Home » ਪੀਐੱਸਯੂ ਵੱਲੋਂ ਵੱਖ-ਵੱਖ ਪ੍ਰੋਜੈਕਟਾਂ ਲਈ ਆਈਆਂ ਗ੍ਰਾਂਟਾਂ ਦੀ ਜਾਂਚ ਦੀ ਮੰਗ ; ਡੀਸੀ ਨੂੰ ਦਿੱਤਾ ਮੰਗ ਪੱਤਰ

ਪੀਐੱਸਯੂ ਵੱਲੋਂ ਵੱਖ-ਵੱਖ ਪ੍ਰੋਜੈਕਟਾਂ ਲਈ ਆਈਆਂ ਗ੍ਰਾਂਟਾਂ ਦੀ ਜਾਂਚ ਦੀ ਮੰਗ ; ਡੀਸੀ ਨੂੰ ਦਿੱਤਾ ਮੰਗ ਪੱਤਰ

ਨਵੀਂ ਬਣੀ ਲਾਇਬ੍ਰੇਰੀ ਵਿਚ ਆਈਆਂ ਤਰੇੜਾਂ ਲਈ ਪ੍ਰਸ਼ਾਸਨ ਦੇ ਨਾਕਸ ਪ੍ਰਬੰਧ ਤੇ ਉਠਾਏ ਸਵਾਲ

by Rakha Prabh
32 views
ਦਲਜੀਤ ਕੌਰ
ਸੰਗਰੂਰ, 28 ਅਗਸਤ, 2023: ਸਰਕਾਰੀ ਰਣਬੀਰ ਕਾਲਜ ਦੀ ਕਾਲਜ ਇਕਾਈ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਡੀਸੀ ਜਤਿੰਦਰ ਜੋਰਾਵਾਲ ਨੂੰ ਸਥਾਨਕ ਸਰਕਾਰੀ ਕਾਲਜ ਲਈ ਆਈਆਂ ਗ੍ਰਾਂਟਾਂ ਵਿੱਚ ਹੋਈਆਂ ਧਾਂਦਲੀਆ ਖਿਲਾਫ਼ ਮੰਗ ਪੱਤਰ ਦਿੱਤਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀਐੱਸਯੂ (ਸ਼ਹੀਦ ਰੰਧਾਵਾ) ਦੇ ਜ਼ਿਲ੍ਹਾ ਪ੍ਰਧਾਨ ਰਮਨ ਸਿੰਘ ਕਾਲਾਝਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲਾਂ ਦੌਰਾਨ ਸਰਕਾਰੀ ਰਣਬੀਰ ਕਾਲਜ ਲਈ ਵੱਖ ਵੱਖ ਪ੍ਰੋਜੈਕਟਾਂ ਲਈ ਗ੍ਰਾਂਟਾਂ ਆਈਆਂ ਸਨ। ਜਿਸ ਵਿਚ 2 ਕਰੋੜ ਰੁਪਏ ਈ-ਲਾਇਬ੍ਰੇਰੀ ਲਈ ਅਤੇ 56 ਲੱਖ ਰੁਪਏ ਕਾਲਜ਼ ਆਡੀਟੋਰੀਅਮ ਲਈ। ਇਹਨਾਂ ਗ੍ਰਾਂਟਾਂ ਦੀ ਅਮਲਦਾਰੀ ਵਿੱਚ ਸਾਫ-ਸਾਫ ਭ੍ਰਿਸ਼ਟਾਚਾਰ ਨਜ਼ਰ ਆ ਰਿਹਾ ਹੈ ਕਿਉਂਕਿ ਨਵੀਂ ਬਣੀ ਲਾਇਬ੍ਰੇਰੀ ਜਿਸਨੂੰ ਅਜੇ ਤੱਕ ਚਾਲੂ ਵੀ ਨਹੀਂ ਕੀਤਾ ਗਿਆ ਉਸਦੀਆਂ ਕੰਧਾਂ ਵਿੱਚ ਤਰੇੜਾਂ ਆ ਰਹੀਆਂ ਹਨ। ਆਡੀਟੋਰੀਅਮ ਦੀ ਡਾਉਨ ਸੀਲਿੰਗ ਟੁੱਟ ਕੇ ਥੱਲੇ ਗਿਰ ਚੁੱਕੀ ਹੈ। ਵਿਦਿਆਰਥੀ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਮੁਹਿੰਮ ਵਿੱਢਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਸਰਕਾਰ ਦੇ ਨੱਕ ਹੇਠ ਮੁੱਖ ਮੰਤਰੀ ਦੇ ਆਪਦੇ ਸ਼ਹਿਰ ਦੇ ਸਰਕਾਰੀ ਕਾਲਜ ਵਿੱਚ ਗ੍ਰਾਂਟਾਂ ਦੀ ਅਮਲਦਾਰੀ ਵਿੱਚ ਭਾਰੀ ਖਾਮੀਆਂ ਸਾਹਮਣੇ ਆ ਰਹੀਆਂ ਹਨ। ਵਿਦਿਆਰਥੀ ਆਗੂ ਨੇ ਕਿਹਾ ਸਰਕਾਰੀ ਇਮਾਰਤਾਂ ਦੀ ਸਰੁੱਖਿਆ ਯਕੀਨੀਂ ਬਣਨੀ ਚਾਹੀਦੀ ਹੈ। ਵਿਦਿਆਰਥੀ ਜੱਥੇਬੰਦੀ ਨੇ ਅਧਿਕਾਰੀਆਂ ਦੇ ਨਾਕਸ ਪ੍ਰਬੰਧਾਂ ‘ਤੇ ਸਵਾਲ ਉਠਾਏ ਹਨ।
ਵਿਦਿਆਰਥੀਆਂ ਨੇ ਮੰਗ ਪੱਤਰ ਰਾਹੀ ਮੰਗ ਕੀਤੀ ਕਿ ਕਾਲਜ ਵਿੱਚ ਈ-ਲਾਇਬ੍ਰੇਰੀ ਅਤੇ ਹੋਰ ਪ੍ਰੋਜੈਕਟਾਂ ਲਈ ਆਈਆਂ ਗ੍ਰਾਂਟਾਂ ਦੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਬਣਦੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਲਾਇਬ੍ਰੇਰੀ ਦੀ ਇਮਾਰਤ ਸੁਰੱਖਿਅਤ ਬਣਾਈ ਜਾਵੇ ਤਾਂ ਜ਼ੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ ਅਤੇ ਨਵੀਂ ਬਣੀ ਲਾਇਬ੍ਰੇਰੀ ਛੇਤੀ ਤੋਂ ਛੇਤੀ ਵਿਦਿਆਰਥੀਆਂ ਦੇ ਪੜਨ ਲਈ ਖੋਲ੍ਹੀ ਜਾਵੇ।
ਇਸ ਮੌਕੇ ਕਾਲਜ਼ ਕਮੇਟੀ ਪ੍ਰਧਾਨ ਲਵਪ੍ਰੀਤ ਸਿੰਘ ਮਹਿਲਾ, ਕਮੇਟੀ ਮੈਂਬਰ ਗੁਰਜਿੰਦਰ ਸਿੰਘ ਲਾਡਬੰਜਾਰਾ ਕਲਾਂ, ਗੁਰਪ੍ਰੀਤ ਸਿੰਘ ਕਣਕਵਾਲ, ਹਰਮਨ ਨਮੋਲ, ਨਵੀ, ਸੰਦੀਪ ਕੁਮਾਰ ਬਾਂਸਲ, ਕਿੰਦਰਪਾਲ ਕੌਰ, ਜਸਲੀਨ ਕੌਰ ਆਦਿ ਵਿਦਿਆਰਥੀ ਹਾਜ਼ਰ ਸਨ ।

Related Articles

Leave a Comment