Home » ਔਰਤ ਪਹਿਲਵਾਨਾਂ ਅਤੇ ਡਾਕਟਰ ਨਵਸਰਨ ਦਾ ਘੋਲ ਦਬਾਉਣ ਵਿਰੁੱਧ ਨਿੱਤਰੀਆਂ ਪੰਜਾਬ ਦੀਆਂ ਜਥੇਬੰਦੀਆਂ

ਔਰਤ ਪਹਿਲਵਾਨਾਂ ਅਤੇ ਡਾਕਟਰ ਨਵਸਰਨ ਦਾ ਘੋਲ ਦਬਾਉਣ ਵਿਰੁੱਧ ਨਿੱਤਰੀਆਂ ਪੰਜਾਬ ਦੀਆਂ ਜਥੇਬੰਦੀਆਂ

ਜਨਤਕ ਅਤੇ ਜਮਹੂਰੀ ਜਥੇਬੰਦੀਆਂ ਨੇ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ 4 ਜੂਨ ਨੂੰ ਜਲੰਧਰ 'ਚ ਸੱਦੀ ਮੀਟਿੰਗ

by Rakha Prabh
34 views

ਵਿਰੋਧ ਦੀ ਬੁਲੰਦ ਆਵਾਜ਼ ਜਮਹੂਰੀ ਕਾਰਕੁੰਨ ਡਾਕਟਰ ਨਵਸ਼ਰਨ ਨੂੰ ਵਾਰ-ਵਾਰ ਤੇ ਆਨੇ-ਬਹਾਨੇ ਤੰਗ ਕਰਨ ਦਾ ਵਿਰੋਧ

ਚੰਡੀਗੜ੍ਹ, 3 ਜੂਨ, 2023: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੁਆਰਾ ਡਾਕਟਰ ਨਵਸ਼ਰਨ ਸਮੇਤ ਕਈ ਮਹਿਲਾ ਕਾਰਕੁੰਨਾਂ ਅਤੇ ਬੁੱਧੀਜੀਵੀਆਂ ਨੂੰ ਲਗਾਤਾਰ, ਵਾਰ-ਵਾਰ ਤੇ ਆਨੇ-ਬਹਾਨੇ ਤੰਗ ਕਰਨ ਦਾ ਵਿਰੋਧ ਕਰਨ, ਵਿਰੋਧੀ ਆਵਾਜ਼ ਅਤੇ ਔਰਤ ਪਹਿਲਵਾਨਾਂ ਸੰਘਰਸ਼ ਉੱਪਰ ਜ਼ਬਰ ਦਾ ਵਿਰੋਧ ਲੋਕਾਂ ਤੱਕ ਲੈ ਜਾਣ ਲਈ ਠੋਸ ਮੁਹਿੰਮ ਉਲੀਕਣ ਲਈ ਪੰਜਾਬ ਦੀਆਂ ਸਮੂਹਿਕ ਜਨਤਕ ਤੇ ਜਮਹੂਰੀ ਜਥੇਬੰਦੀਆਂ ਵੱਲੋਂ 4 ਜੂਨ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਜਮੂਹਰੀ ਅਧਿਕਾਰ ਸਭਾ ਵੱਲੋਂ ਸੱਦੀ ਮੀਟਿੰਗ ਵਿੱਚ ਸ਼ਾਮਲ ਜਨਤਕ ਜਮਹੂਰੀ ਜਥੇਬੰਦੀਆਂ ਸ਼ਾਮਲ ਹੋਣਗੀਆਂ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਜਗਮੋਹਣ ਸਿੰਘ, ਜਰਨਲ ਸਕੱਤਰ ਪ੍ਰਿਤਪਾਲ ਸਿੰਘ ਬਠਿੰਡਾ, ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐੱਲਏ) ਦੇ ਤਹਿਤ ਇਸ ਦੀਆਂ ਅਸਧਾਰਨ ਅਤੇ ਜਾਬਰ ਸ਼ਕਤੀਆਂ ਦੀ ਸਪੱਸ਼ਟ ਮਨਮਰਜ਼ੀ ਦੀ ਵਰਤੋਂ ਦਾ ਮਾਮਲਾ ਹੈ। ਜਿਹੜਾ ਕਿ ਡਾਕਟਰ ਨਵਸ਼ਰਨ ਦੇ ਕੇਸ ਵਿਚ ਦੇਖਣ ਵਿਚ ਆਇਆ ਹੈ। ਔਰਤਾਂ ਉੱਤੇ ਮੰਨੂ ਸਮ੍ਰਿਤੀ ਦੇ ਹਿੰਦੂਤਵੀ ਸਿਧਾਂਤ ਤਹਿਤ ਜ਼ਬਰ ਜ਼ੁਲਮ ਦਾ ਰਾਹ ਅਪਣਾਇਆ ਗਿਆ ਹੈ। ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਔਰਤ ਪਹਿਲਵਾਨਾਂ ਦੇ ਸੰਘਰਸ਼ ਉੱਤੇ ਕੀਤਾ ਜਬਰ ਵੀ ਇਸੇ ਪੈਮਾਨੇ ਨਾਲ ਮਾਪਿਆ ਜਾਣਾ ਚਾਹੀਦਾ ਹੈ। ਜਿਵੇਂ ਕੇਂਦਰ ਸਰਕਾਰ ਵੱਲੋਂ ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (ਯੂਏਪੀਏ) ਰਾਹੀਂ ਕੌਮੀ ਜਾਂਚ ਏਜੰਸੀ ਦੀ ਵਰਤੋਂ ਕੀਤੀ ਜਾ ਰਹੀ ਹੈ ਉਸੇ ਤਰ੍ਹਾਂ ਹੀ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਤਹਿਤ ਈਡੀ ਦੀ ਮਨਮਾਨੀ ਵਰਤੋਂ ਦੀਆਂ ਘਟਨਾਵਾਂ ਵੀ ਵਧ ਰਹੀਆਂ ਹਨ, ਖਾਸ ਤੌਰ ’ਤੇ ਉਨ੍ਹਾਂ ਵਿਅਕਤੀਆਂ ਵਿਰੁੱਧ ਜੋ ਲੋਕ ਹਿਤਾਂ ਵਿਚ ਸਰਕਾਰ ਅਤੇ ਉਸ ਦੀਆਂ ਨੀਤੀਆਂ ਦੇ ਆਲੋਚਕ ਹਨ ਅਤੇ ਜਿਹੜੇ ਗਰੀਬਾਂ ਅਤੇ ਦੱਬੇ-ਕੁਚਲੇ ਹਾਸ਼ੀਆਗਤ ਲੋਕਾਂ ਦੇ ਮੁੱਦੇ ਉਠਾਉਂਦੇ ਹਨ। ਸਮਾਜ ਦੇ ਇਸ ਵਰਗ ਦੇ ਵਿਰੁੱਧ ਈਡੀ ਦੀ ਵਰਤੋਂ ਸਿਆਸੀ ਬਦਲਾਖੋਰੀ ਦੇ ਰੂਪ ‘ਚ ਅਤੇ ਧਮਕਾਉਣ ਵਾਲੇ ਸਾਧਨ ਵਜੋਂ ਕੀਤੀ ਜਾ ਰਹੀ ਹੈ, ਇਹ ਪ੍ਰਕਿਰਿਆ ਅਸਹਿਮਤਾਂ ਨੂੰ ਨਜ਼ਰਬੰਦ ਕਰਨ ਦੀ ਸਜ਼ਾ ਲਈ ਵਰਤੀ ਜਾ ਰਹੀ ਹੈ।
