ਸਰਦੂਲਗੜ੍ਹ, 9 ਜੁਲਾਈ (ਕੁਲਵਿੰਦਰ ਕੜਵਲ)
ਹਾਲ ਹੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਦੂਲਗੜ੍ਹ ਦੇ ਨੇਮ ਚੰਦ ਚੌਧਰੀ ਨੂੰ ਪੀ.ਐਸ.ਟੀ.ਸੀ.ਐਲ. ਪੰਜਾਬ ਦਾ ਡਾਇਰੈਕਟਰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਆਪਣੀ ਨਿਯੁਕਤੀ ‘ਤੇ ਚੌਧਰੀ ਨੇ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ। ਅੱਜ ਆਪਣੇ ਨਿਵਾਸ ਸਥਾਨ ‘ਤੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਨੇਮ ਚੰਦ ਚੌਧਰੀ ਨੇ ਦੱਸਿਆ ਕਿ ਪੀ.ਐਸ.ਟੀ.ਸੀ.ਐਲ. ਪੰਜਾਬ ਦੇ ਡਾਇਰੈਕਟਰ ਦੇ ਅਹੁਦੇ ‘ਤੇ ਉਨ੍ਹਾਂ ਦੀ ਨਿਯੁਕਤੀ ਦੇ ਐਲਾਨ ਅਨੁਸਾਰ ਉਹ 12 ਜੁਲਾਈ 2023 ਦਿਨ ਬੁੱਧਵਾਰ ਨੂੰ ਪਟਿਆਲਾ ਵਿਖੇ ਆਪਣਾ ਅਹੁਦਾ ਸੰਭਾਲਣਗੇ। ਇਸ ਮੌਕੇ ਪੰਜਾਬ ਦੇ ਮੰਤਰੀ ਅਤੇ ਉੱਚ ਅਧਿਕਾਰੀ ਵੀ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੇਰੇ ਤੇ ਵਿਸ਼ਵਾਸ਼ ਜਤਾਉਂਦੇ ਹੋਏ ਜੋ ਜਿੰਮੇਵਾਰੀ ਸੌਂਪੀ ਹੈ, ਉਸਨੂੰ ਮੇਂ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਹਮੇਸ਼ਾ ਲੋਕਾਂ ਦੀ ਭਲਾਈ ਲਈ ਕੰਮ ਕਰਾਂਗਾ। ਨੇਮ ਚੰਦ ਚੌਧਰੀ ਨੇ ਸ਼ੋਸ਼ਲ ਮੀਡੀਆ ਰਾਹੀਂ ਇੱਕ ਪੋਸਟ ਪਾ ਕੇ ਆਪਣੇ ਇਲਾਕੇ ਦੇ ਲੋਕਾਂ ਨੂੰ ਅਹੁਦਾ ਸੰਭਲਣ ਦੇ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਨਿੱਘਾ ਸੱਦਾ ਦਿੱਤਾ ਹੈ। ਨੇਮ ਚੰਦ ਚੌਧਰੀ ਦੀ ਇਸ ਨਿਯੁਕਤੀ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ।