Home » ਰੋਟਰੀ ਆਈ ਬੈਂਕ ਦੇ ਯਤਨਾਂ ਸਦਕਾ ਹਜ਼ਾਰਾਂ ਲੋਕਾਂ ਨੂੰ ਮਿਲੀ ਨਵੀਂ ਰੋਸ਼ਨੀ : ਡਾ. ਆਸ਼ੀਸ਼ ਸਰੀਨ

ਰੋਟਰੀ ਆਈ ਬੈਂਕ ਦੇ ਯਤਨਾਂ ਸਦਕਾ ਹਜ਼ਾਰਾਂ ਲੋਕਾਂ ਨੂੰ ਮਿਲੀ ਨਵੀਂ ਰੋਸ਼ਨੀ : ਡਾ. ਆਸ਼ੀਸ਼ ਸਰੀਨ

ਸੰਜੀਵ ਅਰੋੜਾ ਅਤੇ ਜੇ.ਬੀ.ਬਹਿਲ ਦੀ ਅਗਵਾਈ ਹੇਠ ਹਿਜ਼ ਐਕਸੀਲੈਂਟ ਕੋਚਿੰਗ ਸੈਂਟਰ ਵਿਖੇ ਅੱਖਾਂ ਦਾਨ ਜਾਗਰੂਕਤਾ ਸੈਮੀਨਾਰ ਆਯੋਜਿਤ

