ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ ) ਸਮੁੱਚੇ ਦੇਸ਼ ਦੇ ਅਧਿਆਪਕ ਤੇ ਵਿਦਿਆਰਥੀ ਵਰਗ ਦੇ ਲਈ ਰਾਹ ਦਸੇਰਾ ਬਣ ਚੁੱਕੇ ਮਰਹੂਮ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨ ਦਾ ਜਨਮ ਦਿਨ ਦੇਸ਼ ਵਿਆਪੀ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਏ ਜਾਣ ਦੇ ਸਿਲਸਿਲੇ ਤਹਿਤ ਸੰਧੂ ਗਰੁੱਪਸ ਆਫ਼ ਸਕੂਲਸ ਦੇ ਪ੍ਰਬੰਧ ਅਧੀਨ ਬੀ.ਐਨ.ਐਸ ਇੰਟਰਨੈਸ਼ਨਲ ਸਕੂਲ ਭਿੱਟੇਵੱਡ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਇੱਕ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਕਰਮਿੰਦਰ ਸਿੰਘ ਸੰਧੂ ਕੈਨੇਡਾ ਦੇ ਦਿਸ਼ਾ ਨਿਰਦੇਸ਼ਾਂ, ਐਮ.ਡੀ. ਕਮ-ਪ੍ਰਿੰਸੀਪਲ ਗੁਰਚਰਨ ਸਿੰਘ ਸੰਧੂ ਦੀ ਅਗਵਾਈ ਤੇ ਇੰਚਾਰਜ਼ ਜ਼ੋਤੀ ਠਾਕੁਰ ਦੇ ਸ਼ਾਨਦਾਰ ਤੇ ਬੇਮਿਸਾਲ ਪ੍ਰਬੰਧਾਂ ਹੇਠ ਆਯੋਜਿਤ ਇਸ ਮੁਬਾਰਕ ਮੌਕੇ ਤੇ ਵਿਦਿਆਰਥੀਆਂ ਦੇ ਵੱਲੋਂ ਨਾਟਕੀ ਢੰਗ ਨਾਲ ਜਮਾਤਾ ਦਾ ਪ੍ਰਚਾਲਨ ਕੀਤਾ ਤੇ ਅਧਿਆਪਨ ਸਟਾਫ਼ ਦੀ ਕਾਰਜਸ਼ੈਲੀ ਤੇ ਪੜਾਉਣ ਦੇ ਤੌਰ ਤਰੀਕਿਆਂ ਨੂੰ ਵਿਅੰਗਮਈ ਰੂਪ ਵਿੱਚ ਉਜ਼ਾਗਰ ਕੀਤਾ। ਇਸ ਦੌਰਾਨ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀ ਬੁਲਾਰਿਆਂ ਨੇ ਅਧਿਆਪਕ ਦਿਵਸ ਅਤੇ ਡਾ. ਸਰਵਪੱਲੀ ਰਾਧਾਕ੍ਰਿਸ਼ਨ ਦੀ ਜੀਵਨਸ਼ੈਲੀ ਤੇ ਰੌਸ਼ਨੀ ਪਾਈ। ਇਸ ਮੌਕੇ ਆਪਣੇ ਸੰਬੋਧਨ ਵਿੱਚ ਐਮ.ਡੀ. ਕਮ-ਪ੍ਰਿੰਸੀਪਲ ਗੁਰਚਰਨ ਸਿੰਘ ਸੰਧੂ ਨੇ ਕਿਹਾ ਕਿ ਅਜੌਕਾ ਯੁੱਗ ਪੜ੍ਹੇ ਲਿਖੇ ਵਰਗ ਦਾ ਯੁੱਗ ਹੈ। ਇਸ ਲਈ ਹਰੇਕ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਵੱਲ ਤਵੱਜੋਂ ਦੇਣੀ ਚਾਹੀਦੀ ਹੈ ਤੇ ਕੁੱਝ ਬਣਨ ਤੇ ਕਰ ਦਿਖਾਉਣ ਦਾ ਜੱਜਬਾ ਪੈਂਦਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਦਿਵਸ ਸਾਨੂੰ ਬਹੁਤ ਕੁੱਝ ਸਿਖਾਉਣ ਦੇ ਨਾਲ ਨਾਲ ਜ਼ਿੰਦਗੀ ਦੀ ਅਸਲ ਸੱਚਾਈ ਦਾ ਆਈਨਾ ਵੀ ਦਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਦਿਵਸ ਮਨਾਉਣ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ ਬਲਕਿ ਰੌਸ਼ਨ ਮੁੰਨਾਰੇ ਅਧਿਆਪਕਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਅਹਿਦ ਵੀ ਲੈਣਾ ਚਾਹੀਦਾ। ਇਸ ਦੌਰਾਨ ਵਿਦਿਆਰਥੀਆਂ ਦੇ ਵੱਲੋਂ ਰੰਗਾ ਰੰਗ ਪ੍ਰੋਗਰਾਮਾਂ ਦੀਆਂ ਪੇਸ਼ਕਾਰੀਆਂ ਦੇਣ ਦੇ ਨਾਲ-ਨਾਲ ਐਮ.ਡੀ ਕਮ ਪ੍ਰਿੰਸੀਪਲ ਗੁਰਚਰਨ ਸਿੰਘ ਸੰਧੂ ਤੇ ਇੰਚਾਰਜ਼ ਜ਼ੋਤੀ ਠਾਕੁਰ ਨੂੰ ਤੋਹਫ਼ੇ ਦੇ ਕੇ ਵਿਸ਼ੇਸ਼ ਤੌਰ ਤੇ ਨਵਾਜਿਆ ਗਿਆ। ਅੰਤ ਵਿੱਚ ਸਮੁੱਚੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਭਵਿੱਖ ਵਿੱਚ ਹੋਰ ਵੀ ਸ਼ਾਨਦਾਰ ਤੇ ਬੇਹਤਰ ਕਰਨ ਦਾ ਅਹਿਦ ਲਿਆ।