ਫਗਵਾੜਾ 3 ਸਤੰਬਰ (ਸ਼ਿਵ ਕੋੜਾ) ਵਧੀਕ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵਲੋਂ ਬੀਤੇ ਦਿਨੀਂ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨਾਲ ਫਗਵਾੜਾ ’ਚੋਂ ਲੰਘਦੇ ਹਾਈਵੇ ’ਤੇ ਕੁਝ ਥਾਵਾਂ ਦੀ ਹਾਲਤ ਨੂੰ ਲੈ ਕੇ ਕੀਤੀ ਗਈ ਮੀਟਿੰਗ ਉਪਰੰਤ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਸੜਕ ਦੀ ਕਰਵਾਈ ਮੁਰੰਮਤ ਨਾਲ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਦੱਸਿਆ ਕਿ ਨੈਸ਼ਨਲ ਹਾਈਵੇ ਦੇ ਐਲੀਵੇਟ਼ਡ ਪੁੱਲ ਦੇ ਉਪਰ/ਹੇਠਾਂ ਅਤੇ ਸਰਵਿਸ ਲੇਨ ’ਤੇ ਕਈ ਜਗ੍ਹਾ ਖੱਡੇ ਪੈ ਗਏ ਸਨ ਜਿਸ ਨਾਲ ਰਾਹਗੀਰਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਲੋਕਹਿਤ ਨੂੰ ਧਿਆਨ ਵਿਚ ਰੱਖਦਿਆਂ ਨੈਸ਼ਨਲ ਹਾਈਵੇ ਅਥਾਰਟੀ ਨਾਲ ਮੀਟਿੰਗ ਦੌਰਾਨ ਅਜਿਹੀਆਂ ਥਾਵਾਂ ’ਤੇ ਤੁਰੰਤ ਮੁਰੰਮਤ ਨੂੰ ਯਕੀਨੀ ਬਣਾਉਣ ਦੇ ਨਿਰਦੇਸ ਦਿੱਤੇ ਗਏ। ਉਨ੍ਹਾਂ ਕਿਹਾ ਕਿ ਮੀਟਿੰਗ ਦਾ ਅਸਰ ਅੱਜ ਫਗਵਾੜਾ ਨੈਸ਼ਨਲ ਹਾਈਵੈ ਉੱਪਰ ਉਦੋਂ ਦੇਖਣ ਨੂੰ ਮਿਲਿਆ ਜਦੋਂ ਇਹਨਾਂ ਖੱਡਿਆਂ ਨੂੰ ਸੁਚੱਜੇ ਢੰਗ ਨਾਲ ਪੂਰਿਆ ਗਿਆ। ਉਨ੍ਹਾਂ ਕਿਹਾ ਕਿ ਕੌਮੀ ਮਾਰਗ ֦ਤੇ ਪਏ ਅਜਿਹੇ ਖੱਡਿਆਂ ਕਾਰਨ ਹਾਦਸਿਆਂ ਦਾ ਖਦਸ਼ਾ ਵੀ ਰਹਿੰਦਾ ਸੀ ਜਿਸ ਦੇ ਮੱਦੇਨਜਰ ਤੁਰੰਤ ਕਾਰਵਾਈ ਅਮਲ ਵਿਚ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਹਾਈਵੈ ਉੱਪਰ ਬਰਸਾਤ ਦੇ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਵੀ ਜਲਦ ਹੀ ਨੈਸ਼ਨਲ ਹਾਈਵੈ ਦੀ ਟੀਮ ਵੱਲੋਂ ਕਰ ਦਿੱਤਾ ਜਾਵੇਗਾ ਅਤੇ ਸ਼ੂਗਰ ਮਿੱਲ ਚੌਂਕ ਦੇ ਹੇਠਾਂ ਬਣੇ ਰਸਤੇ ਦੇ ਦੋਵੇਂ ਪਾਸਿਆਂ ਨੂੰ ਚਾਲੂ ਕਰਵਾਇਆ ਜਾਵੇਗਾ ਤਾਂ ਜੋ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਦਿੱਕਤ/ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਸ਼ਹਿਰਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਫਗਵਾੜਾ ਪ੍ਰਸ਼ਾਸ਼ਨ ਸ਼ਹਿਰਵਾਸੀਆਂ ਦੀ ਹਰ ਸਮੱਸਿਆ ਦੇ ਹੱਲ ਲਈ ਯਤਨਸ਼ੀਲ ਹੈ।