ਆਗੂਆਂ ਨੇ ਕਿਹਾ ਕਿ “ਪਿਛਲੇ ਕੁੱਝ ਮਹੀਨਿਆਂ ਦੌਰਾਨ, ਕਈ ਔਰਤ ਵਿਦਵਾਨਾਂ ਅਤੇ ਕਾਰਕੁੰਨਾਂ, ਜਰਨਾਲਿਸਟਾਂ, ਨੂੰ ਵਾਰ-ਵਾਰ ਤਲਬ ਕੀਤਾ ਗਿਆ ਹੈ, ਲੰਬੇ ਸਮੇਂ ਤੱਕ ਇੰਤਜ਼ਾਰ ਕਰਵਾਈ ਗਈ ਹੈ, ਅਕਸਰ ਬਿਨਾਂ ਕਿਸੇ ਮਹਿਲਾ ਅਧਿਕਾਰੀ ਦੀ ਮੌਜੂਦਗੀ ਦੇ ਪੁੱਛ-ਪੜਤਾਲ ਕੀਤੀ ਗਈ ਹੈ, ਈਡੀ ਦੀ ਜਾਂਚ ਵਿੱਚ ਵਾਰ-ਵਾਰ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਹੈ।” ਆਗੂਆਂ ਨੇ ਕਿਹਾ ਕਿ “ਜਾਂਚ ਦੇ ਬਹਾਨੇ ਲਗਾਤਾਰ ਖੱਜਲ-ਖੁਆਰ ਕੀਤੇ ਜਾਣ ਦੇ ਸਪੱਸ਼ਟ ਮਾਮਲੇ ਸਾਹਮਣੇ ਆਏ ਹਨ। ਤੇਜ਼ੀ ਨਾਲ ਇਹ ਇੱਕ ਰਾਜਨੀਤਕ ਰੂਪਵਾਲੀ ਬਦਲਾ-ਲਊ ਮੁਹਿੰਮ ਬਣ ਰਹੀ ਹੈ, ਜਿਸ ਵਿੱਚ ਹਰ ਤਰ੍ਹਾਂ ਦੇ ਗੈਰ-ਪ੍ਰਸੰਗਕ ਦਸਤਾਵੇਜ਼ਾਂ ਅਤੇ ਨਿੱਜੀ ਜਾਣਕਾਰੀ ਦੀ ਮੰਗ ਕੀਤੀ ਜਾ ਰਹੀ ਹੈ, ਜਿਵੇਂ ਕਿ ਪਰਿਵਾਰ ਦੇ ਹੋਰ ਮੈਂਬਰਾਂ ਬਾਰੇ, ਪੁੱਛ-ਪੜਤਾਲ ਕਰਨਾ, ਜਿਹਨਾਂ ਦਾ ਕਿ ਮਾਮਲੇ ਨਾਲ ਕੋਈ ਸਬੰਧ ਹੀ ਬਣਦਾ ਨਹੀਂ ਹੈ।”
ਆਗੂਆਂ ਨੇ ਕਿਹਾ ਕਿ “ਇਹ ਸਾਰੀਆਂ ਔਰਤਾਂ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਦੇ ਅਸੀਂ ਹੋਰ ਉਤਪੀੜਣ ਦੇ ਖਤਰੇ ਕਾਰਨ ਨਾਮ ਜ਼ਾਹਰ ਨਹੀਂ ਕਰ ਸਕਦੇ, ਨੇ ਕੌਮੀ ਅਹਿਮੀਅਤ ਦੇ ਮਹੱਤਵਪੂਰਨ ਮੁੱਦਿਆਂ ’ਤੇ ਅਣਥੱਕ ਕੰਮ ਕੀਤਾ ਹੈ ਜਿਹੜਾ ਕਿ ਸਾਡੀ ਬਹੁਗਿਣਤੀ ਜਨਤਾ ਲਈ ਮਹੱਤਵਪੂਰਨ ਹਨ। ਲੋਕ-ਭੋਜਨ ਸੁਰੱਖਿਆ, ਜਵਾਬਦੇਹੀ ਅਤੇ ਪਾਰਦਰਸ਼ੀ ਪ੍ਰਸ਼ਾਸਨ, ਸ਼ਾਂਤੀ ਅਤੇ ਸਦਭਾਵਨਾ, ਸੂਚਿਤ ਨਾਗਰਿਕਤਾ, ਕਿਸਾਨਾਂ ਦੇ ਅਧਿਕਾਰ, ਔਰਤਾਂ ਦੇ ਮੁੱਦੇ ਅਤੇ ਹੋਰ ਅਜੇਹੇ ਮਸਲੇ ਹਨ ਜਿਹਨਾਂ ‘ਤੇ ਇਹਨਾਂ ਔਰਤ ਕਾਰਕੁੰਨਾਂ ਨੇ ਕੰਮ ਕੀਤਾ ਹੈ।” ਆਗੂਆਂ ਨੇ ਹਕੂਮਤਾਂ ਦੀ ਵਿਰੋਧੀ ਆਵਾਜ਼ ਦਬਾਉਣ ਦੀ ਨੀਤੀ ਵਿਰੁੱਧ ਮਹਿੰਮ ਉਲੀਕਣ ਸਮੂਹ ਜਨਤਕ ਜਮਹੂਰੀ ਜਥੇਬਦੀਆਂ ਨੂੰ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ

Related Articles

Leave a Comment