Home » ਬੀਕੇਯੂ ਡਕੌਂਦਾ ਨੇ ਸੰਯੁਕਤ ਮੋਰਚਾ ਵਿੱਚ ਸ਼ਾਮਿਲ ਹੋ ਕੀਤਾ ਪੰਜਾਬ ਭਰ ‘ਚ ਡੀ.ਸੀ ਦਫ਼ਤਰਾਂ ਦਾ ਘਿਰਾਓ

ਬੀਕੇਯੂ ਡਕੌਂਦਾ ਨੇ ਸੰਯੁਕਤ ਮੋਰਚਾ ਵਿੱਚ ਸ਼ਾਮਿਲ ਹੋ ਕੀਤਾ ਪੰਜਾਬ ਭਰ ‘ਚ ਡੀ.ਸੀ ਦਫ਼ਤਰਾਂ ਦਾ ਘਿਰਾਓ

by Rakha Prabh
79 views
ਦਲਜੀਤ ਕੌਰ
ਚੰਡੀਗੜ੍ਹ, 23 ਸਤੰਬਰ, 2023: ਪਿਛਲੇ ਦਿਨੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋ ਪੰਜਾਬ ਪੱਧਰ ਤੇ ਸਖ਼ਤ ਐਕਸ਼ਨ ਉਲੀਕੇ ਗਏ ਸਨ। ਜਿਸ ਦੀ ਲੜੀ ਤਹਿਤ ਅੱਜ ਵੱਖ ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਦਾ ਘਿਰਾਓ ਕੀਤਾ ਗਿਆ। ਇਸ ਸਮੇਂ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਬਰਨਾਲਾ ਤੋਂ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੇ ਦਿਨ ਰੋਸ਼ ਪ੍ਰਦਰਸ਼ਨਾਂ ਵਿੱਚ ਕਿਸਾਨ ਭਰਾਵਾਂ ਦੇ ਨਾਲ ਨਾਲ ਕਿਸਾਨ ਸੁਆਣੀਆਂ ਨੇ ਵੀ ਭਰਵੀਂ ਸ਼ਮੂਲੀਅਤ ਕਰ ਮੋਰਚੇ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਅਤੇ ਉਹਨਾਂ ਅੱਗੇ ਮੰਗਾਂ ਦੁਹਰਾਉਂਦਿਆਂ ਕਿਹਾ ਕਿ ਨਰੇਂਦਰ ਮੋਦੀ ਦੀ ਕੇਂਦਰ ਸਰਕਾਰ ਇਨ੍ਹਾਂ ਹੜ੍ਹਾਂ ਨੂੰ ਫੌਰੀ ਕੌਮੀ ਆਫਤ ਐਲਾਨ ਕਰਕੇ ਪੰਜਾਬ ਨੂੰ ਦੱਸ ਹਜ਼ਾਰ ਕਰੋੜ ਰੁਪਏ ਦਾ ਰਾਹਤ ਪੈਕੇਜ ਦੇਵੇ। ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੱਦੇਨਜ਼ਰ ਮੁਆਵਜਾ ਵੰਡਣ ਦੇ ਨਿਯਮਾਂ ਵਿੱਚ ਢਿੱਲ ਦਿੱਤੀ ਜਾਵੇ ਤਾਂ ਜੋ ਪੀੜਤ ਲੋਕਾਂ ਨੂੰ ਜਾਨ-ਮਾਲ ਦੇ ਹੋਏ ਨੁਕਸਾਨ ਦਾ ਢੁੱਕਵਾਂ ਮੁਆਵਜਾ ਮਿਲ ਸਕੇ। ਪੰਜਾਬ ਸਰਕਾਰ ਵਿਸ਼ੇਸ਼ ਗਿਰਦਾਵਰੀ ਦੇ ਕੀਤੇ ਹੁਕਮਾਂ ’ਤੇ ਅਮਲਦਾਰੀ ਯਕੀਨੀ ਬਣਾਵੇ।
ਬੀਕੇਯੂ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਜਿੰਨ੍ਹਾਂ ਕਿਸਾਨਾਂ ਨੇ ਤਬਾਹ ਹੋਈਆਂ ਫ਼ਸਲਾਂ ਮੁੜ ਬੀਜੀਆਂ ਹਨ, ਉਨ੍ਹਾਂ ਦੇ ਨੁਕਸਾਨ ਨੂੰ ਗਿਰਦਾਵਰੀ ਵਿੱਚ ਗਿਣਿਆ ਜਾਵੇ, ਇਸ ਸਬੰਧੀ ਪਿੰਡ ਦੀ ਪੰਚਾਇਤ, ਕਿਸਾਨ ਜਥੇਬੰਦੀਆਂ ਅਤੇ ਲੋਕਾਂ ਦੀ ਗਵਾਹੀ ਨੂੰ ਸਬੂਤ ਮੰਨਿਆ ਜਾਵੇ ਅਤੇ ਫ਼ਸਲਾਂ ਦੇ ਹੋਏ ਖਰਾਬੇ ਦਾ ਕਿਸਾਨਾਂ ਨੂੰ ਸਲੈਬਾਂ ਬਣਾ ਕੇ ਮੁਆਵਜ਼ਾ ਦਿੱਤਾ ਜਾਵੇ। ਜਿਨ੍ਹਾਂ ਕਿਸਾਨਾਂ ਦੀ ਇਸ ਸੀਜਨ ਦੀ ਪੂਰੀ ਫ਼ਸਲ ਖਰਾਬ ਅਤੇ ਅਗਲੇ ਸੀਜ਼ਨ ਦੀ ਫ਼ਸਲ ਉੱਪਰ ਵੀ ਸੰਕਟ ਮੰਡਰਾ ਰਿਹਾ, ਉਸਨੂੰ ਇੱਕ ਲੱਖ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ। ਜਿਨ੍ਹਾਂ ਕਿਸਾਨਾਂ ਦੀ ਇਸ ਸੀਜ਼ਨ ਦੀ ਫ਼ਸਲ ਖਰਾਬ ਹੋਣ ਕਾਰਨ ਪੈਦਾਵਾਰ ਨਹੀਂ ਹੋਵੇਗੀ, ਉਨ੍ਹਾਂ ਨੂੰ ਸੱਤਰ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ। ਜਿਨ੍ਹਾਂ ਕਿਸਾਨਾਂ ਦੇ ਝੋਨਾ ਜਾਂ ਕੋਈ ਹੋਰ ਫ਼ਸਲ ਖਰਾਬ ਹੋਈ ਪ੍ਰੰਤੂ ਪਾਣੀ ਉੱਤਰਨ ਮਗਰੋਂ ਉਨ੍ਹਾਂ ਫਸਲ ਬੀਜ ਲਈ ਉਨ੍ਹਾਂ ਨੂੰ ਤੀਹ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ। ਜਿਨ੍ਹਾਂ ਕਿਸਾਨਾਂ ਦੇ ਟਿਊਬਵੈੱਲ ਖੜ ਗਏ ਹਨ ਜਾਂ ਖੇਤਾਂ ਵਿੱਚ ਮਿੱਟੀ ਜਾਂ ਰੇਤ ਭਰ ਗਈ ਹੈ, ਉਨ੍ਹਾਂ ਨੂੰ ਰੇਤਾ ਅਤੇ ਮਿੱਟੀ ਚੁਕਾਉਣ ਲਈ ਨਿਯਮਾਂ ਵਿੱਚ ਛੋਟ ਦਿੱਤੀ ਜਾਵੇ। ਟਿਊਬਵੈਲਾਂ ਨੂੰ ਚਾਲੂ ਹਾਲਤ ਵਿੱਚ ਕਰਨ ਲਈ ਅਤੇ ਜ਼ਮੀਨ ਨੂੰ ਖੇਤੀ ਯੋਗ ਬਣਾਉਣ ਲਈ ਉਨ੍ਹਾਂ ਕਿਸਾਨਾਂ ਨੂੰ ਖਰਾਬੇ ਦੇ ਮੁਆਵਜੇ ਦੇ ਨਾਲ-ਨਾਲ ਹੋਏ ਨੁਕਸਾਨ ਦੇ ਅਨੁਸਾਰ ਵਿਸ਼ੇਸ਼ ਮੁਆਵਜਾ ਅਲੱਗ ਤੋਂ ਦਿੱਤਾ ਜਾਵੇ। ਜਿੰਨਾ ਪਰਿਵਾਰਾਂ ਦੇ ਜੀਅ ਦੀ ਮੌਤ ਹੋਈ ਹੈ ਉਹਨਾਂ ਨੂੰ ਦਸ ਲੱਖ ਰੁਪਏ ਪ੍ਰਤੀ ਜੀਅ ਅਤੇ ਮਰੇ ਪਸ਼ੂ ਦਾ ਇੱਕ ਲੱਖ ਰੁਪਏ ਪ੍ਰਤੀ ਪਸ਼ੂ ਮੁਆਵਜਾ ਦਿੱਤਾ ਜਾਵੇ। ਘਰਾਂ ਦੇ ਹੋਏ ਨੁਕਸਾਨ ਦਾ ਪੰਜ ਲੱਖ ਰੁਪਏ ਪ੍ਰਤੀ ਘਰ ਮੁਆਵਜਾ ਦਿੱਤਾ ਜਾਵੇ।
ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਮੰਗ ਕੀਤੀ ਕਿ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ਿਆਂ ਦੀਆਂ ਕਿਸ਼ਤਾਂ ਨੂੰ ਅੱਗੇ ਪਾਇਆ ਜਾਵੇ ਅਤੇ ਇਸ ਵਾਰ ਦਾ ਵਿਆਜ ਮੁਆਫ਼ ਕੀਤਾ ਜਾਵੇ ਜਾਂ ਸਰਕਾਰ ਖ਼ੁਦ ਭਰੇ। ਘੱਗਰ ਅਤੇ ਉਸ ਦੀਆਂ ਸਹਾਇਕ ਨਦੀਆਂ ਦੇ ਪਾਣੀ ਨੂੰ ਸੰਭਾਲਣ ਲਈ ਮਾਸਟਰ ਪਲਾਨ ਤਿਆਰ ਕਰਕੇ ਯੋਜਨਾ ਅਮਲ ਵਿੱਚ ਲਿਆਂਦੀ ਜਾਵੇ। ਦਰਿਆਵਾਂ ਦੇ ਹੜਾਂ ਦੀ ਅਕਸਰ ਮਾਰ ਸਹਿਣ ਵਾਲੇ ਇਲਾਕਿਆਂ ਨੂੰ ਵਿਸ਼ੇਸ਼ ਦਰਜਾ ਦੇ ਕੇ ਸਹੂਲਤਾਂ ਦਿੱਤੀਆਂ ਜਾਣ।
ਇਹਨਾਂ ਸਮਾਗਮਾਂ ਵਿੱਚ ਸੂਬਾ ਖ਼ਜਾਨਚੀ ਰਾਮ ਸਿੰਘ ਮਟੋਰੜਾ, ਸੂਬਾ ਪ੍ਰੈੱਸ ਸਕੱਤਰ ਇੰਦਰ ਪਾਲ ਸਿੰਘ ਨੇ ਵੀ ਭਾਗ ਲਿਆ। ਇਸ ਭਾਰਤ ਪੱਧਰੀ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਜ਼ਿਲ੍ਹਾ ਫਾਜ਼ਿਲਕਾ ਤੋਂ ਜੋਗਾ ਸਿੰਘ, ਫ਼ਰੀਦਕੋਟ ਤੋਂ ਸੁਖਬਚੈਨ ਸਿੰਘ ਚੈਨਾ, ਮੁਕਤਸਰ ਤੋਂ ਪੂਰਨ ਸਿੰਘ ਬਰੀਵਾਲਾ, ਗੁਰਦਾਸਪੁਰ ਤੋਂ ਗੁਰਵਿੰਦਰ ਸਿੰਘ, ਤਰਨਤਾਰਨ ਤੋਂ ਨਿਰਪਾਲ ਸਿੰਘ, ਲੁਧਿਆਣਾ ਤੋਂ ਮਹਿੰਦਰ ਸਿੰਘ ਕਮਾਲਪੁਰਾ, ਬਰਨਾਲਾ ਤੋਂ ਦਰਸ਼ਨ ਸਿੰਘ ਉੱਗੋਕੇ, ਸੰਗਰੂਰ ਤੋਂ ਕਰਮ ਸਿੰਘ ਬਲਿਆਲ, ਪਟਿਆਲਾ ਤੋਂ ਜਗਮੇਲ ਸਿੰਘ, ਮਾਨਸਾ ਤੋਂ ਮਹਿੰਦਰ ਸਿੰਘ ਭੈਣੀ ਬਾਘਾ, ਬਠਿੰਡਾ ਤੋਂ ਬਲਦੇਵ ਸਿੰਘ ਭਾਈਰੂਪਾ, ਮੋਹਾਲੀ ਤੋਂ ਜਗਜੀਤ ਸਿੰਘ ਬੈਂਸ ਆਦਿ ਆਗੂਆਂ ਦੀ ਅਗਵਾਈ ਹੇਠ ਕੀਤੀ ਗਈ।

Related Articles

Leave a Comment