Home » ਤਰਕਸ਼ੀਲਾਂ ਨੇ ਮੀਟਿੰਗ ਵਿੱਚ ਚੇਤਨਾ ਪਰਖ਼ ਪ੍ਰੀਖਿਆ ਬਾਰੇ ਵਿਚਾਰਿਆ

ਤਰਕਸ਼ੀਲਾਂ ਨੇ ਮੀਟਿੰਗ ਵਿੱਚ ਚੇਤਨਾ ਪਰਖ਼ ਪ੍ਰੀਖਿਆ ਬਾਰੇ ਵਿਚਾਰਿਆ

ਯੂਨੀਫ਼ਾਰਮ ਸਿਵਲ ਕੋਡ ਬਾਰੇ ਵਿਚਾਰ ਚਰਚਾ ਕੀਤੀ ਗਈ

by Rakha Prabh
58 views

ਤਰਕਸ਼ੀਲ ਮੈਗਜੀਨ ਦਾ ਨਵਾਂ ਅੰਕ ਲੋਕ ਅਰਪਣ ਕੀਤਾ

ਸੰਗਰੂਰ/ਬਰਨਾਲਾ, 3 ਜੁਲਾਈ, 2023: ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਬਰਨਾਲਾ-ਸੰਗਰੂਰ ਦੀ ਮੀਟਿੰਗ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਦੀ ਪ੍ਰਧਾਨਗੀ ਹੇਠ ਸਾਹਿਤ ਵਿਭਾਗ ਦੇ ਸੂਬਾ ਮੁਖੀ ਹੇਮ ਰਾਜ ਸਟੈਨੋ ਦੀ ਨਿਗਰਾਨੀ ਵਿੱਚ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਸੂਬਾ ਜਥੇਬੰਦਕ ਮੁਖੀ ਰਾਜਿੰਦਰ ਭਦੌੜ ਤੇ ਸਾਹਿਤ ਵੈਨ ਦੇ ਸੂਬਾ ਮੁਖੀ ਗੁਰਪ੍ਰੀਤ ਸ਼ਹਿਣਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਮੀਟਿੰਗ ਵਿੱਚ ਸੁਸਾਇਟੀ ਵੱਲੌਂ ਪੰਜਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੀਆਂ ਤਿਆਰੀ ਬਾਰੇ ਚਰਚਾ ਹੋਈ। ਸਿਲੇਬਸ ਪੁਸਤਕ ਦੀ ਮੰਗ 10 ਜੁਲਾਈ ਤਕ ਭੇਜਣ ਤੇ ਵਾਧੂ ਕਿਤਾਬਾਂ ਦੀ ਰਿਪੋਰਟ 15 ਜੁਲਾਈ ਤਕ ਭੇਜਣ ਲਈ ਇਕਾਈ ਮੁਖੀਆਂ ਨੂੰ ਕਿਹਾ ਗਿਆ। ਇਸ ਪ੍ਰੀਖਿਆ ਸੰਬੰਧੀ ਸੁਸਇਟੀ ਵੱਲੋਂ ਤਿਆਰ ਕੀਤੀਆਂ ਸਲੇਬਸ ਦੀਆਂ ਕਿਤਾਬਾਂ ਪਹਿਲਾਂ ਹੀ ਚੋਣਵੇਂ ਸਕੂਲਾਂ ਵਿੱਚ ਵੰਡੀਆਂ ਜਾ ਚੁੱਕੀਆਂ ਹਨ। ਮੀਟਿੰਗ ਵਿੱਚ ਹਾਜ਼ਰ ਇਕਾਈਆਂ ਦੇ ਮੁਖੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਪ੍ਰੀਖਿਆ ਲਈ ਵਿਦਿਆਰਥੀਆਂ ਵਿਚ ਬਹੁਤ ਉਤਸ਼ਾਹ ਹੈ। ਜੋਨ ਵਿੱਚ ਤਰਕਸ਼ੀਲ ਸਾਹਿਤ ਵੈਨ ਜੁਲਾਈ ਮਹੀਨੇ ਚਲਾਉਣ ਦਾ ਫੈਸਲਾ ਹੋਇਆ। ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਇਕਾਈ ਦੀ ਮੀਟਿੰਗਾਂ ਵਿੱਚ ਨਿਗਰਾਨ ਦੇ ਤੌਰ ਜੋਨ ਨੁਮਾਇੰਦੇ ਹਾਜ਼ਰ ਹੋਇਆ ਕਰਨਗੇ ਇਸ ਲਈ ਇਕਾਈ ਆਪਣੀ ਮੀਟਿੰਗ ਬਾਰੇ ਜ਼ੋਨ ਨੂੰ ਸੂਚਿਤ ਕਰਨਗੀਆਂ ਤੇ ਮੀਟਿੰਗਾਂ ਵਿੱਚ ਲਗਾਤਾਰਤਾ ਰੱਖਣਗੀਆਂ। ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਯੂਨੀਫ਼ਾਰਮ ਸਿਵਲ ਕੋਡ ਬਾਰੇ ਡੂੰਘੀ ਵਿਚਾਰ ਚਰਚਾ ਕੀਤੀ ਗਈ।
ਸੂਬਾ ਆਗੂ ਹੇਮਰਾਜ ਸਟੈਨੋ ਨੇ ਇਸ ਬਾਰੇ ਬੋਲਦਿਆਂ ਕਿਹਾ ਕਿ ਇਹ ਬਿਲ ਦੇਸ ਦੀ ਏਕਤਾ ਲਈ ਖਤਰਨਾਕ ਸਿੱਧ ਹੋਵੇਗਾ। ਇਹ ਭਾਰਤ ਅੰਦਰ ਵਸਦੇ ਵੱਖ ਵੱਖ ਧਰਮਾਂ ਨੂੰ ਮੰਨਣ ਜਾਂ ਨਾ ਮੰਨਣ ਵਾਲੀਆਂ ਘਟ ਗਿਣਤੀਆਂ ਨੂੰ ਦਬਾਉਣ ਦਾ ਇੱਕ ਸਾਧਨ ਬਣੇਗਾ। ਭਾਰਤ ਦੀ ਅਨੇਕਤਾ ਵਿੱਚ ਏਕਤਾ ਹੈ ਇਹ ਵੱਖ ਵੱਖ ਰੰਗਾਂ ਦਾ ਦਿਲਖਿੱਚ ਗੁਲਦਸਤਾ ਹੈ। ਯੂਨੀਫ਼ਾਰਮ ਸਿਵਲ ਕੋਡ ਰੰਗ ਭੰਗ ਕਰੇਗਾ। ਉਨ੍ਹਾਂ ਸਾਂਝੇ ਸਿਵਲ ਕੋਡ ਬਿਲ ਪ੍ਰਤੀ ਸਰਕਾਰ ਦੀ ਮਨਸ਼ਾ ਤੇ ਸ਼ੱਕ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਦੇਸ਼ ਵਿੱਚ ਵੱਖ ਵੱਖ ਕੌਮਾਂ ਦੀ ਵਿਭਿੰਨਤਾ ਖਤਮ ਕਰਕੇ ਉਹਨਾਂ ਦਾ ਭਗਵਾਂਕਰਣ ਕਰਨਾ ਚਾਹੁੰਦੀ ਹੈ ਅਤੇ ਇਸ ਨੂੰ ਚੋਣਾਂ ਦਾ ਏਜੰਡਾ ਬਣਾ ਕੇ ਘੱਟ ਗਿਣਤੀਆਂ ਵਿਰੁੱਧ ਵਰਤਣਾ ਚਾਹੁੰਦੀ ਹੈ। ਇਸ ਸਮੇਂ ਸਰਕਾਰਾਂ ਵੱਲੋਂ ਧਰਮ ਅਧਾਰਤ ਰਾਜਨੀਤੀ ਕਰਨ ਦੀ ਕਾਰਗੁਜ਼ਾਰੀ ਦੀ ਵੀ ਨਿਖੇਧੀ ਕੀਤੀ ਗਈ।
ਤਰਕਸ਼ੀਲ ਸੁਸਾਇਟੀ ਵੱਲੋ ਸਰਕਾਰ ਨੂੰ ਦਿੱਤੇ ਖਰੜੇ ਤੇ ਅਧਾਰਿਤ ਪੰਜਾਬ ਵਿੱਚ ਅੰਧਵਿਸ਼ਵਾਸ ਰੋਕੂ ਕਾਨੂੰਨ ਬਣਾਉਣ ਦੀ ਵੀ ਮੰਗ ਉਠਾਈ। ਵਿੱਦਿਅਕ ਸਲੇਬਸ ਵਿੱਚੋਂ ਡਾਰਵਿਨ ਦੇ ਜੀਵ ਵਿਕਾਸ ਦਾ ਚੈਪਟਰ ਹਟਾਉਣ ਨੂੰ ਵੀ ਅੰਧਵਿਸ਼ਵਾਸ਼ ਫੈਲਾਉਣ ਦੇ ਤੁਲ ਕਰਾਰ ਦਿੱਤਾ। ਹਾਜ਼ਰ ਤਰਕਸ਼ੀਲ ਆਗੂਆਂ ਇਸ ਦੀ ਪਰੋੜਤਾ ਕੀਤੀ। ਇਸ ਸਮੇ ਤਰਕਸ਼ੀਲ ਮੈਗਜ਼ੀਨ ਦਾ ਜੁਲਾਈ-ਅਗਸਤ ਅੰਕ ਰਿਲੀਜ ਕਰਕੇ ਲੋਕ ਅਰਪਣ ਕੀਤਾ ਗਿਆ ਤੇ ਇਸ ਦੀ ਵੰਡ ਕੀਤੀ ਗਈ।
ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਜੋਨ ਆਗੂ ਸੋਹਣ ਸਿੰਘ ਮਾਝੀ, ਨਾਇਬ ਸਿੰਘ ਦਿੜ੍ਹਬਾ, ਇਕਾਈ ਆਗੂ ਅਵਤਾਰ ਸਿੰਘ ਬਰਨਾਲਾ, ਕੁਲਦੀਪ ਨੈਨੇਵਾਲ, ਭੀਮ ਰਾਜ ਛਾਜਲੀ, ਸੁਰਿੰਦਰ ਪਾਲ ਸੰਗਰੂਰ, ਗੁਰਦੀਪ ਸਿੰਘ ਲਹਿਰਾ, ਜਨਮੇਧ ਸਿੰਘ ਬਖੋਰਾ (ਲਹਿਰਾ) ਆਦਿ ਆਗੂ ਹਾਜ਼ਰ ਸਨ।

Related Articles

Leave a Comment