ਦਲਜੀਤ ਕੌਰ
ਚੰਡੀਗੜ੍ਹ, 22 ਮਾਰਚ, : ਪੰਜਾਬ ਦੇ ਇਨਕਲਾਬੀ ਸੰਘਰਸ਼ਾਂ ਤੇ ਗੂੰਜਦੀ ਉੱਚੀ ਹੇਕ, ਮਜਦੂਰਾਂ ਕਿਸਾਨਾਂ ਕਿਰਤੀਆਂ ਦੇ ਦਰਦਾਂ ਨੂੰ ਸ਼ਬਦਾਂ ਤੇ ਸੂਰਾਂ ‘ਚ ਢਾਲਦੀ, ਦਿੱਲੀ ਦੀ ਹਕੂਮਤ ਨੂੰ ਲਲਕਾਰਦੀ ,ਹਰ ਜਬਰ ਤਸ਼ੱਦਦ ਤੇ ਧੱਕੇ ਖਿਲਾਫ ਇਨਸਾਫ ਦੀ ਲੜਾਈ ਨੂੰ ਤਿੱਖਾ ਕਰਦੀ ਹਰਮਨ ਪਿਆਰੀ ਕਵੀਸ਼ਰੀ ਦਾ ਮਾਲਕ ਅਮਰਜੀਤ ਪ੍ਰਦੇਸੀ ਪਿੰਡ ਰਸੂਲਪੁਰ ਮੱਲਾ ਵਿਖੇ ਪਿਛਲੇ ਦਿਨੀਂ ਵਿਛੋੜਾ ਦੇ ਗਿਆ। ਨੌਜਵਾਨ ਭਾਰਤ ਸਭਾ, ਬਿਜਲੀ ਕਰਮੀਆਂ ਦੀ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ‘ਚ ਮੋਹਰੀ ਸਫਾਂ ‘ਚ ਚਾਰ ਦਹਾਕੇ ਲੰਮਾਂ ਸਮਾਂ ਆਗੂ ਰੋਲ ਨਿਭਾਉਂਦੇ ਰਹੇ ਅਮਰਜੀਤ ਦੀ ਅਗਵਾਈ ਚ ਉਸਰਿਆ ਕਵੀਸ਼ਰੀ ਜੱਥਾ ਪੰਜਾਬ ਦੀਆਂ ਸੈਂਕੜੇ ਸਟੇਜਾਂ ਦਾ ਸ਼ਿੰਗਾਰ ਬਣਿਆ। ਪੰਜਾਬ ਦੀ ਸਮੁੱਚੀ ਇਨਕਲਾਬੀ ਲਹਿਰ ਦੇ ਪ੍ਰਵਾਨਤ ਗੀਤਕਾਰ ਕਵਿਸ਼ਰ ਨੇ ਖੁਦ ਵੀ ਦਰਜਨਾਂ ਗੀਤ ਤੇ ਕਵੀਸ਼ਰੀਆਂ ਲਿਖੀਆਂ।
ਇਨਕਲਾਬੀ ਕੇਂਦਰ ਪੰਜਾਬ ਨਾਲ ਜੁੜੇ ਰਹੇ ਅਮਰਜੀਤ ਪ੍ਰਦੇਸੀ ਦਾ ਪੂਰਾ ਪਰਿਵਾਰ ਹੀ ਇਨਕਲਾਬੀ ਲਹਿਰ ਦਾ ਸਰਗਰਮ ਸਮਰਥਕ ਹੈ। ਪੇੰਡੂ ਮਜਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ ਦੇ ਵਡੇ ਭਰਾ ਅਮਰਜੀਤ ਪ੍ਰਦੇਸੀ ਦੀ ਦੇਹ ਤੇ ਅਜ ਵੱਖ ਵੱਖ ਮਜਦੂਰ ਕਿਸਾਨ ਅਤੇ ਜਮਹੂਰੀ ਜਥੇਬੰਦੀਆਂ ਵਲੋਂ ਵਿਛੜੇ ਸਾਥੀ ਦੀ ਦੇਹ ਤੇ ਜਥੇਬੰਦੀਆਂ ਦੇ ਝੰਡੇ ਅਰਪਿਤ ਕੀਤੇ ਗਏ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਪੇੰਡੂ ਮਜਦੂਰ ਯੂਨੀਅਨ ਦੇ ਆਗੂ ਤਰਸੇਮ ਪੀਟਰ, ਕਸ਼ਮੀਰ ਘੁਗਸ਼ੋਰ, ਖੇਤ ਮਜਦੂਰ ਯੂਨੀਅਨ ਦੇ ਆਗੂ ਜੋਰਾ ਸਿੰਘ ਨਸਰਾਲੀ, ਮਜਦੂਰ ਆਗੂ ਸੁਖਦੇਵ ਸਿੰਘ ਭੂੰਦੜੀ, ਬੂਟਾ ਸਿੰਘ ਚਕਰ, ਇੰਦਰਜੀਤ ਸਿੰਘ ਧਾਲੀਵਾਲ, ਮਦਨ ਸਿੰਘ, ਜਗਮੋਹਨ ਸਿੰਘ ਢੁੱਡੀਕੇ, ਗੁਰਸ਼ਰਨ ਸਿੰਘ ਢੁੱਡੀਕੇ, ਬੰਤ ਸਿੰਘ ਬੱਧਨੀ, ਲਾਲ ਸਿੰਘ ਬੱਧਨੀ, ਹਰਵਿੰਦਰ ਦੀਵਾਨਾ, ਰਾਮ ਸਰਨ ਸਿੰਘ ਰਸੂਲਪੁਰ, ਨੌਜਵਾਨ ਭਾਰਤ ਸਭਾ ਦੇ ਆਗੂ ਕਰਮਜੀਤ ਸਿੰਘ ਆਦਿ ਹਾਜਰ ਸਨ। ਅਮਰਜੀਤ ਸਿੰਘ ਪ੍ਰਦੇਸੀ ਦੀ ਯਾਦ ‘ਚ ਸ਼ਰਧਾਂਜਲੀ ਸਮਾਗਮ ਅਤੇ ਭੋਗ ਰਸਮ ਪਿੰਡ ਰਸੂਲਪੁਰ ਵਿਖੇ 31 ਮਾਰਚ ਦਿਨ ਐਤਵਾਰ ਨੂੰ ਕੀਤੀ ਜਾ ਰਹੀ ਹੈ।