Home » ਇਹ ਸਾਡਾ ਪੰਜਾਬ ਹੈ

ਇਹ ਸਾਡਾ ਪੰਜਾਬ ਹੈ

by Rakha Prabh
21 views
ਪੰਜਾਬ ਨੂੰ ਉੜਤਾ ਪੰਜਾਬ ਵਿਖਾਉਣ ਵਾਲਿਆਂ ਲਈ ਇਹ ਤਸਵੀਰਾਂ ਸ਼ਾਇਦ ਕੰਨਾ ‘ਤੇ ਜੜਿਆ ਥੱਪੜ ਸਿੱਧ ਹੋਣਗੀਆ ਤੇ ਉਨਾਂ ਦੇ ਕੰਨ ਗੂੰਜਣਗੇ ਕਿ ਇਹ ਉੜਤਾ ਪੰਜਾਬ ਨਹੀਂ ਸਗੋਂ ਚੜ੍ਹਦੀਕਲਾਂ ਵਾਲਾ ਪੰਜਾਬ ਹੈ। ਉਹ ਪੰਜਾਬ ਜਿਹੜਾ ਬਾਕੀ ਸੂਬਿਆਂ ਤੇ ਸੱਤ ਸਮੁੰਦਰੋ ਪਾਰ ਤੱਕ ਆਈਆਂ ਆਫਤਾਂ ਵੇਲੇ ਭਾਈ ਘਨੱਈਆ ਜੀ ਦੀ ਪਾਈ ਪਿਰਤ ‘ਤੇ ਪਹਿਰਾ ਦੇ ਕੇ ਮਾਨਵਤਾ ਦੀ ਸੇਵਾ ਲਈ ਜੁਟ ਜਾਂਦਾ ਹੈ, ਭਲਾ ਆਪਣੇ ਪੰਜਾਬੀਆ ‘ਤੇ ਪਈ ਭੀੜ ਵੇਲੇ ਕਿੱਥੇ ਦੜ ਵੱਟ ਸਕਦਾ ਸੀ— ਵੱਡੀ ਤ੍ਰਾਸਦੀ ‘ਚ ਪੰਜਾਬ ਦੀ ਨੌਜ਼ਵਾਨੀ ਦਰਿਆਵਾਂ ਨੂੰ ਬੰਨ ਮਾਰਦੀ ਨਜ਼ਰ ਆਈ—ਸਰਕਾਰਾਂ ਦੇ ਅਮਲੇ ਫੈਲੇ ਦੀ ਬਿਨਾਂ ਉਡੀਕ ਕੀਤਿਆਂ ਮੀਲੋ-ਮੀਲ ਹੜ੍ਹ ਵਾਲੇ ਪਾਣੀਆਂ ‘ਚ ਪੀੜਤਾਂ ਨੂੰ ਘਰਾਂ ‘ਚੋਂ ਸੁਰੱਖਿਅਤ ਬਾਹਰ ਕੱਢਣ ਤੋਂ ਲੈ ਕੇ ਉਨਾਂ ਪੀੜਤ ਪਰਿਵਾਰਾਂ ਨੂੰ ਲੰਗਰ ਛਕਾਉਣ ਤੋਂ ਇਲਾਵਾਂ ਬੇਜ਼ੁਬਾਨ ਜਾਨਵਰਾਂ ਨੂੰ ਆਸਰਾ ਦੇਣ ਵਾਲੀਆਂ ਤਸਵੀਰਾਂ ਤੇ ਵੀਡੀਓਜ਼ ਪੰਜਾਬ ਦੀ ਚੜ੍ਹਦੀਕਲਾਂ ਦੀ ਗਵਾਹੀ ਭਰਦੀਆਂ ਹਨ— ਬਾਬਾ ਨਾਨਕ ਜੀ ਦਾ ਫ਼ਲਸਫ਼ਾ ਪੰਜਾਬ ਵਾਸੀਆਂ ਦੀਆਂ ਰਗਾਂ ‘ਚ ਹੈ — ਪੰਜਾਬੀਆਂ ਨੇ ਇਹ ਵੀ ਸਿੱਧ ਕੀਤਾ ਹੈ ਕਿ ਜੇ ਪੰਜਾਬ ਦੀ ਜਵਾਨੀ ਨੂੰ ਨਸ਼ੇ ਨਾਲ ਢਾਹ ਲਾਉਣ ਦੀਆਂ ਕਿਸੇ ਨੇ ਵੀ ਕੋਝੀਆਂ ਚਾਲਾਂ ਚੱਲੀਆਂ ਹਨ ਤਾਂ ਉਸ ਨਾਲ ਸਾਰਾ ਪੰਜਾਬ ਹੀ ਉੜਤਾ ਪੰਜਾਬ ਨਹੀਂ ਹੋਇਆ ਸਗੋਂ ਪੰਜਾਬ ਦੀ ਨੌਜ਼ਵਾਨੀ ਨੇ ਦੂਸਰਿਆਂ ਸੂਬਿਆਂ ਤੋਂ ਲੈ ਕੇ ਸੰਸਾਰ ਦੇ ਕੋਨੇ-ਕੋਨੇ ਤੱਕ ਆਵਾਜ਼ ਪਹੁੰਚਾਈ ਹੈ ਕਿ ਖਾਲਸਾ ਰਾਜ ਵਾਂਗ ਮਾਨਵਤਾਂ ਦਾ ਦਰਦ ਪੰਜਾਬੀਆਂ ਦੀਆਂ ਰਗਾਂ ‘ਚ ਅਜੇ ਵੀ ਪੂਰੀ ਤਰਾਂ ਮੌਜ਼ੂਦ ਹੈ— ਪੰਜਾਬ ਦੀ ਨੌਜ਼ਵਾਨੀ ਲੀਡਰਾਂ ਵਾਂਗ ਚਿੱਟੇ ਕੁੜਤੇ ਪਜ਼ਾਮੇ ਤੇ ਖਾਸ ਰੰਗ ਦੀਆਂ ਪੋਚਵੀਆਂ ਪੱਗਾਂ ਬੰਨ ਕੇ ਲੋਕ ਸੇਵਾ ‘ਚ ਨਹੀਂ ਨਿੱਤਰੀ ਸਗੋਂ ਸਿਰਾਂ ਤੇ ਸਾਫ਼ੇ, ਪਰਨੇ ਤੇ ਆਮ ਪਹਿਰਾਵੇਂ ਨਾਲ ਹੀ ਹੜਾਂ ਦੇ ਪਾਣੀਆ ‘ਚ ਫ਼ਸੇ ਲੋਕਾਂ ਤੱਕ ਪਹੁੰਚੇ ਹਨ—ਪੰਜਾਬ ਦੇ ਉਹ ਲੋਕ ਵੀ ਆਪਣਿਆਂ ਲਈ ਬਾਹਵਾਂ ਉਲਾਰਦੇ ਦਿਸੇ ਜਿੰਨਾਂ ਦੇ ਆਪਣੇ ਖੇਤ, ਘਰ ਹੜ੍ਹ ਨੇ ਤਬਾਹ ਕੀਤੇ ਹਨ —ਇੱਕ ਦੂਸਰੇ ਦਾ ਆਸਰਾ ਬਣਨ ਦੀ ਚਾਹਤ, ਆਪਣਿਆਂ ਨੂੰ ਬਚਾਉਣ ਦਾ ਜਨੂੰਨ ਸ਼ਾਇਦ ਪੰਜਾਬ ਨੇ ਆਪਣੇ ਵਾਰਿਸਾਂ ਦੇ ਹੱਡੀਂ ਰਚਾ ਦਿੱਤਾ ਹੈ —- ਸਰਕਾਰਾਂ ਆਪਣੇ ਬਣਦੇ ਫ਼ਰਜ਼ ਨਿਭਾਉਣ ਵਿੱਚ ਕਿੰਨਾ ਸਫ਼ਲ ਹੁੰਦੀਆਂ ਹਨ, ਉਹ ਬਾਅਦ ਦੀ ਗੱਲ ਹੈ ਪਰ ਆਪਣੇ ਦਮ ‘ਤੇ ਆਪਣਿਆ ਲਈ ਜੂਝ ਰਹੇ ਸ਼ਹੀਦਾਂ ਦਿਆਂ ਵਾਰਿਸਾਂ ਨੂੰ ਗੁਰੂਆਂ ਦੇ ਲਾਡਲਿਆਂ ਨੂੰ ਧੁਰ ਅੰਦਰੋਂ ਨਤਮਸਤਕ ਹਾਂ—- ਪੰਜਾਬ ਜਿੰਦਾਬਾਦ— ਪੰਜਾਬੀਅਤ ਜਿੰਦਾਬਾਦ।

Related Articles

Leave a Comment