Home » ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਸਰਕਲ ਪੱਧਰੀ ਭਰਵੀਂ ਕਨਵੈਨਸ਼ਨ

ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਸਰਕਲ ਪੱਧਰੀ ਭਰਵੀਂ ਕਨਵੈਨਸ਼ਨ

ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਖ਼ਿਲਾਫ਼ ਸੰਘਰਸ਼ ਤੇਜ਼ ਕੀਤਾ ਜਾਵੇਗਾ: ਅਵਿਨਾਸ਼ ਚੰਦਰ, ਭੱਠਲ

by Rakha Prabh
29 views
ਬਰਨਾਲਾ, 27 ਜੁਲਾਈ, 2023: ਪੈਨਸ਼ਨਰਜ਼ ਐਸੋਸੀਏਸ਼ਨ ਰਜਿ 56 ਵੱਲੋਂ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਖ਼ਿਲਾਫ਼ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਮਨਵਾਉਣ ਅਤੇ ਲਾਗੂ ਕਰਵਾਉਣ ਲਈ ਸਰਕਲ ਪੱਧਰੀ ਕਨਵੈਨਸ਼ਨ ਆਯੋਜਿਤ ਕੀਤੀ ਗਈ। ਕਨਵੈਨਸ਼ਨ ਦੀ ਸ਼ੁਰੂਆਤ ਪਿਛਲੇ ਸਮੇਂ ਵਿੱਚ ਬੇਵਕਤੀ ਵਿਛੋੜਾ ਦੇ ਗਏ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਧਾਰਕੇ ਸ਼ਰਧਾਂਜਲੀ ਭੇਂਟ ਕਰਨ ਨਾਲ ਸ਼ੁਰੂ ਹੋਈ।
ਇਸ ਕਨਵੈਨਸ਼ਨ ਦੀ ਪ੍ਰਧਾਨਗੀ ਸਰਕਲ ਪ੍ਰਧਾਨ ਪਿਆਰਾ ਲਾਲ, ਸਕੱਤਰ ਸ਼ਿੰਦਰ ਧੌਲਾ, ਮੁਖਤਿਆਰ ਸਿੰਘ, ਬਹਾਦਰ ਸਿੰਘ, ਸੁਖਵੰਤ ਸਿੰਘ, ਜਰਨੈਲ ਸਿੰਘ, ਹਰਨੇਕ ਸਿੰਘ, ਗੁਰਚਰਨ ਸਿੰਘ, ਜੱਗਾ ਸਿੰਘ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ਤਰਕਸ਼ੀਲ ਭਵਨ ਬਰਨਾਲਾ ਦੇ ਖਚਾਖਚ ਭਰੇ ਹਾਲ ਵਿੱਚ ਇਸ ਕਨਵੈਨਸ਼ਨ ਨੂੰ ਸੰਬੋਧਨ ਕਰਨ ਲਈ ਅਵਿਨਾਸ਼ ਚੰਦਰ ਸ਼ਰਮਾ ਪ੍ਰਧਾਨ, ਧੰਨਵੰਤ ਸਿੰਘ ਭੱਠਲ, ਜਰਨਲ ਸਕੱਤਰ ਅਤੇ ਅਮਰਜੀਤ ਸਿੰਘ ਸਿੱਧੂ ਸਕੱਤਰ ਨੇ ਵਿਸਥਾਰ ਸਹਿਤ ਪਾਵਰਕੌਮ ਪੈਨਸ਼ਨਰਾਂ ਦੀਆਂ ਬੁਨਿਆਦੀ ਮੰਗਾਂ ਦੀ ਵਿਆਖਿਆ ਕੀਤੀ। ਚੱਲ ਰਹੇ ਸੰਘਰਸ਼ ਦੌਰਾਨ ਪੰਜਾਬ ਸਰਕਾਰ ਅਤੇ ਪਾਵਰਕੌਮ ਦੇ ਚੇਅਰਮੈਨ ਅਤੇ ਪ੍ਰਬੰਧਕੀ ਮੈਂਬਰ ਨਾਲ ਜਥੇਬੰਦੀ ਦੇ ਸੰਘਰਸ਼ ਦੀ ਬਦੌਲਤ ਹੋਈਆਂ ਮੀਟਿੰਗਾਂ ਵਿੱਚ ਪਾਵਰਕੌਮ ਦੇ ਪੈਨਸ਼ਨਰਜ਼ ਦੀਆਂ ਮੰਗਾਂ ਅਤੇ ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ ਦੇ ਦੋ ਆਗੂਆਂ ਦੀ ਜਬਰੀ ਟਰਮੀਨੇਟ ਕੀਤੇ ਸਾਥੀਆਂ ਨੂੰ ਬਹਾਲ ਕਰਨ ਸਬੰਧੀ ਹੋਈ ਗੱਲਬਾਤ ਸਬੰਧੀ ਜਾਣਕਾਰੀ ਦਿੱਤੀ। ਬੁਲਾਰਿਆਂ ਕਿਹਾ ਕਿ ਗੱਲਬਾਤ ਦਾ ਅਧਾਰ ਹਮੇਸ਼ਾ ਸੰਘਰਸ਼ ਦੀ ਧਾਰ ਬਣਦੀ ਹੈ। ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਜਥੇਬੰਦੀ ਦੀਆਂ ਲੰਬੇ ਸਮੇਂ ਤੋਂ ਲਮਕਾ ਅਵਸਥਾ ਵਿੱਚ ਪਈਆਂ ਮੰਗਾਂ ਨੂੰ ਮੰਨਣ ਤੋਂ ਇਨਕਾਰੀ ਹੈ।
