Home » Sikh Army Helmet: ਸਿੱਖ ਫ਼ੌਜੀਆਂ ਲਈ ਨਵੀਂ ਲੋਹਟੋਪ ਯੋਜਨਾ ਉੱਤੇ ਵਿਵਾਦ, ਐਡਵੋਕੇਟ ਧਾਮੀ ਨੇ ਰਾਜਨਾਥ ਸਿੰਘ ਨੂੰ ਲਿਖਿਆ ਪੱਤਰ

Sikh Army Helmet: ਸਿੱਖ ਫ਼ੌਜੀਆਂ ਲਈ ਨਵੀਂ ਲੋਹਟੋਪ ਯੋਜਨਾ ਉੱਤੇ ਵਿਵਾਦ, ਐਡਵੋਕੇਟ ਧਾਮੀ ਨੇ ਰਾਜਨਾਥ ਸਿੰਘ ਨੂੰ ਲਿਖਿਆ ਪੱਤਰ

by Rakha Prabh
198 views

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰੱਖਿਆ ਮੰਤਰੀ  ਰਾਜਨਾਥ ਸਿੰਘ ਨੂੰ ਕਿਹਾ ਕਿ ਉਹ ਸਿੱਖ ਫ਼ੌਜੀਆਂ ਲਈ ਲਿਆਂਦੀ ਜਾ ਰਹੀ ਨਵੀਂ ਲੋਹਟੋਪ ਨੀਤੀ ਨੂੰ ਤੁਰੰਤ ਵਾਪਸ ਲੈਣ, ਤਾਂ ਜੋ ਰੱਖਿਆ ਸੇਵਾਵਾਂ ਵਿਚ ਸਿੱਖਾਂ ਦੀ ਵੱਖਰੀ ਪਛਾਣ ਬਰਕਰਾਰ ਰਹੇ।

Punjab News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਵੱਲੋਂ ਫ਼ੌਜ ਅੰਦਰ ਸੇਵਾ ਨਿਭਾ ਰਹੇ ਸਿੱਖ ਫ਼ੌਜੀਆਂ ਲਈ ਨਵੀਂ ਲੋਹਟੋਪ ਨੀਤੀ ਲਿਆਉਣ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਇਸ ਨੂੰ ਲੈ ਕੇ ਐਡਵੋਕੇਟ ਧਾਮੀ ਨੇ ਭਾਰਤ ਦੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਪੱਤਰ ਲਿਖ ਕੇ ਫੈਸਲਾ ਵਾਪਸ ਲੈਣ ਲਈ ਆਖਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਭਾਰਤੀ ਫ਼ੌਜ ਵਿਚ ਕਾਰਜਸ਼ੀਲ ਸਿੱਖਾਂ ਲਈ ਵਿਸ਼ੇਸ਼ ਲੋਹਟੋਪ ਲਾਗੂ ਕਰਨ ਦੇ ਫੈਸਲੇ ਨਾਲ ਸਿੱਖਾਂ ਦੀ ਵਿਲੱਖਣ ਪਛਾਣ ਅਤੇ ਸਿੱਖ ਮਰਯਾਦਾ ਨੂੰ ਢਾਹ ਲੱਗੇਗੀ।

ਉਨ੍ਹਾਂ ਆਖਿਆ ਕਿ ਸਿੱਖ ਮਰਯਾਦਾ ਅਨੁਸਾਰ ਦਸਤਾਰ ਸਿੱਖ ਲਈ ਕੇਵਲ ਕੱਪੜਾ ਹੀ ਨਹੀਂ ਹੈ, ਸਗੋਂ ਇਹ ਸਿੱਖ ਵਿਰਾਸਤ ਦੀ ਲਖਾਇਕ ਹੋਣ ਦੇ ਨਾਲ-ਨਾਲ ਅਧਿਆਤਮਿਕਤਾ ਅਤੇ ਸਿਧਾਂਤਕ ਮਹੱਤਵ ਵਾਲੀ ਵੀ ਹੈ। ਦਸਤਾਰ ਪ੍ਰਤੀ ਸਿੱਖਾਂ ਦੀ ਵਚਨਬੱਧਤਾ ਸਿੱਖੀ ਗੌਰਵ ਅਤੇ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰਨ ਨੂੰ ਵੀ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਿੱਖ ਸਿਪਾਹੀ ਨੂੰ ਲੋਹਟੋਪ ਪਾਉਣ ਦਾ ਹੁਕਮ ਸਿੱਖ ਰਹਿਣੀ ਨੂੰ ਚੁਣੌਤੀ ਹੈ।

