Home » ਸਹਾਇਕ ਕਿੱਤਿਆਂ ਨੂੰ ਅਪਣਾ ਕੇ ਆਪਣੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨ ਕਿਸਾਨ: ਜਸਪਿੰਦਰ ਸਿੰਘ

ਸਹਾਇਕ ਕਿੱਤਿਆਂ ਨੂੰ ਅਪਣਾ ਕੇ ਆਪਣੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨ ਕਿਸਾਨ: ਜਸਪਿੰਦਰ ਸਿੰਘ

ਸਹਾਇਕ ਕਮਿਸ਼ਨਰ ਵੱਲੋਂ ਚੱਠਾ ਨਨਹੇੜਾ ਵਿੱਚ ਅਗਾਂਹਵਧੂ ਸਬਜ਼ੀ ਉਤਪਾਦਕ ਅਤੇ ਗੱਗੜਪੁਰ ਵਿਖੇ ਮਾਡਲ ਫਾਰਮਿੰਗ ਦਾ ਜਾਇਜ਼ਾ

by Rakha Prabh
60 views
ਸੰਗਰੂਰ, 3 ਜੂਨ, 2023: ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਹਾਇਕ ਕਮਿਸ਼ਨਰ ਅੰਡਰ ਟ੍ਰੇਨਿੰਗ ਜਸਪਿੰਦਰ ਸਿੰਘ ਵੱਲੋਂ ਸੰਗਰੂਰ ਦੇ ਵੱਖ ਵੱਖ ਅਗਾਂਹਵਧੂ ਕਿਸਾਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਵੱਲੋਂ ਖੇਤੀ ਦੇ ਨਾਲ ਨਾਲ ਸਹਾਇਕ ਕਿੱਤਿਆਂ ਨੂੰ ਅਪਣਾ ਕੇ ਆਪਣੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨ ਲਈ ਕੀਤੇ ਗਏ ਉਪਰਾਲਿਆਂ ਦਾ ਜਾਇਜ਼ਾ ਲਿਆ।
ਆਈ ਏ ਐਸ ਅਧਿਕਾਰੀ ਜਸਪਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਆਪਣੀ ਮਿਹਨਤ ਤੇ ਦ੍ਰਿੜ੍ਹ ਇਰਾਦਿਆਂ ਨਾਲ ਅਸੰਭਵ ਨੂੰ ਸੰਭਵ ਕਰ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਤੇ ਪਿੰਡਾਂ ਵਿੱਚ ਲਗਾਏ ਜਾਣ ਵਾਲੇ ਸਿਖਲਾਈ ਕੈਂਪਾਂ ਅਤੇ ਸਹਾਇਕ ਕਿੱਤਿਆਂ ਦੀ ਪ੍ਰਫੁੱਲਤਾ ਲਈ ਦਿੱਤੀ ਜਾਂਦੀ ਸਬਸਿਡੀ ਦੇ ਸਦਕਾ ਡੇਅਰੀ ਫਾਰਮਿੰਗ, ਇੰਟੀਗਰੇਟਡ ਫਾਰਮਿੰਗ, ਮਾਡਲ ਫਾਰਮਿੰਗ ਆਦਿ ਨੂੰ ਭਰਪੂਰ ਹੁੰਗਾਰਾ ਮਿਲਿਆ ਹੈ ਅਤੇ ਨਤੀਜੇ ਵਜੋਂ ਸਹਾਇਕ ਧੰਦੇ ਕਾਫੀ ਵਿਕਸਤ ਹੋਏ ਹਨ।
ਆਪਣੇ ਦੌਰੇ ਦੌਰਾਨ ਸਹਾਇਕ ਕਮਿਸ਼ਨਰ ਜਸਪਿੰਦਰ ਸਿੰਘ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਦੇ ਇੰਚਾਰਜ ਮਨਦੀਪ ਸਿੰਘ ਸਮੇਤ ਪਿੰਡ ਚੱਠਾ ਨਨਹੇੜਾ ਵਿਖੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਅਗਾਂਹਵਧੂ ਕਿਸਾਨ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਸਬਜ਼ੀਆਂ ਦੀ ਪੈਦਾਵਾਰ ਲਈ ਪ੍ਰੇਰਿਆ। ਜਸਪਿੰਦਰ ਸਿੰਘ ਵੱਲੋਂ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਸਮੇਤ ਪਿੰਡ ਗੱਗੜਪੁਰ ਦੇ ਅਗਾਂਹਵਧੂ ਕਿਸਾਨ ਦੇ ਇੰਟੀਗਰੇਟਡ ਫਾਰਮ ਦਾ ਦੌਰਾ ਕੀਤਾ ਗਿਆ ਜਿਥੇ ਮੱਛੀ ਪਾਲਣ ਦੇ ਨਾਲ ਹੀ ਮੁਰਗੀ ਤੇ ਬੱਕਰੀ ਪਾਲਣ ਰਾਹੀਂ ਆਪਣੀ ਆਮਦਨੀ ਵਿੱਚ ਵਾਧਾ ਕੀਤਾ ਜਾ ਰਿਹਾ ਹੈ।
ਜਸਪਿੰਦਰ ਸਿੰਘ ਨੇ ਕਿਹਾ ਕਿ ਸਬੰਧਤ ਸਰਕਾਰੀ ਵਿਭਾਗਾਂ ਦੇ ਮਾਹਿਰ ਸਹਾਇਕ ਕਿੱਤਿਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਸਰਗਰਮ ਹਨ ਇਸ ਲਈ ਕੋਈ ਵੀ ਕਿਸਾਨ ਜਾਂ ਬੇਰੋਜ਼ਗਾਰ ਸਹਾਇਕ ਕਿੱਤਿਆਂ ਨੂੰ ਅਪਣਾ ਕੇ ਆਪਣੇ ਵਿੱਤੀ ਹਲਾਤਾਂ ਨੂੰ ਮਜ਼ਬੂਤ ਕਰ ਸਕਦਾ ਹੈ

Related Articles

Leave a Comment