ਇਸੇ ਕਰਕੇ ਸੰਘਰਸ਼ ਦੀ ਕੜੀ ਵਜੋਂ ਸਮੁੱਚੇ ਪੰਜਾਬ ਦੇ ਸਰਕਲ ਦਫ਼ਤਰਾਂ ਅੱਗੇ ਮਨੇਜਮੈਂਟ ਅਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜਨ ਦੇ ਰੋਸ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ। ਇਹ ਕਨਵੈਨਸ਼ਨਾਂ ਸੰਘਰਸ਼ ਦਾ ਦੂਜਾ ਪੜਾਅ ਹਨ।ਪੈਨਸ਼ਨਰਾਂ ਵਿੱਚ ਵੱਡੀ ਪੱਧਰ ‘ਤੇ ਰੋਸ ਪਾਇਆ ਜਾ ਰਿਹਾ ਹੈ। ਮੰਗਾਂ ਨੂੰ ਮਨਵਾਉਣ ਅਤੇ ਲਾਗੂ ਕਰਵਾਉਣ ਲਈ ਤਿੱਖੇ ਸੰਘਰਸ਼ ਦੀ ਲੋੜ ਹੈ। ਸਰਕਲ ਕਮੇਟੀ ਵੱਲੋਂ ਪੈਨਸ਼ਨਰ ਸਾਥੀਆਂ ਨੂੰ ਅਪੀਲ ਕੀਤੀ ਗਈ ਸੂਬਾ ਕਮੇਟੀ ਵੱਲੋਂ ਉਲੀਕੇ ਗਏ ਸੰਘਰਸ਼ ਸੱਦੇ ਵਿੱਚ ਸਮੇਂ ਸਿਰ ਵੱਡੀ ਗਿਣਤੀ ਵਿੱਚ ਪਹੁੰਚਣ।
ਇਸ ਕਨਵੈਨਸ਼ਨ ਵਿੱਚ ਬੁਲਾਰੇ ਆਗੂਆਂ ਗਮਦੂਰ ਸਿੰਘ, ਨਰਾਇਣ ਦੱਤ, ਗੁਰਬਖਸ਼ ਸਿੰਘ, ਗੁਰਚਰਨ ਸਿੰਘ, ਅਮਰਜੀਤ ਸਿੰਘ ਅਮਨ, ਮੁਖਤਿਆਰ ਸਿੰਘ ਆਦਿ ਆਗੂਆਂ ਨੇ ਸਮੁੱਚੀ ਹਾਲਤ ਅਤੇ ਅਗਲੇ ਤਿੱਖੇ ਸੰਘਰਸ਼ ਬਾਰੇ ਵੀ ਵਿਚਾਰ ਚਰਚਾ ਕੀਤੀ। ਆਗੂਆਂ ਨੇ ਸਰਬਸੰਮਤੀ ਨਾਲ ਮਨੀਪੁਰ ਵਿੱਚ ਹਜ਼ੂਮੀ ਭੀੜ ਵੱਲੋਂ ਦੋ ਔਰਤਾਂ ਨੂੰ ਨਿਰਵਸਤਰ ਕਰਕੇ ਘੁਮਾਉਣ, ਸਮੂਹਿਕ ਬਲਾਤਕਾਰ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਧਾਰੀ ਸਾਜ਼ਿਸ਼ੀ ਚੁੱਪ ਨੂੰ ਖ਼ਤਰਨਾਕ ਦੱਸਦਿਆਂ ਔਰਤਾਂ ਉੱਤੇ ਹੁੰਦੇ ਸੰਸਥਾਗਤ ਜਬਰ ਖਿਲਾਫ਼ ਸਾਂਝੇ ਸੰਘਰਸ਼ ਲਾਮਬੰਦ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। 12 ਅਗਸਤ ਨੂੰ ਮਹਿਲਕਲਾਂ ਦੀ ਧਰਤੀ ਤੇ ਔਰਤ ਮੁਕਤੀ ਦਾ ਪ੍ਰਤੀਕ ਬਣੀ ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ ਵੱਲੋਂ ਮਨਾਏ ਜਾ ਰਹੇ ਯਾਦਗਾਰ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਜ਼ੋਰਦਾਰ ਅਪੀਲ ਕੀਤੀ। ਲੋਕ ਗਾਇਕ ਅਜਮੇਰ ਸਿੰਘ ਅਕਲੀਆ ਨੇ ਇਨਕਲਾਬੀ ਗੀਤਾਂ ਦੀ ਖੂਬਸੂਰਤ ਪੇਸ਼ਕਾਰੀ ਕੀਤੀ। ਸਟੇਜ ਸਕੱਤਰ ਦੇ ਫਰਜ਼ ਸਰਕਲ ਸਕੱਤਰ ਸ਼ਿੰਦਰ ਧੌਲਾ ਨੇ ਬਾਖ਼ੂਬੀ ਨਿਭਾਏ।

Related Articles

Leave a Comment