ਅੰਮ੍ਰਿਤਸਰ, 17 ਨਵੰਬਰ, (ਯੂ.ਐਨ.ਆਈ.)— ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਅਗਵਾਈ ਵਿੱਚ ਕਿਸਾਨਾਂ ਦੇ ਇੱਕ ਸਮੂਹ ਦੇ ਵਿਰੋਧ ਪ੍ਰਦਰਸ਼ਨ ਕਾਰਨ ਬੁੱਧਵਾਰ ਨੂੰ ਅੰਮ੍ਰਿਤਸਰ ਵਿੱਚ ਲੋਕ ਘੰਟਿਆਂ ਬੱਧੀ ਟ੍ਰੈਫਿਕ ਜਾਮ ਵਿੱਚ ਫਸੇ ਰਹੇ। ਕਿਸਾਨ ਨੈਸ਼ਨਲ ਹਾਈਵੇ ਪ੍ਰਾਜੈਕਟਾਂ ਲਈ ਐਕਵਾਇਰ ਕੀਤੀ ਗਈ ਜ਼ਮੀਨ ਦਾ ਵੱਧ ਮੁਆਵਜ਼ਾ, ਖਰਾਬ ਮੌਸਮ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਅਤੇ ਕੁਝ ਕਿਸਾਨਾਂ ’ਤੇ ਦਰਜ ਕੇਸ ਰੱਦ ਕਰਨ ਦੀ ਮੰਗ ਕਰ ਰਹੇ ਸਨ। ਪੁਲਿਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਪੁਰਾਣੇ ਸ਼ਹਿਰ ਨੂੰ ਅੰਮ੍ਰਿਤਸਰ ਦੇ ਹੋਰ ਹਿੱਸਿਆਂ ਨਾਲ ਜੋੜਨ ਵਾਲੇ ਅਹਮ ਭੰਡਾਰੀ ਪੁਲ ਨੂੰ ਜਾਮ ਕਰ ਦਿੱਤਾ। ਇਸ ਕਾਰਨ ਸ਼ਾਮ ਨੂੰ ਤਿੰਨ ਕਿਲੋਮੀਟਰ ਲੰਬਾ ਟ੍ਰੈਫਿਕ ਜਾਮ ਹੋ ਗਿਆ ਅਤੇ ਯਾਤਰੀ ਘੰਟਿਆਂ ਬੱਧੀ ਫਸੇ ਰਹੇ। ਸ਼ਹਿਰ ਵਿੱਚ ਮੈਟਰੋ ਬੱਸ ਸੇਵਾਵਾਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ। ਅਟਾਰੀ-ਵਾਹਗਾ ਸਰਹੱਦ ਅਤੇ ਦਰਬਾਰ ਸਾਹਿਬ ਦੇਖਣ ਆਏ ਸੈਲਾਨੀਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਟਿਆਲਾ ਜ਼ਿਲ੍ਹੇ ਵਿੱਚ ਇੱਕ ਹੋਰ ਵਿਰੋਧ ਪ੍ਰਦਰਸ਼ਨ ਵਿੱਚ, ਕਿਸਾਨਾਂ ਨੇ ਚੰਡੀਗੜ੍ਹ-ਬਠਿੰਡਾ ਹਾਈਵੇ ’ਤੇ ਇੱਕ ਟੋਲ ਪਲਾਜ਼ਾ ਨੂੰ ਜਾਮ ਕਰ ਦਿੱਤਾ।
