Home » ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ 26ਵਾਂ ਯਾਦਗਾਰੀ ਸਮਾਗਮ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ‘ਚ

ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ 26ਵਾਂ ਯਾਦਗਾਰੀ ਸਮਾਗਮ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ‘ਚ

ਮਨੀਪੁਰ ਔਰਤਾਂ ਨੂੰ ਹਜੂਮੀ ਭੀੜ ਤੰਤਰ ਵੱਲੋਂ ਨਿਰਵਸਤਰ ਕਰਕੇ ਘੁਮਾਉਣਾ ਅਤਿ ਸ਼ਰਮਨਾਕ: ਨਰਾਇਣ ਦੱਤ

by Rakha Prabh
10 views
ਮ‌ਹ‌ਿਲਕਲਾਂ, 23 ਜੁਲਾਈ, 2023: ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲਕਲਾਂ ਦੀ ਅਹਿਮ ਮੀਟਿੰਗ ਗੁਰਦਵਾਰਾ ਪਾਤਸ਼ਾਹੀ ਛੇਵੀਂ ਮਹਿਲਕਲਾਂ ਵਿਖੇ ਹੋਈ। ਮੀਟਿੰਗ ਵਿੱਚ ਹੋਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਐਕਸ਼ਨ ਕਮੇਟੀ ਦੇ ਬੁਲਾਰੇ ਅਤੇ ਕਾਰਜਕਾਰੀ ਕਨਵੀਨਰ ਨਰਾਇਣ ਦੱਤ ਨੇ ਦੱਸਿਆ ਕਿ ਸਮਾਜਿਕ ਜਬਰ ਦੀ ਅਗਵਾਈ ਕਰਨ ਵਾਲੀ ਟੀਮ ਇੱਕਜੁੱਟ ਹੈ ਅਤੇ 25 ਸਾਲ ਦੇ ਲੰਬੇ ਅਰਸੇ ਦੌਰਾਨ ਮਿਹਨਤਕਸ਼ ਲੋਕਾਈ ਇਸ ਲੋਕ ਘੋਲ ਦੀ ਢਾਲ ਅਤੇ ਤਲਵਾਰ ਬਣਕੇ ਚਟਾਨ ਵਾਂਗ ਖੜ੍ਹੀ ਹੈ। ਔਰਤਾਂ ਉੱਪਰ ਹਰ ਆਏ ਦਿਨ ਵਧ ਰਹੇ ਜਬਰ ਜੁਲਮ ਦੀ ਵੱਡੀ ਚੁਣੌਤੀ ਦਰਪੇਸ਼ ਹੈ। ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਪਹਿਲਵਾਨ ਖਿਡਾਰਨਾਂ ਅਤੇ ਹੁਣ ਮਨੀਪੁਰ ਦੋ ਔਰਤਾਂ ਨੂੰ ਨਿਰਵਸਤਰ ਕਰਕੇ ਹਜੂਮੀ ਭੀੜ ਵੱਲੋਂ ਸ਼ਰੇਆਮ ਘੁਮਾਉਣਾ ਮਨੂੰ ਸਿਮਰਤੀ ਸੋਚ ਵਿੱਚੋਂ ਪੈਦਾ ਹੋਈ ਔਰਤ ਵਿਰੋਧੀ ਮਾਨਸਿਕਤਾ ਦਾ ਜੱਗ ਜਾਹਰਾ ਸਬੂਤ ਹੈ। ਔਰਤਾਂ ਉੱਤੇ ਜੁਲਮਾਂ ਦੀ ਮੁਕੰਮਲ ਮੁਕਤੀ ਦਾ ਕਾਰਜ ਇਸ ਲੁਟੇਰੇ ਤੇ ਜਾਬਰ ਢਾਂਚੇ ਦੀ ਤਬਦੀਲੀ ਨਾਲ ਜੁੜਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਸ਼ਹੀਦ ਕਿਰਨਜੀਤ ਕੌਰ ਦਾ 26 ਵਾਂ ਸਮਾਗਮ ਔਰਤਾਂ ਉੱਪਰ ਹੁੰਦੇ ਜੁਲਮਾਂ ਦੀ ਅਸਲ ਜੜ੍ਹ ਇਸ ਲੁਟੇਰੇ ਜਾਬਰ ਪ੍ਰਬੰਧ ਨੂੰ ਸਮਝਦਿਆਂ “ਯਾਦਗਾਰੀ ਸਮਾਗਮ” ਦੇ ਰੂਪ ਚ ਦਾਣਾ ਮੰਡੀ ਮਹਿਲਕਲਾਂ ਵਿਖੇ ਮਨਾਇਆ ਜਾਵੇਗਾ। ਲੋਕ ਤਾਕਤ ਦਾ ਉੱਸਰਿਆ ਇਹ ਜਥੇਬੰਦਕ ਕਿਲ੍ਹਾ ਵਿਗਿਆਨਕ ਰੋਸ਼ਨੀ ਦਾ ਚਿਰਾਗ ਵੰਡਦਾ ਰਹੇਗਾ। ਇਸ ਵਾਰ 12 ਅਗਸਤ ਦੇ ਯਾਦਗਾਰੀ ਸਮਾਗਮ ਦੀਆਂ ਮੁੱਖ ਵਕਤਾਵਾਂ ਜਾਣੀਆਂ ਪਛਾਣੀਆਂ ਸਖਸ਼ੀਅਤਾਂ “ਔਰਤ ਹੱਕਾਂ ਲਈ ਸੰਘਰਸ਼ਸ਼ੀਲ ਵਿਦਵਾਨ ਡਾ ਨਵਸ਼ਰਨ” ਅਤੇ “ਪਿੰਜਰਾ ਤੋੜੂ ਮੁਹਿੰਮ ਦੀ ਆਗੂ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਨਤਾਸ਼ਾ ਨਰਵਾਲ” ਹੋਣਗੀਆਂ।
ਮ‌ੀਟਿੰਗ ਵਿੱਚ ਮਨਜੀਤ ਧਨੇਰ, ਮਲਕੀਤ ਸਿੰਘ ਵਜੀਦਕੇ, ਅਮਰਜੀਤ ਕੁੱਕੂ, ਗੁਰਮੀਤ ਸੁਖਪੁਰ, ਜਰਨੈਲ ਸਿੰਘ ਚੰਨਣਵਾਲ ਆਦਿ ਆਗੂ ਸ਼ਾਮਿਲ ਹੋਏ। ਐਕਸ਼ਨ ਕਮੇਟੀ ਦੇ ਮਰਹੂਮ ਕਨਵੀਨਰ ਭਗਵੰਤ ਸਿੰਘ ਮਹਿਲਕਲਾਂ ਦੀ ਜੀਵਨ ਸਾਥਣ ਭੈਣ ਪ੍ਰੈਮਪਾਲ ਕੌਰ ਨੂੰ ਯਾਦਗਾਰੀ ਕਮੇਟੀ ਦੇ ਕਾਰਜਕਾਰੀ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ। ਯਾਦਗਾਰੀ ਕਮੇਟੀ ਵੱਲੋਂ ਜਨਤਕ ਜਥੇਬੰਦੀਆਂ ਦੀ ਵਧਵੀਂ ਮੀਟਿੰਗ 29 ਜੁਲਾਈ ਨੂੰ ਬਾਅਦ ਦੁਪਿਹਰ 2.30 ਵਜੇ ਦਾਣਾ ਮੰਡੀ ਮਹਿਲਕਲਾਂ ਵਿਖੇ ਬਲਾਉਣ ਅਤੇ ਉਸੇ ਦਿਨ ਹੀ ਯਾਦਗਾਰੀ ਸਮਾਗਮ ਦਾ ਰੰਗਦਾਰ ਪੋਸਟਰ ਜਾਰੀ ਕਰਨ ਦਾ ਫੈਸਲਾ ਕੀਤਾ ਜਾਵੇਗਾ।

Related Articles

Leave a Comment