Home » ਭਗਵੰਤ ਮਾਨ ਅਤੇ ਕੇਂਦਰੀ ਮੰਤਰੀ ਨੇ ਕੀਤਾ ਸੀਐਨਜੀ ਪਲਾਂਟ ਦਾ ਉਦਘਾਟਨ

ਭਗਵੰਤ ਮਾਨ ਅਤੇ ਕੇਂਦਰੀ ਮੰਤਰੀ ਨੇ ਕੀਤਾ ਸੀਐਨਜੀ ਪਲਾਂਟ ਦਾ ਉਦਘਾਟਨ

by Rakha Prabh
105 views

ਭਗਵੰਤ ਮਾਨ ਅਤੇ ਕੇਂਦਰੀ ਮੰਤਰੀ ਨੇ ਕੀਤਾ ਸੀਐਨਜੀ ਪਲਾਂਟ ਦਾ ਉਦਘਾਟਨ
ਲਹਿਰਾਗਾਗਾ, 19 ਅਕਤੂਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਪਿੰਡ ਭੁਟਾਲ ਕਲਾਂ ਵਿਖੇ ਸਥਿਤ ਦੇਸ਼ ਦੇ ਸਭ ਤੋਂ ਵੱਡੇ ਬਰਵਿਓ ਕੰਪਨੀ ਵੱਲੋਂ ਲਗਾਏ ਸੀਐਨਜੀ ਪਲਾਂਟ ਦਾ ਉਦਘਾਟਨ ਕੀਤਾ।

ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਹਲਕਾ ਲਹਿਰਾ ਦੇ ਵਿਧਾਇਕ ਬਰਿੰਦਰ ਗੋਇਲ, ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ, ਐਸਐਸਪੀ ਸੰਗਰੂਰ ਮਨਦੀਪ ਸਿੰਘ ਸਿੱਧੂ, ਐਸਡੀਐਮ ਲਹਿਰਾ ਸੂਬਾ ਸਿੰਘ, ਡੀਐਸਪੀ ਪੁਸ਼ਪਿੰਦਰ ਸਿੰਘ ਤੋਂ ਇਲਾਵਾ ਬਹੁਤ ਸਾਰੀਆਂ ਹਲਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ’ ਦੇ ਵਾਕ ਅਨੁਸਾਰ ਆਪਾਂ ਇਨ੍ਹਾਂ ਤਿੰਨਾਂ ਨੂੰ ਬਚਾਅ ਕੇ ਰੱਖੀਏ ਤਾਂ ਹੀ ਆਪਾਂ ਨਿਰੋਗ ਅਤੇ ਸਿਹਤਮੰਦ ਰਹਿ ਸਕਦੇ ਹਾਂ। ਇਸ ਲਈ ਇਸ ਕਾਰਖਾਨੇ ਦੀ ਪੰਜਾਬ ਤੇ ਇਸ ਹਲਕੇ ਨੂੰ ਭਾਰੀ ਜ਼ਰੂਰਤ ਸੀ। ਉਨ੍ਹਾਂ ਕਿਹਾ ਕਿ ਆਪਾਂ ਲੰਮੇ ਸਮੇਂ ਤੋਂ ਹਵਾ ਨੂੰ ਪ੍ਰਦੂਸ਼ਿਤ ਨਹੀਂ ਕਰਦੇ ਸੀ ਸਗੋਂ ਨੋਟਾਂ ਨੂੰ ਅੱਗ ਲਗਾਉਂਦੇ ਸੀ ਕਿਉਂਕਿ ਇਸ ਪਰਾਲੀ ਤੋਂ ਜਿੱਥੇ ਸੀਐਨਜੀ ਬਣਦੀ ਹੈ, ਉੱਥੇ ਹੀ ਖਾਦ ਆਦਿ ਵੀ ਬਣਦੀ ਹੈ ਅਤੇ ਧਰਤੀ ਦੀ ਉਪਜਾਊ ਸ਼ਕਤੀ ਵੀ ਵਧ ਰਹੀ ਹੈ। ਇਸ ਤੋਂ ਇਲਾਵਾ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ’ਚ ਕੁੱਲ 75 ਲੱਖ ਏਕੜ ਵਿਚ ਝੋਨੇ ਦੀ ਬਿਜਾਈ ਹੋਈ ਹੈ ਜਿਸ ’ਚੋਂ 37 ਲੱਖ ਏਕੜ ਦੀ ਪਰਾਲੀ ਨਹੀਂ ਫੂਕੀ ਜਾਂਦੀ। ਇਸ ਦਾ ਹੋਰ ਵੀ ਵੱਡਾ ਹੱਲ ਜਲਦੀ ਕੱਢਣ ਜਾ ਰਹੇ ਹਾਂ ਤਾਂ ਜੋ ਪੰਜਾਹ ਫ਼ੀਸਦੀ ਜੋ ਲੋਕ ਪਰਾਲੀ ਫੂਕਦੇ ਹਨ, ਉਹ ਵੀ ਨਾ ਫੂਕਣ। ਉਨ੍ਹਾਂ ਇਸ ਫੈਕਟਰੀ ਦੇ ਮਾਲਕ ਜਰਮਨ ਵਾਸੀ ਮਾਲਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਜੇ ਇਹ ਪਲਾਂਟ ਠੀਕ ਚੱਲਿਆ ਤਾਂ ਪੰਜਾਬ ਵਿਚ ਅਜਿਹੇ 10 ਪਲਾਂਟ ਹੋਰ ਲਾਵਾਂਗੇ। ਉਨ੍ਹਾਂ ਪੰਜਾਬ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਆਪਾਂ ਰਲ-ਮਿਲ ਕੇ ਹੀ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਵਾਂਗੇ ਜਿੱਥੇ ਭੰਗੜੇ ਕੁਸ਼ਤੀਆਂ ਫਿਰ ਨਜ਼ਰ ਆਉਣਗੀਆਂ।

ਭਗਵੰਤ ਮਾਨ ਨੇ ਕਿਹਾ ਕਿ ਲਹਿਰਾ ਹਲਕੇ ਨੂੰ ਸਭ ਤੋਂ ਵੱਧ ਵਿਕਸਤ ਹਲਕਾ ਬਣਾਇਆ ਜਾਵੇਗਾ। ਇਸ ਸਮੇਂ ਵਿਧਾਇਕ ਬਰਿੰਦਰ ਗੋਇਲ ਨੇ ਮੁੱਖ ਮੰਤਰੀ, ਕੇਂਦਰੀ ਪੈਟਰੋਲੀਅਮ ਮੰਤਰੀ ਤੇ ਹੋਰ ਨਾਲ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਰਾਕੇਸ਼ ਕੁਮਾਰ ਵਿੱਕੀ, ਜੀਵਨ ਕੁਮਾਰ ਰੱਬੜ, ਚਰਨਜੀਤ ਸ਼ਰਮਾ, ਐਡਵੋਕੇਟ ਗੌਰਵ ਗੋਇਲ, ਆਪ ਆਗੂ ਚਮਕੌਰ ਸਿੰਘ ਸਰਾਓ, ਹਰਪਾਲ ਸ਼ਰਮਾ, ਗੁਰਤੇਜ ਸਿੰਘ ਸਰਾਓ ਤੋ ਇਲਾਵਾ ਹਲਕੇ ਦੇ ਬਹੁਤ ਸਾਰੇ ਪਾਰਟੀ ਵਰਕਰ ਅਤੇ ਆਗੂ ਮੌਜੂਦ ਸਨ।

Related Articles

Leave a Comment