ਅੰਮ੍ਰਿਤਸਰ 26 ਅਗਸਤ ( ਰਣਜੀਤ ਸਿੰਘ ਮਸੌਣ) ਜਿਲ੍ਹੇ ਦੇ ਕਈ ਇਲਾਕਿਆਂ ਵਿੱਚ ਡੇਂਗੂ ਅਤੇ ਚਿਕਨਗੁਨੀਆ ਤੇਜ਼ੀ ਨਾਲ ਫੈਲ ਰਹੇ ਹਨ ਅਤੇ ਆਮ ਲੋਕਾਂ ਨੂੰ ਵੀ ਇਥੇ ਕਾਬੂ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਆਪਣੇ ਘਰ ਦੇ ਆਲ੍ਹੇ ਦੁਆਲੇ ਸਫ਼ਾਈ ਰੱਖਣੀ ਚਾਹੀਦੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਐਨ.ਜੀ.ਓ. ਫੁੱਲਕਾਰੀ ਵੱਲੋਂ ਛੇਹਰਟਾ ਦੇ ਇਲਾਕੇ ਹਰਗੋਬਿੰਦ ਐਵੀਨਿਊ ਅਤੇ ਹਰਕ੍ਰਿਸ਼ਨ ਨਗਰ ਵਿਖੇ ਆਡੋਮਾਸ ਦੀਆਂ 5000 ਤੋਂ ਵੱਧ ਟਿਊਬਸ ਪ੍ਰਾਪਤ ਕਰਨ ਸਮੇਂ ਕੀਤਾ। ਉਨਾਂ ਕਿਹਾ ਕਿ ਐਨ.ਜੀ.ਓ. ਫੁੱਲਕਾਰੀ ਦਾ ਇਹ ਉਪਰਾਲਾ ਬਹੁਤ ਹੀ ਪ੍ਰਸ਼ੰਸਾ ਯੋਗ ਹੈ। ਉਨਾਂ ਕਿਹਾ ਕਿ ਸਿਹਤ ਵਿਭਾਗ ਅਤੇ ਰੈੱਡ ਕਰਾਸ ਦੀ ਸਹਾਇਤਾ ਨਾਲ ਇਹ ਟਿਊਬਸ ਇਨ੍ਹਾਂ ਇਲਾਕਿਆਂ ਵਿੱਚ ਵੰਡੀਆਂ ਜਾਣਗੀਆਂ ਅਤੇ ਲੋਕਾਂ ਨੂੰ ਡੇਂਗੂ ਅਤੇ ਚਿਕਨਗੁਨੀਆਂ ਦੇ ਤਰੀਕੇ ਵੀ ਦੱਸਣ ਲਈ ਪੈਂਫਲੈਟਸ ਆਦਿ ਵੰਡੇ ਜਾਣਗੇ। ਉਨਾਂ ਜਿਲ੍ਹੇ ਦੀਆਂ ਹੋਰ ਐਨ.ਜੀ.ਓਜ਼ ਨੂੰ ਅਪੀਲ ਕੀਤੀ ਕਿ ਉਹ ਇਸ ਕੰਮ ਲਈ ਅੱਗੇ ਆਉਣ ਅਤੇ ਲੋੜਵੰਦਾਂ ਦੀ ਮੱਦਦ ਕਰਨ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰਾਜਿੰਦਰ ਪਾਲ ਕੌਰ ਨੇ ਦੱਸਿਆ ਕਿ ਇਹ ਮੱਛਰ ਸਾਫ਼ ਖੜ੍ਹੇ ਪਾਣੀ ਦੇ ਸੌਮਿਆਂ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਸਿਰਫ ਦਿਨ ਵੇਲੇ ਕੱਟਦਾ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਆਪਣੇ ਕੂਲਰ, ਗਮਲੇ, ਖਰਾਬ ਟਾਇਰ, ਟੁੱਟੇ ਬਰਤਨ, ਗਟਰ ਦੇ ਢੱਕਣ ਵਿਚ ਬਣੇ ਛੋਟੇ ਹੋਲ, ਪੰਛੀਆਂ ਲਈ ਰੱਖਿਆ ਪਾਣੀ ਨਾ ਖੜਾ ਰਹਿਣ ਦਈਏ ਤੇ ਕੂਲਰ ਆਦਿ ਦਾ ਪਾਣੀ ਵੀ ਹਰ 7 ਦਿਨਾਂ ਦੇ ਵਿਚ ਬਦਲੀਏ। ਇਸ ਨਾਲ ਡੇਂਗੂ, ਚਿਕਨਗੁਨੀਆ, ਮਲੇਰੀਆ ਆਦਿ ਤੋਂ ਬਚਾਅ ਹੋ ਸਕਦਾ ਹੈ। ਉਨਾਂ ਦੱਸਿਆ ਕਿ ਬੁਖਾਰ ਹੋਣ ਤੇ ਐਸਪਰੀਨ, ਬਰੂਫਿਨ ਨਾ ਲਵੋ ਸਿਰਫ ਪੈਰਾਸੀਟਾਮੋਲ ਹੀ ਲਵੋ ਅਤੇ ਵੱਧ ਤੋਂ ਵੱਧ ਪਾਣੀ ਜਾਂ ਤਰਲ ਚੀਜਾਂ ਜਿਆਦਾ ਪਿਓ ਅਤੇ ਆਰਾਮ ਕਰੋ, ਸੋਣ ਵੇਲੇ ਮੱਛਰਦਾਨੀ ਦੀ ਵਰਤੋਂ ਨੂੰ ਯਕੀਨੀ ਬਣਾਓ। ਉਨਾਂ ਕਿਹਾ ਕਿ ਇਨਾਂ ਛੋਟੀਆਂ ਛੋਟੀਆਂ ਚੀਜਾਂ ਦਾ ਧਿਆਨ ਰੱਖ ਕੇ ਅਸੀਂ ਇਸ ਬਿਮਾਰੀ ਤੋਂ ਬੱਚ ਸਕਦੇ ਹਾਂ। ਸਹਾਇਕ ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਹਰ ਇਲਾਕੇ ਵਿੱਚ ਜਾ ਕੇ ਫਾਗਿੰਗ ਕਰ ਰਹੀਆਂ ਹਨ।
ਇਸ ਮੌਕੇ ਜਿਲ੍ਹਾ ਸਮਾਜਿਕ ਤੇ ਸੁਰੱਖਿਆ ਅਫ਼ਸਰ ਸ: ਅਸੀਸਇੰਦਰ ਸਿੰਘ, ਜਿਲ੍ਹਾ ਮਲੇਰੀਆ ਅਫ਼ਸਰ ਡਾ. ਹਰਜੋਤ ਕੌਰ, ਗੁਰਦੇਵ ਸਿੰਘ ਢਿੱਲੋਂ, ਹਰਵਿੰਦਰ ਸਿੰਘ, ਹਰਕਮਲ, ਫੁੱਲਕਰੀ ਐਨ.ਜੀ.ਓ ਸੰਸਥਾ ਤੋਂ ਆਰਤੀ ਖੰਨਾ, ਸ੍ਰੀ ਅਮਾਨ ਬੱਬਰ, ਸ੍ਰੀ ਪਰਨੀਤ ਬੱਬਰ, ਪਾਇਲ ਮਹਿਰਾ, ਰਾਖੀ ਸੇਠ, ਟੀਨਾ ਅਗਰਵਾਲ, ਸ਼ੀਤਲ ਖੰਨਾ ਤੋਂ ਇਲਾਵਾ ਸਿਹਤ ਵਿਭਾਗ ਦੇ ਡਾਕਟਰ ਵੀ ਹਾਜ਼ਰ ਸਨ।
ਕੈਪਸ਼ਨ : ਐਨ.ਜੀ.ਓ. ਫੁੱਲਕਾਰੀ ਦੇ ਮੈਂਬਰ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੂੰ ਆਡੋਮਾਸ ਦੀਆਂ ਟਿਊਬਾਂ ਦਿੰਦੇ ਹੋਏ।