Home » ਸੰਘਰਸ਼ਸ਼ੀਲ ਜਥੇਬੰਦੀਆਂ ਅਤੇ ਲੋਕਾਂ ‘ਚ ਦਹਿਸ਼ਤ ਵਾਲਾ ਮਾਹੌਲ ਸਿਰਜਣ ਖ਼ਿਲਾਫ 22 ਮਾਰਚ ਨੂੰ ਸੰਗਰੂਰ ‘ਚ ਵਿਸ਼ਾਲ ਰੋਸ ਮੁਜ਼ਾਹਰਾ ਕਰਨ ਦਾ ਐਲਾਨ 

ਸੰਘਰਸ਼ਸ਼ੀਲ ਜਥੇਬੰਦੀਆਂ ਅਤੇ ਲੋਕਾਂ ‘ਚ ਦਹਿਸ਼ਤ ਵਾਲਾ ਮਾਹੌਲ ਸਿਰਜਣ ਖ਼ਿਲਾਫ 22 ਮਾਰਚ ਨੂੰ ਸੰਗਰੂਰ ‘ਚ ਵਿਸ਼ਾਲ ਰੋਸ ਮੁਜ਼ਾਹਰਾ ਕਰਨ ਦਾ ਐਲਾਨ 

ਪਿੰਡਾਂ ਵਿੱਚ ਭਗਵੰਤ ਮਾਨ ਸਰਕਾਰ ਦੀਆਂ ਅਰਥੀਆਂ ਫ਼ੂਕਣ ਦਾ ਫ਼ੈਸਲਾ 

by Rakha Prabh
42 views
ਆਪ ਸਰਕਾਰ ਦੀ ਸ਼ਹਿ ਤੇ ਪੰਜਾਬ ਪੁਲਿਸ ਵੱਲੋਂ ਗਦਰ ਭਵਨ ਸੰਗਰੂਰ ‘ਚ ਗੈਰ ਕਾਨੂੰਨੀ ਢੰਗ ਨਾਲ ਛਾਪੇਮਾਰੀ ਕਰਨ, ਰਿਕਾਰਡ ਜ਼ਬਤ ਕੀਤਾ ਗਿਆ: ਆਗੂ  
ਦਲਜੀਤ ਕੌਰ
ਸੰਗਰੂਰ, 16 ਮਾਰਚ,
: ਅੱਜ ਵੱਖ-ਵੱਖ ਜਨਤਕ ਜਥੇਬੰਦੀਆਂ ਦੀ ਮੀਟਿੰਗ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਗਦਰ ਮਮੋਰੀਅਲ ਭਵਨ ਸੰਗਰੂਰ ਵਿਖੇ ਹੋਈ। ਇਸ ਮੌਕੇ ਵੱਖ ਵੱਖ ਜਨਤਕ ਜੱਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਦੀ ਸ਼ਹਿ ਉੱਤੇ ਪੰਜਾਬ ਪੁਲਿਸ ਵੱਲੋਂ ਗਦਰ ਭਵਨ ਸੰਗਰੂਰ ਵਿੱਚ ਗੈਰ ਕਾਨੂੰਨੀ ਢੰਗ ਨਾਲ ਛਾਪੇਮਾਰੀ ਕਰਨ, ਆਗੂਆਂ ਨੂੰ ਹਿਰਾਸਤ ਵਿਚ ਲੈਣ ਅਤੇ ਰਿਕਾਰਡ ਜਬਤ ਕਰਕੇ ਸੰਘਰਸ਼ਸ਼ੀਲ ਜਥੇਬੰਦੀਆਂ ਤੇ ਲੋਕਾਂ ‘ਚ  ਦਹਿਸ਼ਤ ਫੈਲਾਉਣ ਵਾਲਾ ਮਾਹੌਲ ਖੜਾ ਕਰਨ ਦੇ ਖਿਲਾਫ਼ 22 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ‘ਚ ਡਿਪਟੀ ਕਮਿਸ਼ਨਰ ਦਫਤਰ ਅੱਗੇ ਵਿਸ਼ਾਲ ਮੁਜਾਹਰਾ ਕਰਨ ਦਾ ਐਲਾਨ ਕੀਤਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭੁਪਿੰਦਰ ਸਿੰਘ ਲੋਂਗੋਵਾਲ ਆਗੂਆਂ ਨੇ ਦੱਸਿਆ ਕਿ ਬੀਤੀ 11 ਤਰੀਕ ਨੂੰ ਮਜ਼ਦੂਰਾਂ ਵੱਲੋਂ ਆਪਣੀ  ਜਮਹੂਰੀ ਮੰਗਾਂ ਅਤੇ ਜ਼ਮੀਨੀ ਮੰਗਾਂ ਨੂੰ ਲੈ ਕੇ ਰੇਲ ਜਾਮ ਦਾ ਸੱਦਾ ਸੀ, ਪਰ ਆਪ ਸਰਕਾਰ ਦੀ ਸਹਿ ਤੇ ਪੁਲਿਸ ਪ੍ਰਸ਼ਾਸਨ ਵੱਲੋ ਸ਼ਰੇਆਮ ਗੁੰਡਾਗਰਦੀ ਕਰਦਿਆਂ ਜਿੱਥੇ ਤੜਕੇ ਸਵੇਰੇ ਹੀ ਲੋਕਾਂ ਦੇ ਘਰਾਂ ਵਿੱਚ ਛਾਪੇ ਮਾਰੇ ਗਏ ਅਤੇ ਪਿੰਡ ਸਾਦੀਹਰੀ ‘ਚ ਬਿਨਾਂ ਮਹਿਲਾ ਪੁਲਿਸ ਤੋਂ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਲੋਕਾਂ ਨਾਲ ਬਦਸਲੂਕੀ ਕੀਤੀ ਗਈ। ਉੱਥੇ ਹੀ ਗ਼ਦਰ ਮੈਮੋਰੀਅਲ ਭਵਨ ਵਿਖੇ ਗੈਰ ਕਨੂੰਨੀ ਢੰਗ ਨਾਲ  ਛਾਪੇਮਾਰੀ ਕਰਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭੁਪਿੰਦਰ ਸਿੰਘ ਲੌਂਗੋਵਾਲ‌ ਅਤੇ ਪੀਐੱਸਯੂ ਦੇ ਆਗੂ ਸੁਖਦੀਪ ਹਥਨ ਨੂੰ ਬਿਨਾਂ ਵਜਾ ਗ੍ਰਿਫਤਾਰ ਕਰ ਲਿਆ ਗਿਆ ਅਤੇ ਗ਼ਦਰ ਮਮੋਰੀਅਲ ਭਵਨ ਵਿਖੇ ਵੱਖ-ਵੱਖ ਜਥੇਬੰਦੀਆਂ ਦੀਆਂ ਮੈਂਬਰਸ਼ਿਪ ਰਸੀਦਾਂ, ਪੋਸਟਰ ਜ਼ਬਤ ਕੀਤੇ ਗਏ ਅਤੇ ਜਨਤਕ ਜਥੇਬੰਦੀਆਂ ਦੇ ਰਜਿਸਟਰਾਂ ਦੀ ਚੀਰ-ਫਾੜ ਕੀਤੀ ਗਈ ਅਤੇ ਦਫ਼ਤਰ ਦੀ ਫਰੋਲਾ ਫਰਾਲੀ ਕੀਤੀ ਗਈ, ਆਪ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਇਸ ਘਟੀਆ ਮਾਨਸਿਕਤਾ ਦਾ ਵਿਖਾਵਾ ਸਾਫ਼-ਸਾਫ਼ ਦੱਸਦਾ ਹੈ ਕਿ ਸੰਘਰਸ਼ ਕਰਨ ਵਾਲੇ ਲੋਕਾਂ ਦੇ ਖਿਲਾਫ ਸਰਕਾਰ ਦੇ ਮਨ ਵਿੱਚ ਕਿੰਨੀ ਨਫ਼ਰਤ ਹੈ। ਆਪ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਇਸ ਘਟੀਆ ਰਵੱਈਏ ਨੂੰ ਪੰਜਾਬ ਦੇ ਕਿਰਤੀ ਅਤੇ ਹੱਕਾਂ ਲਈ ਲੜਨ ਵਾਲੇ ਲੋਕ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ ਅਤੇ ਇਸ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਸਖਤ ਐਕਸ਼ਨ ਕੀਤਾ ਜਾਵੇਗਾ। ਇਸ ਲਈ 22 ਤਰੀਕ ਨੂੰ ਪੰਜਾਬ ਦੀਆ ਵੱਖ-ਵੱਖ ਵਰਗਾਂ ਦੀਆਂ ਜਥੇਬੰਦੀਆਂ ਵੱਲੋਂ ਲਾ-ਮਿਸ਼ਾਲ ਰੋਸ ਮੁਜਾਹਰਾ ਕੀਤਾ ਜਾਵੇਗਾ ਅਤੇ ਉਸ ਤੋਂ ਪਹਿਲਾਂ ਪਿੰਡਾਂ ਵਿੱਚ ਭਗਵੰਤ ਮਾਨ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ। ਇਸ ਸਮੇਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਗਦਰ ਭਵਨ ਵਿੱਚੋਂ ਆਗੂਆਂ ਨੂੰ ਗਿਰਫਤਾਰ ਕਰਨ ਅਤੇ ਕਰਵਾਉਣ ਵਾਲੇ ਪੁਲਿਸ ਅਫਸਰ ਆਪਣੀ ਗਲਤੀ ਦਾ ਅਹਿਸਾਸ ਕਰਨ ਅਤੇ ਜ਼ਬਤ ਕੀਤਾ ਸਮਾਨ ਵਾਪਸ ਕੀਤਾ ਜਾਵੇ।
ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ, ਜਮਹੂਰੀ ਕਿਸਾਨ ਸਭਾ ਦੇ ਉਧਮ ਸਿੰਘ ਸੰਤੋਖਪੁਰਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਧਰਮਪਾਲ ਸਿੰਘ ਨਮੋਲ, ਬੀਕੇਯੂ ਰਾਜੇਵਾਲ ਦੇ ਰੋਹੀ ਸਿੰਘ ਮੰਗਵਾਲ, ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਤੇ ਸੰਯੁਕਤ ਸਕੱਤਰ ਦਲਜੀਤ ਸਿੰਘ ਸਫੀਪੁਰ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ ਅਤੇ ਸੁਖਵਿੰਦਰ ਪੱਪੀ, ਤਰਕਸ਼ੀਲ ਸੁਸਾਇਟੀ ਦੇ ਪਰਮ ਵੇਦ ਆਦਿ ਹਾਜ਼ਰ ਸਨ।

Related Articles

Leave a Comment