by Rakha Prabh
12 views

ਹੁਸ਼ਿਆਰਪੁਰ 9 ਸਤੰਬਰ ( ਤਰਸੇਮ ਦੀਵਾਨਾ ) ਰੋਟਰੀ ਆਈ ਬੈਂਕ ਅਤੇ ਕੋਰਨੀਆ ਟਰਾਂਸਪਲਾਂਟੇਸ਼ਨ ਸੁਸਾਇਟੀ ਵੱਲੋਂ ਪ੍ਰਧਾਨ ਅਤੇ  ਉੱਘੇ ਸਮਾਜ ਸੇਵੀ ਸੰਜੀਵ ਅਰੋੜਾ ਅਤੇ ਚੇਅਰਮੈਨ ਜੇ.ਬੀ.ਬਹਿਲ ਦੀ ਅਗਵਾਈ ਹੇਠ ਅੱਖਾਂ ਦਾਨ ਪੰਦਰਵਾੜੇ ਤਹਿਤ ਹਿਜ਼ ਐਕਸੀਲੈਂਟ ਕੋਚਿੰਗ ਸੈਂਟਰ ਵਿਖੇ ਅੱਖਾਂ ਦਾਨ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।ਇਸ ਮੌਕੇ ਸੈਂਟਰ ਦੇ ਮੈਨੇਜਿੰਗ ਡਾਇਰੈਕਟਰ ਡਾ. ਆਸ਼ੀਸ਼ ਸਰੀਨ ਵਿਸ਼ੇਸ਼ ਤੌ ਤੇ ਮੌਜੂਦ ਸਨ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸੰਜੀਵ ਅਰੋੜਾ ਨੇ ਕਿਹਾ ਕਿ ਅੱਖਾਂ ਦਾਨ  ਪੰਦਰਵਾੜਾ ਮਨਾਉਣ ਦਾ ਮਕਸਦ ਇਹ ਹੈ ਕਿ ਅਸੀ ਸਾਰੇ ਅੱਖਾਂ ਦਾਨ ਪ੍ਰਤੀ ਜਾਗਰੂਕ ਹੋਈਏ ਅਤੇ ਮਰਨ ਉਪਰੰਤ ਅੱਖਾਂ ਦਾਨ ਕਰਨ ਦਾ ਸੰਕਲਪ ਪੱਤਰ ਭਰ ਕੇ ਇਸ ਮਨੁੱਖੀ ਸੇਵਾ ਦੇ ਯੱਗ ਵਿੱਚ ਆਹੂਤੀ ਪਾਈਏ। ।ਉਨ੍ਹਾਂ ਕਿਹਾ ਕਿ ਅੱਖਾਂ ਦਾਨ ਇਕ ਅਜਿਹਾ ਦਾਨ ਹੈ ਜੋ ਹਨੇਰੇ ਵਿਚ ਡੁੱਬੇ ਵਿਅਕਤੀ ਦੇ ਜੀਵਨ ਵਿਚ ਰੋਸ਼ਨੀ ਭਰਦਾ ਹੈ ਅਤੇ ਵਿਅਕਤੀ ਆਪਣੇ ਪੈਰਾਂ ‘ਤੇ ਦੋਬਾਰਾ ਖੜ੍ਹੇ ਹੋਣ ਦੇ ਯੋਗ ਬਣਦਾ ਹੈ। ਕਿਉਂਕਿ, ਅੱਖਾਂ ਤੋਂ ਬਿਨਾਂ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਨੇਤਰਹੀਨ ਤੋਂ ਵੱਧ ਕੋਈ    ਨਹੀਂ ਜਾਣ ਸਕਦਾ। ਸ੍ਰੀ ਅਰੋੜਾ ਨੇ ਬੱਚਿਆਂ ਨੂੰ ਅੱਖਾਂ ਦਾਨ ਕਰਨ ਦੀ ਪ੍ਰਕਿਰਿਆ ਅਤੇ  ਟਰਾਂਸਪਲਾਂਟੇਸ਼ਨ ਦੇ ਤਰੀਕੇ  ਬਾਰੇ ਜਾਣੂ ਕਰਵਾਇਆ ਅਤੇ ਦੱਸਿਆ ਕਿ ਇੱਕ ਵਿਅਕਤੀ ਦੀਆਂ ਦੋ ਅੱਖਾਂ, ਦੋ ਵਿਅਕਤੀਆਂ ਨੂੰ ਰੋਸ਼ਨੀ ਪ੍ਰਦਾਨ ਕਰਦੀਆਂ ਹਨ। ਇਸ ਮੌਕੇ ਚੇਅਰਮੈਨ ਜੇ.ਬੀ. ਬਹਿਲ ਨੇ ਹਾਜ਼ਰੀ ਦਾ ਸਵਾਗਤ ਕਰਦਿਆਂ ਕਿਹਾ ਕਿ ਅੱਖਾਂ ਪ੍ਰਾਪਤ ਕਰਨ ਤੋਂ ਲੈ ਕੇ ਕੋਰਨੀਆ ਅੰਨ੍ਹੇਪਣ ਤੋਂ ਪੀੜਤ ਮਰੀਜ਼ ਦਾ ਆਪਰੇਸ਼ਨ ਕਰਵਾਕੇ ਉਸ ਨੂੰ ਅੱਖ ਪਾਉਣ ਅਤੇ ਦਵਾਈਆਂ ਆਦਿ ਦਾ ਖਰਚਾ ਸੁਸਾਇਟੀ ਵਲੋਂ ਕੀਤਾ ਜਾਂਦਾ ਹੈ।