ਦੀ ਸਿਖਲਾਈ ਪ੍ਰਾਪਤ ਕਰਨ। ਨਾਲ ਹੀ ਉਹਨਾਂ ਦੱਸਿਆ ਕਿ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਇਸ ਅਖਾੜੇ ਨੂੰ ਅੰਤਰਰਾਸ਼ਟਰੀ ਪਹਿਚਾਣ ਦੁਆਉਣ ਦਾ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ। ਕਿਸਾਨ ਆਗੂ ਗੁਰਪਾਲ ਸਿੰਘ ਪਾਲਾ ਮੌਲੀ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੁਸ਼ਤੀ ਪੰਜਾਬ ਦੀ ਰਵਾਇਤੀ ਖੇਡ ਹੈ ਪਰ ਅਜੋਕੇ ਸਮੇਂ ‘ਚ ਮੋਬਾਇਲ ਇੰਟਰਨੈਟ ਦੀ ਹਨ੍ਹੇਰੀ ਨੇ ਨੌਜਵਾਨਾ ਨੂੰ ਕੁਸ਼ਤੀ ਦੇ ਅਖਾੜੇ ਤੋਂ ਦੂਰ ਕਰ ਦਿੱਤਾ ਹੈ। ਉਹਨਾਂ ਆਸ ਪ੍ਰਗਟਾਈ ਕਿ ਇਹ ਅਖਾੜਾ ਨੌਜਵਾਨਾਂ ਨੂੰ ਦੁਬਾਰਾ ਕੁਸ਼ਤੀ ਵੱਲ ਮੋੜਨ ‘ਚ ਸਹਾਈ ਬਣੇਗਾ। ਇਸ ਮੌਕੇ ਸੰਤੋਖ ਸਿੰਘ ਨੰਬਰਦਾਰ, ਗਿੰਦੀ ਪਹਿਲਵਾਨ, ਤਰਸੇਮ ਸਿੰਘ, ਕੁਲਵੀਰ ਸਿੰਘ ਖਾਲਸਾ, ਰਜਿੰਦਰ ਸਿੰਘ, ਮੱਖਣ ਸਿੰਘ, ਸਾਬਕਾ ਸਰਪੰਚ ਅਮਰਜੀਤ ਸਿੰਘ ਨੀਟਾ, ਅਮਰਜੀਤ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ, ਸੁੱਚਾ ਰਾਮ ਨੰਬਰਦਾਰ, ਕੁਲਦੀਪ ਕੌਰ ਪੰਚ, ਜੀਤਾ ਪੰਚ, ਸਾਬਕਾ ਕਬੱਡੀ ਖਿਡਾਰੀ ਨਾਨਕ ਸਿੰਘ ਸਮੇਤ ਸਮੂਹ ਪੰਚਾਇਤ ਅਤੇ ਪਤਵੰਤੇ ਹਾਜਰ ਸਨ।