ਐਡਵੋਕੇਟ ਧਾਮੀ ਨੇ ਆਖਿਆ ਕਿ ਸਿੱਖ ਫ਼ੌਜੀਆਂ ਨੂੰ ਲੋਹਟੋਪ ਪਾਉਣ ਵਾਲਾ ਫੈਸਲਾ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ’ਤੇ ਵੱਡੀ ਸੱਟ ਹੈ, ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਮੁਗਲਾਂ ਨਾਲ ਹੋਏ ਯੁੱਧਾਂ ਦੇ ਨਾਲ-ਨਾਲ ਵਿਸ਼ਵ ਜੰਗਾਂ, ਸਾਰਾਗੜ੍ਹੀ ਦੀ ਲੜਾਈ ਅਤੇ ਭਾਰਤੀ ਫ਼ੌਜ ਵੱਲੋਂ ਬੀਤੇ ’ਚ ਲੜੀਆਂ ਗਈਆਂ ਜੰਗਾਂ ਦੌਰਾਨ ਸਿੱਖਾਂ ਵੱਲੋਂ ਦਸਤਾਰਧਾਰੀ ਹੋ ਕੇ ਲੜਨਾ ਅਹਿਮ ਮਿਸਾਲਾਂ ਹਨ। ਇਸ ਦੇ ਨਾਲ ਹੀ ਭਾਰਤੀ ਫ਼ੌਜ ਵਿਚ ਸਿੱਖ ਰੈਂਜੀਮੈਂਟ, ਸਿੱਖ ਲਾਈਟ ਇੰਨਫੈਂਟਰੀ ਅਤੇ ਪੰਜਾਬ ਰੈਂਜੀਮੈਂਟ ਸਿੱਖ ਪਛਾਣ ਦਾ ਉਹ ਅੰਗ ਰਹੇ ਹਨ, ਜਿਨ੍ਹਾਂ ਨੇ ਸਿੱਖੀ ਗੌਰਵ ਨੂੰ ਕਾਇਮ ਰੱਖਦਿਆਂ ਦੇਸ਼ ਦੀ ਸੇਵਾ ਕੀਤੀ।

ਉਨ੍ਹਾਂ ਕਿਹਾ ਕਿ ਇਹ ਭਾਰਤ ਦੇਸ਼ ਦੀ ਵਿਲੱਖਣਤਾ ਹੈ ਕਿ ਇਥੇ ਵੱਸਣ ਵਾਲੇ ਵੱਖ-ਵੱਖ ਭਾਈਚਾਰਿਆਂ ਦੇ ਲੋਕ ਆਪਣੇ ਧਰਮ, ਸੱਭਿਆਚਾਰ ਅਤੇ ਮਰਯਾਦਾ ਦਾ ਪਾਲਣ ਕਰਦਿਆਂ ਦੇਸ਼ ਲਈ ਯੋਗਦਾਨ ਦਿੰਦੇ ਹਨ। ਭਾਰਤੀ ਫ਼ੌਜ ਵਿਚ ਵੀ ਸਿੱਖ ਫ਼ੌਜੀਆਂ ਨੇ ਦਸਤਾਰ ਦੇ ਮਾਣ ਨੂੰ ਸਦਾ ਕਾਇਮ ਰੱਖਿਆ ਹੈ ਅਤੇ ਜੇਕਰ ਸਿੱਖ ਫ਼ੌਜੀਆਂ ਲਈ ਨਵੀਂ ਲੋਹਟੋਪ ਯੋਜਨਾ ਲਾਗੂ ਹੁੰਦੀ ਹੈ ਤਾਂ ਇਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜੇਗੀ ਤੇ ਸਿੱਖ ਮਰਯਾਦਾ ਦਾ ਉਲੰਘਣ ਹੋਵੇਗਾ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰੱਖਿਆ ਮੰਤਰੀ  ਰਾਜਨਾਥ ਸਿੰਘ ਨੂੰ ਕਿਹਾ ਕਿ ਉਹ ਸਿੱਖ ਫ਼ੌਜੀਆਂ ਲਈ ਲਿਆਂਦੀ ਜਾ ਰਹੀ ਨਵੀਂ ਲੋਹਟੋਪ ਨੀਤੀ ਨੂੰ ਤੁਰੰਤ ਵਾਪਸ ਲੈਣ, ਤਾਂ ਜੋ ਰੱਖਿਆ ਸੇਵਾਵਾਂ ਵਿਚ ਸਿੱਖਾਂ ਦੀ ਵੱਖਰੀ ਪਛਾਣ ਬਰਕਰਾਰ ਰਹੇ।

Related Articles

Leave a Comment