ਜਿਸ ਵਿੱਚ ਦਾਨੀ ਸੱਜਣਾਂ ਦਾ ਵਿਸ਼ੇਸ਼ ਯੋਗਦਾਨ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ  ਹੁਣ ਤੱਕ  3850 ਤੋਂ ਵੱਧ  ਲੋਕਾਂ ਨੂੰ ਰੋਸ਼ਨੀ ਮੁਹੱਈਆ ਕਰਵਾਈ   ਜਾ ਚੁੱਕੀ ਹੈ ਅਤੇ ਨੇਤਰ ਦਾਨੀਆਂ ਦੀ ਮਦਦ ਨਾਲ  ਇਹ ਪ੍ਰਕਿਰਿਆ ਹੋਰ ਵੀ ਅੱਗੇ ਵਧ ਰਹੀ ਹੈ।  ਉਨ੍ਹਾਂ ਕਿਹਾ ਕਿ ਹੁਣ ਤਾਂ ਡਰਾਈਵਿੰਗ ਲਾਇਸੈਂਸ ਦੇ ਫਾਰਮ ਵਿੱਚ ਅੱਖਾਂ ਦਾਨ ਕਰਨ ਨਾਲ ਸਬੰਧਤ  ਕਾਲਮ ਵੀ ਜੋੜ ਦਿੱਤਾ ਗਿਆ ਹੈ ਤਾਂ ਜੋ ਅੱਖਾਂ ਦਾਨ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕੇ।ਉਨ੍ਹਾਂ  ਮਹਿਮਾਨਾਂ ਅਤੇ ਬੱਚਿਆਂ ਨੂੰ ਕਿਹਾ ਕਿ ਉਹ ਆਪਣੀਆਂ ਅੱਖਾਂ ਦਾ ਵਿਸ਼ੇਸ਼ ਧਿਆਨ ਰੱਖਣ ਅਤੇ  ਅੱਖਾਂ ਦਾਨ ਕਰਨ ਦੇ ਪ੍ਰਤੀ ਖੁਦ ਵੀ ਜਾਗਰੂਕ ਹੋਣ ਅਤੇ ਹੋਰਾਂ ਨੂੰ ਵੀ ਜਾਗਰੂਕ ਕਰਨ। ਇਸ  ਮੌਕੇ ਬੋਲਦਿਆਂ  ਡਾ. ਆਸ਼ੀਸ਼ ਸਰੀਨ ਨੇ ਕਿਹਾ ਕਿ  ਸਰਕਾਰ ਅਤੇ ਸੰਸਥਾਵਾਂ ਵੱਲੋਂ ਕੋਰਨੀਅਲ ਅੰਨ੍ਹੇਪਣ ਨੂੰ ਦੂਰ ਕਰਨ ਲਈ ਕੀਤਾ ਜਾ ਰਿਹਾ ਕੰਮ ਸ਼ਲਾਘਾਯੋਗ ਹੈ ਅਤੇ ਉਨ੍ਹਾਂ ਦੇ ਯਤਨਾਂ ਸਦਕਾ ਹੀ ਅੱਜ  ਹਜ਼ਾਰਾਂ ਲੋਕ  ਦੁਬਾਰਾ ਵੇਖਣ ਯੋਗ ਹੋ ਗਏ ਹਨ। ਉਨ੍ਹਾਂ ਕਿਹਾ  ਕਿ  ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਵੀ ਅੱਖਾਂ ਦਾਨ ਕਰਨ ਵਾਲੇ ਪਰਿਵਾਰ ਦਾ ਹਿੱਸਾ ਬਣ ਗਏ ਹਨ ਅਤੇ ਉਨ੍ਹਾਂ ਨੂੰ ਜਿਨਾ ਹੋ ਸਕੇ  ਸਹਿਯੋਗ ਦੇਣ ਦਾ ਸੁਭਾਗ ਮਿਲ ਰਿਹਾ ਹੈ।ਉਨ੍ਹਾਂ ਰੋਟਰੀ ਆਈ ਬੈਂਕ ਨੂੰ ਭਵਿੱਖ ਵਿੱਚ ਵੀ ਆਪਣਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਦੋਰਾਨ ਸੁਸਾਇਟੀ ਵੱਲੋਂ ਮੁੱਖ ਮਹਿਮਾਨ ਡਾ. ਸਰੀਨ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਦਨ ਲਾਲ ਮਹਾਜਨ, ਸ਼ਾਖਾ ਬੱਗਾ, ਰਮਿੰਦਰ ਸਿੰਘ, ਅਵਿਨਾਸ਼ ਸੂਦ, ਪ੍ਰੇਮ ਕੁਮਾਰ ਤਨੇਜਾ, ਵੀਨਾ ਚੋਪੜਾ ਅਤੇ ਹੋਰ ਪਤਵੰਤੇ ਅਤੇ ਸੈਂਟਰ ਦੇ ਸਟਾਫ  ਮੈਂਬਰ ਹਾਜ਼ਰ ਸਨ ।

Related Articles

Leave a Comment