ਵੱਡੇ -ਵੱਡੇ ਵਾਅਦੇ ਕਰਕੇ ਪੰਜਾਬ ਦੀ ਸੱਤਾ ਉੱਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਖ਼ਿਲਾਫ਼ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ। ਇਸ ਮੌਕੇ ਸਰਕਾਰ ਖ਼ਿਲਾਫ਼ ਵਾਅਦਾਖ਼ਿਲਾਫੀ ਦੇ ਇਲਜ਼ਾਮ ਲੱਗ ਰਹੇ ਹਨ। ਹਾਲਾਂਕਿ ਸਰਕਾਰ ਵੱਡੇ ਪੱਧਰ ਉੱਤੇ ਨੌਕਰੀਆਂ ਦੇਣ ਦੇ ਦਾਅਵੇ ਕਰ ਰਹੀ ਹੈ ਪਰ ਮੁਖ਼ਾਲਿਫ ਧਿਰ ਲਗਾਤਰ ਇਸ ਨੂੰ ਲੈ ਕੇ ਸਰਕਾਰ ਨੂੰ ਘੇਰ ਰਹੀ ਹੈ।
ਪਿਛਲੇ ਸਮੇਂ ਤੋਂ ਪੰਜਾਬ ਵਿੱਚ 1158 ਪ੍ਰੋਫੈਸਰ ਭਰਤੀਆਂ ਦਾ ਮਾਮਲਾ ਪੂਰੀ ਤਰ੍ਹਾਂ ਨਾਲ ਗਰਮਾਇਆ ਹੋਇਆ ਹੈ। ਇਸ ਮੁੱਦੇ ਨੂੰ ਹਲਕਾ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਲਗਾਤਾਰ ਚੁੱਕ ਰਹੇ ਹਨ। ਇਸ ਮੌਕੇ ਉਨ੍ਹਾਂ ਇੱਕ ਵਾਰ ਮੁੜ ਤੋਂ ਸਰਕਾਰ ਤੋਂ ਇਨ੍ਹਾਂ ਧਰਨਾਕਾਰੀਆਂ ਲਈ ਇਨਸਾਫ਼ ਦੀ ਮੰਗ ਕੀਤੀ ਹੈ।
ਵਿਧਾਇਕ ਪਰਗਟ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਸਿੱਖਿਆ ਕ੍ਰਾਂਤੀ ਦੇ ਖੋਖਲੇ ਦਾਅਵਿਆਂ ਨਾਲ ਸੱਤਾ ਵਿੱਚ ਆਈ ਭਗਵੰਤ ਮਾਨ ਦੀ ਸਰਕਾਰ ਹੁਣ ਆਪਣੇ ਹੀ ਰਾਜ ਵਿੱਚ ਅਧਿਆਪਕਾਂ ਅਤੇ ਪ੍ਰੋਫੈਸਰਾਂ ਦੀ ਆਵਾਜ਼ ਸੁਣਨ ਲਈ ਤਿਆਰ ਨਹੀਂ ਹੈ। 1158 ਪ੍ਰੋਫੈਸਰ ਭਰਤੀਆਂ ਵਿੱਚੋਂ 411 ਅਜੇ ਵੀ ਨਿਯੁਕਤੀ ਪੱਤਰਾਂ ਦੀ ਉਡੀਕ ਵਿੱਚ ਹਨ।