ਸੰਗਰੂਰ, 2 ਅਗਸਤ, 2023: ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਨੇ ਇੱਕ ਹੋਰ ਯੋਜਨਾ ਨੂੰ ਸਫ਼ਲਤਾ ਨਾਲ ਲਾਗੂ ਕਰਨ ਵਿੱਚ ਅਹਿਮ ਉਪਲਬਧੀ ਹਾਸਲ ਕੀਤੀ ਹੈ। ਸੂਬੇ ਨੂੰ ਓ.ਡੀ.ਐਫ਼ ਪਲੱਸ ਕਰਨ ਦੀ ਚੱਲ ਰਹੀ ਮੁਹਿੰਮ ਤਹਿਤ ਕੁਝ ਮਹੀਨੇ ਪਹਿਲਾਂ ਗਰੀਨ ਜ਼ੋਨ ਵਿੱਚ ਆ ਕੇ ਨਾਮਣਾ ਖੱਟਣ ਵਾਲਾ ਸੰਗਰੂਰ ਜ਼ਿਲ੍ਹਾ ਹੁਣ ਪੰਜਾਬ ਦਾ ਪਹਿਲਾ ਅਜਿਹਾ ਜ਼ਿਲ੍ਹਾ ਬਣ ਗਿਆ ਹੈ ਜਿਸ ਦੇ ਬਲਾਕ ਭਵਾਨੀਗੜ੍ਹ ਦੇ ਸੌ ਫੀਸਦੀ ਪਿੰਡ ਓ.ਡੀ.ਐਫ਼ ਪਲੱਸ ਐਸਪਾਈਰਿੰਗ ਘੋਸ਼ਿਤ ਕੀਤੇ ਗਏ ਹਨ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸਾਡੀਆਂ ਟੀਮਾਂ ਨਿਰੰਤਰ ਪਿੰਡਾਂ ਦੇ ਸਰਵਪੱਖੀ ਸੁਧਾਰ ਦੀ ਦਿਸ਼ਾ ਵਿੱਚ ਕਾਰਜਸ਼ੀਲ ਹੈ ਅਤੇ ਇਸ ਸਬੰਧ ਵਿੱਚ ਭਾਵੇਂ ਕੇਂਦਰ ਪ੍ਰਾਯੋਜਿਤ ਸਕੀਮਾਂ ਹੋਣ ਜਾਂ ਰਾਜ ਪ੍ਰਾਯੋਜਿਤ ਸਕੀਮਾਂ, ਸਾਡੇ ਮਿਹਨਤੀ ਅਧਿਕਾਰੀ ਤੇ ਕਰਮਚਾਰੀ ਲਗਾਤਾਰ ਸਾਰਥਕ ਕਦਮ ਪੁੱਟ ਰਹੇ ਹਨ। ਉਨ੍ਹਾਂ ਦੱਸਿਆ ਕਿ ਬਲਾਕ ਭਵਾਨੀਗੜ੍ਹ ਦੇ ਸਾਰੇ 66 ਪਿੰਡਾਂ ਵਿੱਚ ਤਰਲ ਕੂੜਾ ਪ੍ਰਬੰਧਨ ਦੇ ਪ੍ਰੋਜੈਕਟ ਮੁਕੰਮਲ ਹੋ ਚੁੱਕੇ ਹਨ ਜਿਸ ਨਾਲ ਇਹ ਦਰਜਾ ਹਾਸਲ ਹੋ ਸਕਿਆ ਹੈ।
ਉਹਨਾਂ ਕਿਹਾ ਕਿ ਸਵੱਛ ਭਾਰਤ ਅਭਿਆਨ ਗ੍ਰਾਮੀਣ ਤਹਿਤ ਪਿੰਡਾਂ ਵਿੱਚ ਤਰਲ ਕੂੜਾ ਪ੍ਰਬੰਧਨ ਜਾਂ ਠੋਸ ਕੂੜਾ ਪ੍ਰਬੰਧਨ ਦੇ ਪ੍ਰੋਜੈਕਟ ਪੰਚਾਇਤੀ ਰਾਜ ਵਿਭਾਗ ਵੱਲੋਂ ਅਮਲ ਵਿੱਚ ਲਿਆਂਦੇ ਜਾ ਰਹੇ ਹਨ ਅਤੇ ਭਵਾਨੀਗੜ੍ਹ ਬਲਾਕ ਦੇ ਸੌ ਫ਼ੀਸਦੀ ਪਿੰਡਾਂ ਨੇ ਇਸ ਯੋਜਨਾ ਨੂੰ ਭਰਵਾਂ ਹੁੰਗਾਰਾ ਦਿੱਤਾ ਜਿਸ ਤਹਿਤ ਇਹ ਪ੍ਰੋਜੈਕਟ ਇਥੇ ਮੁਕੰਮਲ ਹੋ ਸਕੇ ਹਨ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਅਪ੍ਰੈਲ ਦੌਰਾਨ ਜ਼ਿਲ੍ਹਾ ਸੰਗਰੂਰ ਨੂੰ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਵੱਲੋਂ ਓ ਡੀ ਐਫ ਪਲੱਸ ਤਹਿਤ ਹਰੇ ਜ਼ੋਨ ਵਿੱਚ ਸ਼ਾਮਲ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਵਿਭਾਗੀ ਟੀਮਾਂ ਨੂੰ ਹੋਰ ਵੀ ਉਤਸ਼ਾਹ ਨਾਲ ਇਸ ਮਿਸ਼ਨ ਦੇ ਅਗਲੇ ਪੜਾਅ ਨੂੰ ਪੂਰਾ ਕਰਨ ਲਈ ਯਤਨਸ਼ੀਲ ਰਹਿਣ ਦਾ ਸੱਦਾ ਦਿੱਤਾ ਸੀ।
ਬਲਾਕ ਭਵਾਨੀਗੜ੍ਹ ਦੇ ਓਡੀਐਫ ਪਲੱਸ ਐਸਪਾਈਰਿੰਗ ਘੋਸ਼ਿਤ ਕੀਤੇ ਜਾਣ ਤੇ ਡਿਪਟੀ ਕਮਿਸ਼ਨਰ ਨੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਜੀਤ ਵਾਲੀਆ ਦੀ ਅਗਵਾਈ ਹੇਠ ਕੰਮ ਕਰਨ ਵਾਲੇ ਐਕਸੀਅਨ ਪੰਚਾਇਤੀ ਰਾਜ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਸਮੇਤ ਇਸ ਟੀਚੇ ਦੀ ਪ੍ਰਾਪਤੀ ਲਈ ਸਰਗਰਮ ਭੂਮਿਕਾ ਨਿਭਾਉਣ ਵਾਲੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁਬਾਰਕਬਾਦ ਦਿੱਤੀ ਹੈ।