‘‘ਪੁਲਿਸ ਵੱਲੋਂ ਦਲੇਰੀ ਨਾਲ ਅੱਥਰੂ ਗੈਸ ਦੇ ਗੋਲਿਆਂ, ਪਾਣੀ ਦੀਆਂ ਬਛਾੜਾਂ ਨਾਲ ਕਾਕੁੰਨ ਕੀਤੇ ਖਦੇੜੇ
ਜ਼ੀਰਾ, 1 ਅਕਤੂਬਰ ( ਲਵਪ੍ਰੀਤ ਸਿੰਘ ਸਿੱਧੂ ) :- ਪੰਜਾਬ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਾਰਦਰਸ਼ਤਾ ਢੰਗ ਨਾਲ ਪੰਚਾਇਤੀ ਚੋਣਾਂ ਕਰਵਾਉਣ ਦੇ ਦਿੱਤੇ ਅਖ਼ਬਾਰੀ ਬਿਆਨ ਨੂੰ ਜ਼ੀਰਾ ਵਿਖੇ ਗ੍ਰਹਿਣ ਲੱਗਦਾ ਨਜ਼ਰ ਆ ਰਿਹਾ ਹੈ, ਜਿੱਥੇ ਅੱਜ ਪੰਚਾਇਤੀ ਚੋਣਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕਾਰਕੁੰਨਾਂ ਦਰਮਿਆਨ ਖੂਨੀ ਝੜਪ ਹੋ ਗਈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਟਰਾਲੀਆਂ ਵਿੱਚ ਰੋੜੇ ਭਰ ਕੇ ਕਾਂਗਰਸੀ ਕਾਰਕੰੁਨਾਂ ਦੇ ਰੋਸ ਪ੍ਰਦਰਸ਼ਨ ਉੱਪਰ ਰੋੜਿਆ ਨਾਲ ਹਮਲਾ ਕਰ ਦਿੱਤਾ। ਜਿਸ ਨਾਲ ਸੈਂਕੜੇ ਦਰਜਨਾਂ ਕਾਰਕੁੰਨ ਜਖ਼ਮੀ ਹੋ ਗਏ, ਜਿੰਨਾਂ ਸਿਵਲ ਹਸਪਤਾਲ ਜ਼ੀਰਾ ਵਿਖੇ ਜ਼ੇਰੇ ਇਲਾਜ਼ ਲਿਆਦਾਂ ਗਿਆ, ਇਸ ਖੂਨੀ ਝੜਪ ਨੂੰ ਪੁਲਿਸ ਪਾਰਟੀ ਵੱਲੋਂ ਦੰਗਾ ਰੋਕੂ ਅਮਲੇ ਨਾਲ ਪੁਲਿਸ ਦਲੇਰੀ ਨਾਲ ਹਵਾਈ ਫਾਇਰਿੰਗ, ਪਾਣੀ ਦੀਆਂ ਬਛਾੜਾਂ, ਦੰਗਾ ਰੋਕੋ ਵਾਹਨਾਂ ਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਪਾਰਟੀ ਦੇ ਕਾਰਕੁੰਨਾਂ ਨੂੰ ਖਦੇੜਿਆ ਗਿਆ। ਇਸ ਖੂਨੀ ਝੜਪ ਦੌਰਾਨ ਪੰਜਾਬ ਪ੍ਰਦੇਸ ਕਾਂਗਰਸ ਪਾਰਟੀ ਦੇ ਜ਼ਿਲਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੇ ਚਿਹਰੇ ਉੱਪਰ ਰੋੜਾ ਵੱਜਣ ਨਾਲ ਗੰਭੀਰ ਸੱਟ ਲੱਗੀ ਅਤੇ ਕਈ ਵਰਕਰਾਂ ਦੇ ਮਾਮੂਲੀ ਜ਼ਖਮੀ ਹੋ ਗਏ। ਇਸ ਸਬੰਧੀ ਸਿਵਲ ਹਸਪਤਾਲ ਜ਼ੀਰਾ ਵਿਖੇ ਜ਼ੇਰੇ ਇਲਾਜ਼ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਜ਼ਿਲਾ ਪ੍ਰਧਾਨ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਕਟਾਰੀਆ ‘ਤੇ ਉਸਦੇ ਪੁੱਤਰ ਸ਼ੰਕਰ ਕਟਾਰੀਆ ਉੱਪਰ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਪੰਚਾਇਤੀ ਚੋਣਾਂ ਵਿੱਚ ਹਿੱਸਾ ਲੈਣ ਤੋਂ ਰੋਕਣ ਲਈ ਭਾੜੇ ਦੇ ਗੁੰਡਿਆਂ ਵੱਲੋਂ ਹਮਲਾ ਕਰਕੇ ਜਖ਼ਮੀ ਕੀਤਾ ਹੈ, ਉੱਥੇ ਪੁਲਿਸ ਪ੍ਰਸ਼ਾਸ਼ਨ ਉੱਪਰ ਦੋਸ਼ ਲਗਾਉਂਦਿਆਂ ਕਿਹਾ ਕਿ ਸੱਤਾਧਾਰੀ ਧਿਰ ਦੀ ਪ੍ਰਸ਼ਾਸ਼ਨ ਵੱਲੋਂ ਹਮਾਇਤ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਪੁਲਿਸ ਦੀ ਮੌਜੂਦਗੀ ਵਿੱਚ ਵਿਧਾਇਕ ਦੇ ਭੇਜੇ ਬੰਦਿਆਂ ਵੱਲੋਂ ਟਰਾਲੀਆਂ ਵਿੱਚ ਰੋੜੇ ਭਰਕੇ ਨਾਮਜ਼ਦਗੀ ਪੱਤਰ ਭਰਨ ਆਏ ਕਾਂਗਰਸੀ ਵਰਕਰਾਂ ਉੱਪਰ ਰੋੜਿਆ ਨਾਲ ਹਮਲਾ ਕਰ ਦਿੱਤਾ। ਜਿਸ ਨਾਲ ਕਾਂਗਰਸ ਪਾਰਟੀ ਦੇ ਦਰਜਨਾਂ ਕਾਰਕੁੰਨ ਗੰਭੀਰ ਜਖ਼ਮੀ ਹੋ ਗਏ, ਜਿੰਨਾਂ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਉਨਾਂ ਪ੍ਰਸ਼ਾਸ਼ਨ ਤੇ ਦੋਸ਼ ਲਗਾਇਆ ਕਿ ਵਿਧਾਇਕ ਨਾਲ ਮਿਲੀਭੁਗਤ ਕਰਕੇ ਪੁਖਤਾ ਕਾਗਜ਼ਾਤ ਹੋਣ ‘ਤੇ ਵੀ ਕਾਗਜ਼ ਦਾਖ਼ਲ ਕਰਨ ਤੋਂ ਰੋਕਿਆ ਗਿਆ ਅਤੇ ਕੁਝ ਉਮੀਦਵਾਰਾਂ ਨੂੰ ਐਨ.ੳ.ਸੀ ਹੀ ਮਹੁਇਆਂ ਨਹੀ ਕਰਵਾਈ ਗਈ। ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਉਨਾਂ ਵੱਲੋਂ ਮੌਕੇ ਤੇ ਜਵਾਬੀ ਕਾਰਵਾਈ ਨਾ ਕੀਤੀ ਜਾਂਦੀ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਜਦ ਇਸ ਸਬੰਧੀ ਆਪ ਦੇ ਵਿਧਾਇਕ ਨਰੇਸ਼ ਕਟਾਰੀਆਂ ਦੇ ਵਰਕਰਾਂ ਨਾਲ ਗੱਲਬਾਤ ਕੀਤੀ ਤਾਂ ਉਨਾਂ ਦਾ ਇਸ ਝਗੜੇ ਨਾਲ ਕੋਈ ਸਬੰਧ ਨਹੀ ਹੈ ਅਤੇ ਨਾ ਹੀ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੂੰ ਕਾਗਜ਼ ਦਾਖ਼ਲ ਕਰਨ ਤੋ ਰੋਕਿਆ ਗਿਆ।